ਜੈਪੁਰ – ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਦਿਨ-ਦਿਹਾੜੇ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦਾ ਕਤਲ ਕਰ ਦੇਣ ਦੇ ਮਾਮਲੇ ’ਚ ਡੂੰਘਾਈ ਨਾਲ ਜਾਂਚ ਲਈ ਵਿਸ਼ੇਸ਼ ਜਾਂਚ ਦਲ (ਛ9‘‘) ਗਠਿਤ ਕੀਤੀ ਗਈ ਹੈ। ਪੁਲਸ ਦੇ ਡਾਇਰੈਕਟਰ ਜਨਰਲ ਉਮੇਸ਼ ਮਿਸ਼ਰਾ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਅੱਜ ਵਧੀਕ ਪੁਲਸ ਡਾਇਰੈਕਟਰ ਜਨਰਲ (ਅਪਰਾਧ) ਦਿਨੇਸ਼ ਐਨ.ਐਮ ਦੀ ਨਿਗਰਾਨੀ ਹੇਠ ਇਕ ਛ9‘‘ ਦਾ ਗਠਨ ਕੀਤਾ ਹੈ। ਮਿਸ਼ਰਾ ਨੇ ਦੱਸਿਆ ਕਿ ਗੋਗਾਮੇੜੀ ਕਤਲਕਾਂਡ ਦੇ ਦੋਹਾਂ ਦੋਸ਼ੀਆਂ ਦੀ ਪਛਾਣ ਹੋ ਗਈ ਹੈ। ਇਕ ਦੋਸ਼ੀ ਦਾ ਨਾਂ ਰੋਹਿਤ ਰਾਠੌੜ ਹੈ, ਜੋ ਕਿ ਬੀਕਾਨੇਰ ਦਾ ਰਹਿਣ ਵਾਲਾ ਹੈ। ਉੱਥੇ ਹੀ ਦੂਜੇ ਦਾ ਨਾਂ ਨਿਤਿਨ ਫ਼ੌਜੀ ਹੈ, ਉਹ ਹਰਿਆਣਾ ਦੇ ਮਹਿੰਦਰਗੜ੍ਹ ਦਾ ਰਹਿਣ ਵਾਲਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਜਪਾਲ ਕਲਰਾਜ ਮਿਸ਼ਰਾ ਨੇ ਇਸ ਕਤਲਕਾਂਡ ਮਗਰੋਂ ਪੈਦਾ ਹੋਈ ਸਥਿਤੀ ਦੇ ਚੱਲਦੇ ਪ੍ਰਦੇਸ਼ ਦੀ ਕਾਨੂੰਨ ਅਤੇ ਸ਼ਾਂਤੀ ਵਿਵਸਥਾ ਦੀ ਸਮੀਖਿਆ ਕੀਤੀ ਅਤੇ ਇਸ ਸੰਗਠਿਤ ਅਪਰਾਧ ਨਾਲ ਪੈਦਾ ਹੋਏ ਹਾਲਾਤ ’ਤੇ ਲਗਾਤਾਰ ਨਿਗਰਾਨੀ ਰੱਖਣ ਦੀ ਹਿਦਾਇਤ ਦਿੱਤੀ। ਮਿਸ਼ਰਾ ਨੇ ਵਿਸ਼ੇਸ਼ ਰੂਪ ਨਾਲ ਅਪਰਾਧੀਆਂ ਨੂੰ ਫੜੇ ਜਾਣ ਲਈ ਪੁਖ਼ਤਾ ਕਾਰਵਾਈ ਯਕੀਨੀ ਕਰਨ ਦੇ ਵੀ ਨਿਰਦੇਸ਼ ਦਿੱਤੇ। ਸਮੀਖਿਆ ਬੈਠਕ ’ਚ ਰਾਜਪਾਲ ਨੇ ਕਿਹਾ ਕਿ ਪ੍ਰਦੇਸ਼ ਵਿਚ ਕਾਨੂੰਨ ਅਤੇ ਸ਼ਾਂਤੀ ਵਿਵਸਥਾ ਕਿਸੇ ਵੀ ਪੱਧਰ ’ਤੇ ਨਾ ਵਿਗੜੇ, ਇਸ ਲਈ ਪੁਲਸ ਅਤੇ ਪ੍ਰਸ਼ਾਸਨ ਸਾਰੇ ਪੱਧਰਾਂ ’ਤੇ ਪ੍ਰਭਾਵੀ ਕਦਮ ਚੁੱਕਣ।