ਨਵੀਂ ਦਿੱਲੀ – ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਰਾਜਸਥਾਨ ਪੁਲਸ ਨਾਲ ਸਾਂਝੀ ਕਾਰਵਾਈ ਕਰਦਿਆਂ ਸੁਖਦੇਵ ਸਿੰਘ ਗੋਗਾਮੇੜੀ ਕਤਲਕਾਂਡ ਦੇ ਮੁੱਖ ਮੁਲਜ਼ਮ ਰੋਹਿਤ ਰਾਠੌੜ ਅਤੇ ਨਿਤਿਨ ਫ਼ੌਜੀ ਸਮੇਤ ਤਿੰਨ ਮੁਲਜ਼ਮਾਂ ਨੂੰ ਚੰਡੀਗੜ੍ਹ ਤੋਂ ਹਿਰਾਸਤ ਵਿਚ ਲਿਆ ਹੈ।
ਮੁਲਜ਼ਮਾਂ ਦੇ ਨਾਂ ਰੋਹਿਤ ਰਾਠੌਰ ਅਤੇ ਨਿਤਿਨ ਫ਼ੌਜੀ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਪੁਲਸ ਨੇ ਉਦੈ ਨਾਂ ਦੇ ਇਕ ਹੋਰ ਲੜਕੇ ਨੂੰ ਗਿ੍ਰਫ਼ਤਾਰ ਕੀਤਾ ਹੈ, ਜਿਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਟੀਮ ਸਾਰਿਆਂ ਨੂੰ ਜੈਪੁਰ ਲੈ ਕੇ ਜਾਵੇਗੀ। ਸੁਖਦੇਵ ਸਿੰਘ ਗੋਗਾਮੇੜੀ ਦੀ ਜੈਪੁਰ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਪੂਰੀ ਘਟਨਾ ਵਿਚ ਕੁੱਲ੍ਹ 17 ਗੋਲ਼ੀਆਂ ਚਲਾਈਆਂ ਗਈਆਂ।
ਇਸ ਤੋਂ ਪਹਿਲਾਂ ਕੱਲ੍ਹ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਕੇਸ ਵਿੱਚ ਹਰਿਆਣਾ ਤੋਂ ਪਹਿਲੀ ਗਿ੍ਰਫ਼ਤਾਰੀ ਹੋਈ ਸੀ। ਰਾਜਸਥਾਨ ਪੁਲਸ ਨੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਸਤਨਾਲੀ ਦੇ ਪਿੰਡ ਸੁਰੇਤੀ ਪਿਲਾਨੀਆ ਦੇ ਇਕ ਨੌਜਵਾਨ ਨੂੰ ਗਿ੍ਰਫ਼ਤਾਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਸੁਰਤੀ ਪਿਲਾਨੀਆ ਦੇ ਰਾਮਵੀਰ ਨੇ ਜੈਪੁਰ ’ਚ ਨਿਤਿਨ ਫ਼ੌਜੀ ਲਈ ਸਾਰੇ ਇੰਤਜ਼ਾਮ ਕੀਤੇ ਸਨ। ਨਿਤਿਨ ਫ਼ੌਜੀ ਅਤੇ ਰਾਮਵੀਰ ਦੋਵੇਂ ਦੋਸਤ ਹਨ ਅਤੇ ਉਹ ਪਹਿਲਾਂ ਵੀ ਨਿਤਿਨ ਫੌਜੀ ਦੀ ਮਦਦ ਕਰ ਚੁੱਕੇ ਹਨ।
ਸਕੂਲ ’ਚ ਇਕੱਠੇ ਪੜ੍ਹਦੇ ਸਨ ਨਿਤਿਨ ਫ਼ੌਜੀ ਅਤੇ ਰਾਮਵੀਰ
ਰਾਮਵੀਰ ਅਤੇ ਨਿਤਿਨ ਫ਼ੌਜੀ ਮਹਿੰਦਰਗੜ੍ਹ ਦੇ ਇਕ ਪ੍ਰਾਈਵੇਟ ਸਕੂਲ ਵਿਚ 12ਵੀਂ ਜਮਾਤ ਤੱਕ ਇਕੱਠੇ ਪੜ੍ਹੇ ਸਨ। ਜਦੋਂ ਕਿ ਨਿਤਿਨ ਫ਼ੌਜੀ ਸਾਲ 2019-20 ਵਿੱਚ 12ਵੀਂ ਪਾਸ ਕਰਕੇ ਫ਼ੌਜ ਵਿਚ ਭਰਤੀ ਹੋਇਆ ਸੀ। ਰਾਮਵੀਰ ਅੱਗੇ ਦੀ ਪੜ੍ਹਾਈ ਲਈ ਜੈਪੁਰ ਚਲਾ ਗਿਆ। ਇਸ ਸਾਲ ਅਪ੍ਰੈਲ ਵਿਚ ਉਹ ਜੈਪੁਰ ਵਿਚ ਐੱਮ.ਐੱਸ.ਸੀ. ਦੇ ਪੇਪਰ ਦੇਣ ਤੋਂ ਬਾਅਦ ਪਿੰਡ ਆਇਆ ਸੀ।