India

ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਅਸਤੀਫ਼ੇ ’ਤੇ ਅੜੀ ਵਿਰੋਧੀ ਧਿਰ

ਨਵੀਂ ਦਿੱਲੀ – ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਅਸਤੀਫ਼ੇ ਦੀ ਮੰਗ ਨੂੰ ਵਿਰੋਧੀ ਧਿਰ ਨੇ ਆਪਣਾ ਵੱਡਾ ਮੁੱਦਾ ਬਣਾ ਲਿਆ ਹੈ। ਲੋਕ ਸਭਾ ’ਚ ਲਗਾਤਾਰ ਤੀਜੇ ਦਿਨ ਭਾਰੀ ਹੰਗਾਮਾ ਹੋਇਆ ਤੇ ਸਦਨ ਦੀ ਕਾਰਵਾਈ ਠੱਪ ਹੋ ਗਈ। ਅਸਤੀਫ਼ੇ ਦੀ ਮੰਗ ’ਤੇ ਅੜੀ ਵਿਰੋਧੀ ਧਿਰ ਲਖੀਮਪੁਰ ਖੀਰੀ ਕਾਂਡ ’ਚ ਐੱਸਆਈਟੀ ਦੀ ਰਿਪੋਰਟ ਆਉਣ ਦੇ ਬਾਅਦ ਵੀ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ’ਚ ਬਣਾਏ ਰੱਖਣ ਦਾ ਸਖ਼ਤ ਵਿਰੋਧ ਕਰ ਰਹੀ ਹੈ। ਉੱਤਰ ਪ੍ਰਦੇਸ਼ ਚੋਣਾਂ ਦੀ ਵੱਧ ਰਹੀ ਗਰਮਾਹਟ ਵਿਚਾਲੇ ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ ਵਿਰੋਧੀ ਧਿਰ ਭਾਜਪਾ ਤੇ ਕੇਂਦਰ ਸਰਕਾਰ ਦੀ ਘੇਰਾਬੰਦੀ ਦਾ ਮੌਕਾ ਨਹੀਂ ਛੱਡਣਾ ਚਾਹ ਰਹੀ। ਇਸੇ ਲਈ ਤਿੰਨੋ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਬਾਅਦ ਵਿਰੋਧੀ ਪਾਰਟੀਆਂ ਗ੍ਰਹਿ ਰਾਜ ਮੰਤਰੀ ਦੇ ਅਸਤੀਫ਼ੇ ਦੀ ਮੰਗ ਤੋਂ ਵੀ ਪਿੱਛੇ ਨਹੀਂ ਹੱਟ ਰਹੀਆਂ। ਲੋਕ ਸਭਾ ਦੀ ਕਾਰਵਾਈ ਸ਼ੁੱਕਰਵਾਰ ਨੂੰ ਸ਼ੁਰੂ ਹੁੰਦੇ ਹੀ ਕਾਂਗਰਸ ਦੀ ਅਗਵਾਈ ’ਚ ਜ਼ਿਆਦਾਤਰ ਵਿਰੋਧੀ ਪਾਰਟੀਆਂ ਨੇ ਐੱਸਆਈਟੀ ਰਿਪੋਰਟ ਦੇ ਆਧਾਰ ’ਤੇ ਅਜੇ ਮਿਸ਼ਰਾ ਨੂੰ ਕਟਹਿਰੇ ’ਚ ਖੜ੍ਹਾ ਕਰਦੇ ਹੋਏ ਅਸਤੀਫ਼ੇ ਦੀ ਮੰਗ ਸ਼ੁਰੂ ਕਰ ਦਿੱਤੀ। ਪ੍ਰਸ਼ਨਕਾਲ ਦੌਰਾਨ ਵਿਰੋਧੀ ਮੈਂਬਰ ਵੈੱਲ ’ਚ ਪੋਸਟਰ ਤੇ ਬੈਨਰ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਅਸਤੀਫ਼ੇ ਦੀ ਮੰਗ ਕਰਨ ਲੱਗੇ।

ਸਪੀਕਰ ਓਮ ਬਿਰਲਾ ਨੇ ਵਿਰੋਧੀ ਮੈਂਬਰਾਂ ਨੂੰ ਪ੍ਰਸ਼ਨਕਾਲ ਚੱਲਣ ਦੇਣ ਦੀ ਅਪੀਲ ਕੀਤੀ, ਪਰ ਵਿਰੋਧੀ ਸੰਸਦ ਮੈਂਬਰ ਹਮਲਾਵਰ ਰੁਖ਼ ਅਪਣਾਏ ਹੋਏ ਸਨ। ਸਪੀਕਰ ਨੇ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਖ਼ਬਰਦਾਰ ਵੀ ਕੀਤਾ ਕਿ ਸਦਨ ਦੀ ਕਿਸੇ ਜਾਇਦਾਦ ਨੂੰ ਨੁਕਸਾਨ ਹੋਇਆ ਤਾਂ ਉਹ ਜ਼ਿੰਮੇਵਾਰ ਹੋਣਗੇ। ਪਰ ਹੰਗਾਮਾ ਰੁੱਕਦਾ ਨਾ ਦੇਖ ਸਪੀਕਰ ਨੇ ਲੋਕਸਭਾ ਨੂੰ ਦੋ ਵਜੇ ਤਕ ਲਈ ਮੁਲਤਵੀ ਕਰ ਦਿੱਤਾ। ਦੁਬਾਰਾ ਸਦਨ ਸ਼ੁਰੂ ਹੋਇਆ ਤਾਂ ਵੀ ਵਿਰੋਧੀ ਮੈਂਬਰਾਂ ਨੇ ਗ੍ਰਹਿ ਰਾਜ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਰੌਲਾ-ਰੱਪਾ ਜਾਰੀ ਰੱਖਿਆ। ਹੰਗਾਮੇ ਵਿਚਾਲੇ ਸਰਕਾਰ ਨੇ ਲੋਕਸਭਾ ’ਚ ਸਰੋਗੇਸੀ (ਕਿਰਾਏ ਦੀ ਕੁੱਖ) ਬਿੱਲ ਨੂੰ ਪਾਸ ਕਰਾ ਲਿਆ। ਰਾਜਸਭਾ ਨੇ ਇਸ ਬਿੱਲ ਨੂੰ ਮੌਜੂਦਾ ਸੈਸ਼ਨ ਦੌਰਾਨ ਪਹਿਲਾਂ ਹੀ ਪਾਸ ਕਰ ਦਿੱਤਾ ਹੈ। ਵਿਰੋਧੀ ਮੈਂਬਰਾਂ ਦੀ ਨਾਅਰੇਬਾਜ਼ੀ ਤੇ ਰੌਲੇ ਰੱਪੇ ਦੌਰਾਨ ਸਰਕਾਰ ਨੇ ਤਿੰਨ ਹੋਰ ਬਿੱਲ ਵੀ ਪੇਸ਼ ਕਰ ਦਿੱਤੇ। ਚੇਅਰਮੈਨ ਰਾਜੇਂਦਰ ਅਗਰਵਾਲ ਨੇ ਵਿਰੋਧੀ ਮੈਂਬਰਾਂ ਦਾ ਹੰਗਾਮਾ ਰੁੱਕਦੇ ਨਹੀਂ ਦੇਖ ਸਦਨ ਨੂੰ ਸੋਮਵਾਰ ਤਕ ਲਈ ਮੁਲਤਵੀ ਕਰ ਦਿੱਤਾ। ਗ੍ਰਹਿ ਰਾਜ ਮੰਤਰੀ ਦੇ ਅਸਤੀਫ਼ੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ’ਤੇ ਜਿਸ ਤਰ੍ਹਾਂ ਨਿਸ਼ਾਨਾ ਬੰਨ੍ਹ ਰਹੀਆਂ ਹਨ, ਉਸਨੂੰ ਦੇਖਦੇ ਹੋਏ ਅਗਲੇ ਹਫਤੇ ਵੀ ਲਖੀਮਪੁਰ ਕਾਂਡ ਦਾ ਸਿਆਸੀ ਸੇਕ ਘਟੇਗਾ, ਇਸਦੀ ਸੰਭਾਵਨਾ ਘੱਟ ਹੀ ਹੈ।ਰਾਜ ਸਭਾ ’ਚ ਵੈਸੇ ਤਾਂ ਮੁੱਖ ਹੰਗਾਮਾ ਵਿਰੋਧੀ ਧਿਰ ਦੇ 12 ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਹੀ ਹੋਇਆ, ਪਰ ਸਦਨ ਮੁਲਤਵੀ ਹੋਣ ਦੇ ਬਾਅਦ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਲਖੀਮਪੁਰ ਖੀਰੀ ਦਾ ਮੁੱਦਾ ਵੀ ਉਠਾਉਣਾ ਚਾਹੁੰਦੀਆਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਖੁਦ ਲਖੀਮਪੁਰ ਖੀਰੀ ’ਚ ਕਿਸਾਨਾਂ ਦੇ ਨਾਲ ਹੋਈ ਬੇਇਨਸਾਫ਼ੀ ’ਤੇ ਸਦਨ ’ਚ ਬੋਲਣਾ ਚਾਹੁੰਦੇ ਸਨ, ਪਰ ਰਾਜਸਭਾ ਨੂੰ ਮੁਲਤਵੀ ਕਰ ਕੇ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ।

Related posts

ਬਾਲੀਵੁੱਡ ਦਿੱਗਜ਼ਾਂ ਨੂੰ ਧਮਕੀਆਂ: ਪੁਲਿਸ ਹੋਰ ਚੌਕਸ

admin

‘ਸ਼ੀਸ਼ ਮਹਿਲ’ ਆਮ ਆਦਮੀ ਪਾਰਟੀ ਦੇ ਧੋਖੇ ਅਤੇ ਝੂਠ ਦੀ ਇੱਕ ਜ਼ਿੰਦਾ ਉਦਾਹਰਣ ਹੈ: ਮੋਦੀ

admin

ਕੇਜਰੀਵਾਲ ਜੋ ਵਾਅਦੇ ਕਰਦੇ ਹਨ, ਉਸ ਨੂੰ ਪੂਰਾ ਕਰਦੇ ਹਨ: ਭਗਵੰਤ ਮਾਨ

admin