Punjab

ਗ੍ਰਿਫ਼ਤਾਰੀਆਂ ਦੇਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ !

ਮੀਟਿੰਗ ਵਿੱਚ ਗ੍ਰਿਫ਼ਤਾਰੀਆਂ ਦੇਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। 
ਬਰਨਾਲਾ, (ਦਲਜੀਤ ਕੌਰ) – ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੀ ਵਧਵੀਂ ਸੂਬਾਈ ਮੀਟਿੰਗ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਹੋਈ ਜਿਸ ਵਿੱਚ 14 ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰਾਂ ਅਤੇ ਹੋਰ ਅਹੁਦੇਦਾਰਾਂ ਸਮੇਤ ਬਲਾਕਾਂ ਦੇ ਅਹੁਦੇਦਾਰ ਸ਼ਾਮਿਲ ਹੋਏ।
ਮੀਟਿੰਗ ਨੇ 5 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਚੰਡੀਗੜ੍ਹ ਵੱਲ ਕੂਚ ਕਰਨ ਦੇ ਪ੍ਰੋਗਰਾਮ ਵਿੱਚ ਜਥੇਬੰਦੀ ਦੀ ਸ਼ਮੂਲੀਅਤ ਦਾ ਰਿਵਿਊ ਕੀਤਾ। ਸਾਰੇ ਜ਼ਿਲ੍ਹਿਆਂ ਤੋਂ ਗ੍ਰਿਫ਼ਤਾਰੀਆਂ ਅਤੇ ਟਰਾਲੀਆਂ ਦੀ ਗਿਣਤੀ ਦੀ ਰਿਪੋਰਟ ਲਈ ਗਈ। ਹਕੂਮਤੀ ਦਹਿਸ਼ਤ ਦੇ ਬਾਵਜੂਦ ਵੀ ਭਾਕਿਯੂ ਏਕਤਾ -ਡਕੌਂਦਾ ਦੇ ਹਜ਼ਾਰਾਂ ਜੁਝਾਰੂ ਕਾਫ਼ਲਿਆਂ ਵੱਲੋਂ ਮੈਦਾਨ ਵਿੱਚ ਨਿੱਤਰਨ ਨੂੰ ਸੂਬਾ ਆਗੂਆਂ ਨੇ ਜੁਝਾਰੂ ਸਲਾਮ ਆਖੀ। ਇਸ ਸੰਘਰਸ਼ ਵਿੱਚ ਜਥੇਬੰਦੀ ਦੇ 24 ਪ੍ਰਮੁੱਖ ਆਗੂਆਂ ਤੋਂ ਇਲਾਵਾ ਪਿੰਡ ਕਮੇਟੀਆਂ ਦੇ ਸੈਂਕੜੇ ਆਗੂ ਗ੍ਰਿਫ਼ਤਾਰ ਕੀਤੇ ਗਏ ਸਨ। ਮੀਟਿੰਗ ਵਿੱਚ ਗ੍ਰਿਫ਼ਤਾਰੀਆਂ ਦੇਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਮੀਟਿੰਗ ਨੇ ਸਰਬ ਸੰਮਤੀ ਨਾਲ ਮਹਿਸੂਸ ਕੀਤਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੇਂਦਰ ਦੀ ਮੋਦੀ ਹਕੂਮਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਦੇ ਰਾਹ ‘ਤੇ ਚੱਲ ਰਹੀ ਹੈ। ਇਸੇ ਕਰਕੇ ਉਸ ਨੇ ਜਾਣ ਬੁੱਝ ਕੇ ਮੀਟਿੰਗ ਤੋੜੀ ਅਤੇ 5 ਮਾਰਚ ਦੇ ਪ੍ਰੋਗਰਾਮ ਨੂੰ ਅਸਫ਼ਲ ਕਰਨ ਲਈ ਸੈਂਕੜੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਅਤੇ ਥਾਂ ਥਾਂ ਨਾਕੇ ਲਗਾ ਕੇ ਪ੍ਰੋਗਰਾਮ ਨੂੰ ਫੇਲ੍ਹ ਕਰਨ ਦਾ ਭਰਮ ਪਾਲਿਆ। 5 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਟਰਾਲੀਆਂ ਅਤੇ ਗੱਡੀਆਂ ਦੇ ਕਾਫ਼ਲਿਆਂ ਨਾਲ ਨਿਕਲੇ ਹਜ਼ਾਰਾਂ ਲੋਕਾਂ ਨੇ ਭਗਵੰਤ ਮਾਨ ਸਰਕਾਰ ਨੂੰ ਇਹ ਯਾਦ ਕਰਵਾ ਦਿੱਤਾ ਹੈ ਕਿ ਪੰਜਾਬ ਦੇ ਲੋਕ ਕਿਸ ਮਿੱਟੀ ਦੇ ਬਣੇ ਹੋਏ ਹਨ। ਇਸ ਦਿਨ ਅਨੇਕਾਂ ਥਾਵਾਂ ਤੇ ਸਥਾਪਿਤ ਹੋਏ ਮੋਰਚਿਆਂ ਨੇ ਭਗਵੰਤ ਮਾਨ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕੀਤਾ ਅਤੇ ਸਾਰੇ ਗ੍ਰਿਫ਼ਤਾਰ ਕਿਸਾਨ ਆਗੂਆਂ ਨੂੰ 24 ਘੰਟੇ ਦੇ ਅੰਦਰ ਅੰਦਰ ਰਿਹਾਅ ਕਰਨਾ ਪਿਆ। ਸੰਘਰਸ਼ ਦੇ ਇਸੇ ਦਬਾਅ ਦੇ ਚਲਦਿਆਂ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚੇ ਨਾਲ ਦੁਬਾਰਾ ਗੱਲਬਾਤ ਸ਼ੁਰੂ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਮੀਟਿੰਗ ਵਿੱਚ 10 ਮਾਰਚ ਦੇ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਸਾਰੇ ਜ਼ਿਲਿਆਂ ਤੋਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਦੇਣ ਦੇ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਸੂਬਾ ਜਥੇਬੰਦਕ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ , ਮੀਤ ਪ੍ਰਧਾਨ ਹਰੀਸ਼ ਨੱਢਾ ਲਾਧੂਕਾ, ਖਜ਼ਾਨਚੀ ਗੁਰਦੇਵ ਸਿੰਘ ਮਾਂਗੇਵਾਲ, ਸੂਬਾ ਕਮੇਟੀ ਮੈਂਬਰ ਕਰਮਜੀਤ ਸਿੰਘ ਰਾਮ ਨਗਰ ਛੰਨਾਂ ਤੋਂ ਇਲਾਵਾ 14 ਜ਼ਿਲ੍ਹਿਆਂ ਅਤੇ ਸਾਰੇ ਬਲਾਕਾਂ ਦੇ ਅਹੁਦੇਦਾਰਾਂ ਨੇ ਭਗਵੰਤ ਮਾਨ ਦੇ ਬਿਆਨ ਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਨਾਲ ਸਬੰਧਤ ਹਨ, ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਮੁੱਖ ਮੰਤਰੀ ਦਾ ਅਜਿਹੇ ਬਿਆਨ ਆਪਣੇ ਆਪਾ ਵਿਰੋਧੀ ਹੈ। ਇੱਕ ਪਾਸੇ ਮੁੱਖ ਮੰਤਰੀ ਖੁਦ ਸਵੀਕਾਰ ਕਰਦਾ ਹੈ ਕਿ 8-9 ਮੰਗਾਂ ਵਿਚਾਰੀਆਂ ਗਈਆਂ, ਸਰਕਾਰ ਨੇ ਸਹਿਮਤੀ ਜ਼ਾਹਰ ਕੀਤੀ। ਆਗੂਆਂ ਸਵਾਲ ਕੀਤਾ ਕਿ ਜੇਕਰ ਮੰਗਾਂ ਕੇਂਦਰ ਸਰਕਾਰ ਨਾਲ ਸਬੰਧਤ ਸਨ ਤਾਂ ਮੁੱਖ ਮੰਤਰੀ ਨੇ ਮੰਗਾਂ ਉੱਪਰ ਸਹਿਮਤੀ ਕਿਸ ਗੱਲ ਦੀ ਦਿੱਤੀ। ਆਗੂਆਂ ਕਿਹਾ ਅਜਿਹੀਆਂ ਊਲ ਜਲੂਲ ਗੱਲਾਂ ਬੰਦ ਕਰਕੇ ਗੱਲਬਾਤ ਦਾ ਰਸਤਾ ਮੁੜ ਸ਼ੁਰੂ ਕਰੇ ਨਹੀਂ ਤਾਂ ਐਸਕੇਐਮ 15 ਮਾਰਚ ਦੀ ਮੀਟਿੰਗ ਵਿੱਚ ਅਗਲੇ ਘੋਲ ਐਕਸ਼ਨ ਦਾ ਸੱਦਾ ਦੇਵੇਗਾ।

Related posts

ਪੰਜਾਬ ਦੇ 23 ਜਿਲ੍ਹੇ ਹੜ੍ਹਾਂ ਦੀ ਮਾਰ ਹੇਠ : ਦਿੱਲੀ ਵਿੱਚ ਵੀ ਹਾਲਾਤ ਗੰਭੀਰ !

admin

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਸਾਡਾ ਉਦੇਸ਼ ਪੰਜਾਬ ਦੇ ਉਦਯੋਗਾਂ ਨੂੰ ਹਰ ਉਸ ਸਹੂਲਤ ਨਾਲ ਲੈਸ ਕਰਨਾ ਹੈ: ਸੰਜੀਵ ਅਰੋੜਾ

admin