ਕੈਨਬਰਾ – ਫੈਡਰਲ ਸਰਕਾਰ ਨੇ ‘ਦਿ ਗ੍ਰੇਟ ਬੈਰੀਅਰ ਰੀਫ’ ਦੀ ਸੁਰੱਖਿਆ ਲਈ ਅਗਲੇ 9 ਸਾਲਾ ‘ਚ ਇਕ ਬਿਲੀਅਨ ਡਾਲਰ ਹੋਰ ਖਰਚ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਨੇ ‘ਦਿ ਗ੍ਰੇਟ ਬੈਰੀਅਰ ਰੀਫ਼’ ਦਾ ਵਿਸ਼ਵ ਵਿਰਾਸਤ ਸਥਾਨ ਦਾ ਦਰਜਾ ਘਟਾਉਣ ਸਬੰਧੀ ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੇਸਕੋ) ਦੇ ਫੈਸਲੇ ਨੂੰ ਮੁਲਤਵੀ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਹੈ।
ਇਸੇ ਦੌਰਾਨ ਫੈਡਰਲ ਸਰਕਾਰ ਦੇ ਆਲੋਚਕਾਂ ਦਾ ਕਹਿਣਾ ਹੈ ਕਿ, ਇਹ ਐਲਾਨ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਗਠਜੋੜ ਵਾਤਾਵਰਤਣ ਦੇ ਰੂਪ ‘ਚ ਪੇਸ਼ ਕਰਨ ਦੀ ਇੱਕ ਕੋਸ਼ਿਸ਼ ‘ਚ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਗਠਜੋੜ ਸਮੁੰਦਰੀ ਦੇ ਲਗਾਤਾਰ ਵਧਦੇ ਤਾਪਮਾਨ ਨੂੰ ਰੋਕਣ ਲਈ ਕੋਈ ਪ੍ਰਭਾਵੀ ਕਦਮ ਨਹੀਂ ਚੁੱਕ ਰਿਹਾ।
ਫੈਡਰਲ ਸਰਕਾਰ ਦੇ ਵਲੋਂ 579.9 ਮਿਲੀਅਨ ਡਾਲਰ ਉੱਤਰ-ਪੂਰਬੀ ਤੱਟ ‘ਤੇ ਮਿੱਟੀ ਦੀ ਕਟੌਤੀ ਦੀ ਸਮੱਸਿਆ ਨੂੰ ਦੂਰ ਕਰਨ, ਜ਼ਮੀਨ ਦੀ ਸਥਿਤੀ ‘ਚ ਸੁਧਾਰ ਲਿਆਉਣ ਅਤੇ ਪੌਸ਼ਟਿਕ ਤੱਤਾਂ ਅਤੇ ਕੀਟਨਾਸ਼ਕਾਂ ਦੇ ਸਮੁੰਦਰ ‘ਚ ਜ਼ਿਆਦਾ ਵਹਾਅ ਨੂੰ ਰੋਕਣ ਲਈ ਖਰਚ ਕੀਤੇ ਜਾਣਗੇ ਜਦਕਿ 252.9 ਮਿਲੀਅਨ ਡਾਲਰ ‘ਦਿ ਗ੍ਰੇਟ ਬੈਰੀਅਰ ਰੀਫ ਮਰੀਨ ਪਾਰਕ ਅਥਾਰਿਟੀ’ ਨੂੰ ਉਪਲੱਬਧ ਕਰਵਾਏ ਜਾਣਗੇ ਤਾਂ ਕਿ ਸਟਾਰ ਮੱਛੀਆਂ ਤੋਂ ਪੈਦਾ ਹੋਏ ਖਤਰਿਆਂ ਅਤੇ ਮੱਛੀਆਂ ਫੜਨ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਰੋਕੀਆਂ ਜਾ ਸਕਣ। 92.7 ਮਿਲੀਅਨ ਡਾਲਰ ਖੋਜ ਦੇ ਲਈ ਅਤੇ 74.4 ਮਿਲੀਅਨ ਡਾਲਰ ਰਵਾਇਤੀ ਮਾਲਕ ਅਤੇ ਕਮਿਊਨਿਟੀ ਪ੍ਰਾਜੈਕਟਾਂ ਲਈ ਰੱਖੇ ਗਏ ਹਨ।
ਵਰਨਣਯੋਗ ਹੈ ਕਿ ‘ਦਿ ਗ੍ਰੇਟ ਬੈਰੀਅਰ ਰੀਫ਼ ਮਰੀਨ ਪਾਰਕ ਅਥਾਰਿਟੀ’ ਦੁਨੀਆ ਦੇ ਸਭ ਤੋਂ ਵੱਡੇ ਕੋਰਲ ਰੀਫ ਈਕੋਸਿਸਟਮ ਦਾ ਪ੍ਰਬੰਧਨ ਕਰਦੀ ਹੈ।