ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਸ਼ਨੀਵਾਰ ਨੂੰ ਮਹਿਰੌਲੀ ਦੇ ਇਤਿਹਾਸਕ ਜਹਾਜ਼ ਮਹਿਲ ’ਚ ’ਫੂਲ ਵਾਲਿਆਂ ਦੀ ਸੈਰ’ ਦੇ ਸਮਾਪਤੀ ਸਮਾਰੋਹ ’ਚ ਸ਼ਿਰਕਤ ਕੀਤੀ ਅਤੇ ਰਾਸ਼ਟਰੀ ਰਾਜਧਾਨੀ ਦੇ ਗੰਗਾ-ਜਮੁਨੀ ਸੱਭਿਆਚਾਰ ਨੂੰ ਬਣਾਈ ਰੱਖਣ ਅਤੇ ਅਨੇਕਤਾ ’ਚ ਏਕਤਾ ਨੂੰ ਉਤਸ਼ਾਹਿਤ ਕਰਨ ’ਚ ਇਸ ਤਿਉਹਾਰ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਆਤਿਸ਼ੀ ਨੇ ਕਿਹਾ, ’ਫੂਲ ਵਾਲਿਆਂ ਕੀ ਸੈਰ’ ਸਿਰਫ਼ ਇੱਕ ਤਿਉਹਾਰ ਨਹੀਂ ਹੈ। ਇਹ ਤਿਉਹਾਰ ਦਿੱਲੀ ਦੀ ਗੰਗਾ-ਜਮੁਨੀ ਸੱਭਿਆਚਾਰ ਦੀ ਸਦੀਆਂ ਪੁਰਾਣੀ ਪਰੰਪਰਾ ਨੂੰ ਕਾਇਮ ਰੱਖਦਾ ਹੈ ਅਤੇ ਮਨੁੱਖਤਾ ਦਾ ਸੰਦੇਸ਼ ਫੈਲਾਉਂਦਾ ਹੈ।’ਸਾਰੇ ਭਾਈਚਾਰਿਆਂ ਨੂੰ ਇਕੱਠਾ ਕਰਨ ਵਾਲੇ ਇਸ ਪ੍ਰਸਿੱਧ ਤਿਉਹਾਰ ਵਿੱਚ ਭਾਰਤ ਤੋਂ ਆਏ ਕਲਾਕਾਰਾਂ ਨੇ ਪੇਸ਼ਕਾਰੀ ਕੀਤੀ ਅਤੇ ਕੱਵਾਲੀ ਨੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ। ਆਤਿਸ਼ੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਦਿੱਲੀ ਵਿੱਚ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਸ਼ਹਿਰ ਦੀ ਏਕਤਾ ਦੀ ਭਾਵਨਾ ਨੂੰ ਰੇਖਾਂਕਿਤ ਕੀਤਾ। ਦਿੱਲੀ ਯੂਨੀਵਰਸਿਟੀ ਕੈਂਪਸ ਵਿੱਚ ਵੱਡੀ ਹੋਈ ਆਤਿਸ਼ੀ ਨੇ ਇੱਕ ਅਜਿਹੇ ਮਾਹੌਲ ਦਾ ਅਨੁਭਵ ਕੀਤਾ ਜਿੱਥੇ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਦੇ ਤਿਉਹਾਰ ਸਮੂਹਿਕ ਤੌਰ ’ਤੇ ਮਨਾਏ ਜਾਂਦੇ ਸਨ। ਆਤਿਸ਼ੀ ਦੇ ਮਾਤਾ-ਪਿਤਾ ਦਿੱਲੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ। ਉਹਨਾਂ ਕਿਹਾ, ‘ਲੰਬੇ ਸਮੇਂ ਤੋਂ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਕਿਹੜਾ ਤਿਉਹਾਰ ਕਿਸ ਧਰਮ ਨਾਲ ਸਬੰਧਿਤ ਹੈ।’ ਆਤਿਸ਼ੀ ਨੇ ਸਮਾਜ ਵਿੱਚ ਵੰਡੀਆਂ ਪਾਉਣ ਵਾਲੀਆਂ ਪ੍ਰਵਿਰਤੀਆਂ ਦੇ ਵਿਚਕਾਰ ਏਕਤਾ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਕਿਹਾ, ’ਦਿੱਲੀ ਦਾ ਸਭ ਤੋਂ ਵੱਡਾ ਆਕਰਸ਼ਣ ਉਸ ਦੇ ਦਿਲਦਾਰ ਲੋਕਾਂ ਵਿੱਚ ਹੈ, ਜੋ ‘ਫੂਲ ਵਾਲਿਆਂ ਦੀ ਸੈਰ’ ਵਰਗੇ ਤਿਉਹਾਰ ਮਨੁੱਖਤਾ ਦੇ ਜਸ਼ਨ ਵਜੋਂ ਮਨਾਉਂਦੇ ਹਨ। ਸਾਨੂੰ ਇਸ ਭਾਵਨਾ ਨੂੰ ਸੰਭਾਲਣਾ ਅਤੇ ਸੁਰੱਖਿਅਤ ਰੱਖਣਾ ਚਾਹੀਦਾ ਹੈ।’
previous post