ਸਮਰਾਲਾ – ਸਮਰਾਲੇ ਨੇੜਲੇ ਪਿੰਡ ਘੁਲਾਲ ਦੇ ਟੋਲ ਪਲਾਜ਼ੇ ‘ਤੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਬੀਤੀ ਰਾਤ ਬਜ਼ੁਰਗ ਕਿਸਾਨ ਨੇ ਗਲ਼ੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੀ ਪਛਾਣ ਤਾਰਾ ਸਿੰਘ (68) ਪੁੱਤਰ ਭਗਤ ਸਿੰਘ ਵਾਸੀ ਪਿੰਡ ਰੋਹਲੇ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਕਿਸਾਨ ਤਾਰਾ ਸਿੰਘ ਬੇਹੱਦ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਜੋ ਪਿਛਲੇ ਕਰੀਬ ਇਕ ਸਾਲ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ‘ਚ ਇਸ ਟੋਲ ਪਲਾਜ਼ੇ ‘ਤੇ ਲਗਾਤਾਰ ਸ਼ਮੂਲੀਅਤ ਕਰਦਾ ਆ ਰਿਹਾ ਸੀ ਤੇ ਉਸ ਦੀ ਪਤਨੀ ਵੀ ਇਨ੍ਹਾਂ ਕਾਲ਼ੇ ਕਾਨੂੰਨਾਂ ਖਿਲਾਫ਼ ਦਿੱਲੀ ਦੇ ਟਿਕਰੀ ਬਾਰਡਰ ‘ਤੇ ਪਿਛਲੇ 8 ਮਹੀਨਿਆਂ ਤੋਂ ਧਰਨਿਆਂ ‘ਚ ਲਗਾਤਾਰ ਸ਼ਮੂਲੀਅਤ ਕਰ ਰਹੀ ਹੈ।
ਪ੍ਰਧਾਨ ਗਿਆਸਪੁਰਾ ਨੇ ਕਿਹਾ ਕਿ ਕਿਸਾਨ ਤਾਰਾ ਸਿੰਘ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਅੜੀਅਲ ਰਵੱਈਆ ਅਪਣਾਏ ਜਾਣ ਕਰਕੇ ਹਮੇਸ਼ਾ ਚਿੰਤਾ ‘ਚ ਗ੍ਰਸਤ ਰਹਿੰਦਾ ਸੀ ਜਿਸ ਕਰਕੇ ਉਸ ਨੇ ਬੀਤੀ ਰਾਤ ਆਪਣੀ ਪੱਗ ਨਾਲ ਹੀ ਟੋਲ ਪਲਾਜ਼ੇ ‘ਤੇ ਫਾਹਾ ਲਗਾ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਤਾਰਾ ਸਿੰਘ ਆਪਣੇ ਪਿੱਛੇ 2 ਲੜਕੇ ਤੇ 3 ਲੜਕੀਆਂ ਨੂੰ ਛੱਡ ਗਿਆ ਹੈ। ਇਸ ਘਟਨਾ ਦੀ ਖ਼ਬਰ ਉਸ ਦੀ ਪਤਨੀ ਨੂੰ ਟਿਕਰੀ ਬਾਰਡਰ ‘ਤੇ ਦੇ ਦਿੱਤੀ ਗਈ ਹੈ ਤੇ ਕਿਸਾਨ ਤਾਰਾ ਸਿੰਘ ਦਾ ਅੰਤਿਮ ਸਸਕਾਰ ਭਲਕੇ ਉਸ ਦੀ ਪਤਨੀ ਦੇ ਸਮਰਾਲਾ ਪੁੱਜਣ ‘ਤੇ ਹੀ ਕੀਤਾ ਜਾਵੇਗਾ।