ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ,
ਮਾਈਆ ਮੈਨੂੰ ਯਾਦ ਆਂਵਦਾ।
ਚਰਖਾ ਫ਼ਾਰਸੀ ਲਫ਼ਜ਼ ਤੋਂ ਬਣਿਆ ਹੈ। ਜਿਸ ਦਾ ਅਰਥ ਪਹੀਆ ਹੈ। ਚਰਖਾ ਹੱਥ ਨਾਲ ਚੱਲਣ ਵਾਲਾ ਲੱਕੜ ਦਾ ਬਣਿਆਂ ਯੰਤਰ ਹੈ। ਚਰਖਾ ਕੱਤ ਕੇ ਕਪਾਹ ਦੀ ਰੂੰ ਤੋਂ ਸੂਤ ਬਣਾਇਆ ਜਾਂਦਾ ਹੈ। ਲੱਕੜ ਦੇ ਇੱਕ ਪਹੀਏ ਨਾਲ ਇੱਕ ਹੱਥੀ ਲੱਗੀ ਹੁੰਦੀ ਹੈ। ਚਰਖੇ ਦੇ ਪਹੀਏ ਦੋ ਫੱਟ ਹੁੰਦੇ ਹਨ।ਜਿੰਨਾਂ ਦੇ ਸਿਰਿਆਂ ਵਿੱਚ ਇੱਕ ਪਤਲੀ ਰੱਸੀ ਦਾ ਬੇੜ ਪਾਇਆ ਹੁੰਦਾ ਹੈ। ਪਹੀਏ ਤੇ ਤੱਕਲ਼ੇ ਨੂੰ ਬੈਲਟ ਵਜੋਂ ਇੱਕ ਧਾਗੇ ਨਾਲ ਜੋੜਿਆ ਹੁੰਦਾ ਹੈ। ਇਸ ਬੈਲਟ ਨੂੰ ਮਾਲ੍ਹ ਕਹਿੰਦੇ ਹਨ , ਜੋ ਬੇੜ ਦੇ ਉਤੋ ਚਲਦੀ ਹੈ। ਚਰਖਾ ਖ਼ਾਸ ਕਰ ਕੇ ਕਿਸੇ ਖਾਸ ਕਾਰੀਗਰ ਵੱਲੋਂ ਤਿਆਰ ਕੀਤਾ ਜਾਂਦਾ ਸੀ।ਦਾਜ ਵਿੱਚ ਜੋ ਚਰਖਾ ਦਿੱਤਾ ਜਾਂਦਾ ਸੀ ਸ਼ੀਸ਼ਿਆਂ ਤੇ ਮੋਤੀਆਂ ਦੀ ਕਾਰੀਗਰੀ ਕੀਤੀ ਜਾਂਦੀ ਸੀ , ਤੇ ਸਜਾਇਆਂ ਜਾਂਦਾ ਸੀ, ਜੋ ਦੇਖਣ ਨੂੰ ਵੀ ਚੰਗਾ ਲੱਗਦਾ ਸੀ। ਭਾਰਤ ਵਰਗੇ ਦੇਸ਼ ਖ਼ਾਸ ਕਰ ਕੇ ਪੰਜਾਬ ਵਿੱਚ ਇਸ ਦੀ ਬਹੁਤ ਹੀ ਅਹਿਮਤ ਸੀ ਪੰਜਾਬੀ ਸਭਿਆਚਾਰ ਦਾ ਇਹ ਅਨਿੱਖੜਵਾਂ ਅੰਗ ਸੀ। ਕੁੜੀਆ ਚਿੜੀਆਂ ਸਿਆਣੀਆਂ ਬਜ਼ੁਰਗ ਔਰਤਾਂ ਆਪਣੇ ਕੰਮ ਕਰ ਕਰ ਕੇ ਜਦੋਂ ਵਿਹਲੀਆਂ ਹੁੰਦੀਆਂ ਇਕੱਠੀਆਂ ਬੈਠ ਕੇ ਅੱਧੀ ਅੱਧੀ ਰਾਤ ਤੱਕ ਚਰਖਾ ਕੱਤਦੀਆਂ ਸ਼ਰਤਾਂ ਲਗਾਉਦੀਆਂ ਤੇ ਚਟਕਾਰੀਆਂ ਮਾਰਦੀਆਂ ,ਇੱਕ ਦੂਸਰੀ ਨਾਲ ਦੁੱਖ ਸੁੱਖ ਦੀ ਗੱਲ ਕਰ ਆਪਣੇ ਦਿੱਲ ਦਾ ਗੁਭਾਰ ਕੱਢਦੀਆਂ, ਜਿੱਥੇ ਕੁੜੀਆ ਚਰਖਾ ਕੱਤਦੀਆਂ ਉਸ ਨੂੰ ਤਿੰਝਨ ਕਹਿੰਦੇ ਸਨ। ਇਸ ਨਾਲ ਪਿਆਰ ਤੇ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਸੀ, ਇਸ ਤਰਾਂ ਚਰਖੇ ਨਾਲ ਪੰਜਾਬ ਦੀ ਵਿਰਾਸਤ ਦਾ ਸੰਬੰਧ ਗੂੜਾ ਹੁੰਦਾ ਗਿਆ। ਅੱਜ ਬੇਸ਼ਕ ਚਰਖਾ ਮਸੀਨੀ ਯੁੱਗ ਆਉਣ ਕਾਰਣ ਅਲੋਪ ਹੋ ਗਿਆ ਹੈ, ਪਰ ਇਸ ਨਾਲ ਜੁੜੀਆ ਯਾਦਾਂ ਅੱਜ ਵੀ ਕਿਸੇ ਬਜ਼ੁਰਗ ਮਾਈ ਨੂੰ ਜਵਾਨੀ ਦੇ ਗੁਜ਼ਰੇ ਜ਼ਮਾਨੇ ਵਿੱਚ ਗੰਮਗੀਨ ਕਰ ਦਿੰਦੀ ਹੈ। ਉਸ ਪੁਰਾਣੀ ਦੁੱਨੀਆਂ ਵਿੱਚ ਲੈ ਜਾਂਦੀ ਹੈ ਜਿਸ ਵੇਲੇ ਉਹ ਜਵਾਨੀ ਵਿੱਚ ਸਹੇਲੀਆਂ ਨਾਲ ਚਰਖਾ ਕੱਤਦੀ ਹੁੰਦੀ ਸੀ, ਇੱਕ ਫ਼ਿਲਮ ਵਾਂਗੂੰ ਸੀਨ ਸਾਹਮਣੇ ਆਉਣ ਲੱਗ ਪੈਂਦਾ ਹੈ। ਚਰਖੇ ਦੇ ਨਾਲ ਸੂਤ ਕੱਤ ਕੇ ਦਰੀਆਂ ਖੇਸ ਬਣਾਏ ਜਾਂਦੇ ਸਨ।ਚਰਖਾ ਪਹਿਲਾ ਕੁੜੀਆਂ ਨੂੰ ਦਾਜ ਵਿੱਚ ਦਿੱਤਾ ਜਾਂਦਾ ਸੀ। ਸੌਹਰੇ ਘਰ ਜਦੋਂ ਧੀ ਉਦਾਸ ਹੁੰਦੀ ਸੀ।ਚਰਖਾ ਕੱਤ ਆਪਣੇ ਮਾਂ ਪਿਉ ਤੇ ਭੈਣ ਭਰਾ ਨੂੰ ਯਾਦ ਕਰ ਲੈਂਦੀ ਸੀ, ਫਿਰ ਬੋਲੀ ਪਾ ਖ਼ਾਸ ਕਰ ਕੇ ਆਪਣੀ ਮਾਂ ਨੂੰ ਯਾਦ ਕਰਦੀ।
ਮਾ ਮੇਰੀ ਮੈਨੂੰ ਚਰਖਾ ਦਿੱਤਾ,
ਵਿੱਚ ਲਵਾਈਆਂ ਮੇਖਾ,
ਮਾਂ ਤੈਨੂੰ ਯਾਦ ਕਰਾ,
ਜਦ ਚਰਖੇ ਵੱਲ ਵੇਖਾਂ।
ਮੈਂ ਕੱਤਾਂ ਪ੍ਰੀਤੀ ਨਾਲ,
ਚਰਖਾ ਚੰਨਣ ਦਾ,
ਛਾਵਾਂ ਚਰਖਾ ਚੰਨਣ ਦਾ।
ਨਨਾਣ ਭਰਜਾਈ ਦੇ ਰਿਸ਼ਤੇ ਵਿੱਚ ਚਰਖੇ ਦਾ ਜ਼ਿਕਰ ਲੋਕ ਗੀਤਾਂ ਵਿੱਚ ਆਉਦਾ ਹੈ।
ਭਿੱਜ ਗਈਆਂ ਨਨਾਣੇ ਪੂਨੀਆ,
ਨਾਲੇ ਬਾਹਰੇ ਭਿੱਜ ਗਏ ਚਰਖੇ।
ਜੋ ਇਹ ਸਾਡਾ ਪੁਰਾਣਾ ਸਭਿਆਚਾਰ ਵਿਰਸੇ ਦੀ ਨਿਸ਼ਾਨੀ ਕਿਤੇ ਹੈ ਜੋ ਕਿਸੇ ਨੇ ਸਾਂਭ ਕੇ ਰੱਖੀ ਹੋਵੇਗੀ।ਇਸ ਮਸੀਨੀ ਯੁੱਗ ਨੇ ਸਾਡਾ ਪੁਰਾਣਾ ਸਭਿਆਚਾਰ,ਵਿਰਸਾ ,ਮਿਲਵਰਤਨ, ਪਿਆਰ, ਸਾਂਝ ਖੋਹ ਲਈ ਹੈ। ਹੁਣ ਚਰਖਾ ਸਭਿਆਚਾਰ ਪ੍ਰੋਗਰਾਮ ਵਿਆਹ ਸਾਦੀਆ ਦੇ ਸਮੇ ਜਾਂ ਅਜਾਇਬ ਘਰਾਂ ਤੱਕ ਸਿਮਟ ਕੇ ਰਹਿ ਗਿਆ ਹੈ। ਸਾਡੀ ਨੌਜਵਾਨ ਪੀੜੀ ਇਸ ਤੋ ਬਿਲਕੁਲ ਅਨਜਾਨ ਹੈ।
-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸਨ