ਅੰਮ੍ਰਿਤਸਰ – ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ 2 ਰੋਜ਼ਾ ‘ਸਲਾਨਾ ਖੇਡ ਮੇਲਾ 2024-25’ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਸ: ਗੁਰਦੇਵ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਖੇਡ ਮੇਲੇ ਦੌਰਾਨ 20 ਦੇ ਕਰੀਬ ਵੱਖ-ਵੱਖ ਸਕੂਲਾਂ ਤੋਂ 800 ਵਿਦਿਆਰਥੀਆਂ ਨੇ ਜੋਸ਼ੋ-ਖਰੋਸ਼ ਨਾਲ ਭਾਗ ਲਿਆ। ਪਹਿਲੇ ਦਿਨ 18 ਤੋਂ ਵਧੇਰੇ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਜਦ ਕਿ ਦੂਜੇ ਦਿਨ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਉਕਤ ਕਾਲਜ ਵਿਖੇ 2 ਦਿਨ ਚੱਲੇ ਮੁਕਾਬਲਿਆਂ ’ਚ ਸੱਤਿਆ ਭਾਰਤੀ ਸਕੂਲ ਫੱਤੂਭੀਲਾ ਤੇ ਹੋਲੀ ਵਰਡ ਸਕੂਲ ਹਰਦੋ ਝੰਡੇ ਨੇ ਓਵਰ ਆਲ ਟਰਾਫੀ ’ਤੇ ਕਬਜ਼ਾ ਕੀਤਾ। ਜਦ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ, ਗੋਪਾਲਪੁਰਾ ਤੇ ਸਟਰਗਲਿੰਗ ਸਕੂਲ ਵਰਿਆਮ ਨੰਗਲ ਨੇ ਸੈਕਿੰਡ ਓਵਰਆਲ ਟਰਾਫੀ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਬਦਾਲ ਅਤੇ ਬਾਬਾ ਬੀਰ ਸਿੰਘ ਪਬਲਿਕ ਸਕੂਲ ਮੱਤੇਵਾਲ ਨੇ ਤੀਜੀ ਓਵਰਆਲ ਟਰਾਫੀ ਆਪਣੇ ਨਾਮ ਦਰਜ ਕਰਵਾਈ। ਜ਼ਿਕਰਯੋਗ ਹੈ ਕਿ ਉਕਤ ਮੁਕਾਬਲੇ ਦੌਰਾਨ ਹਰੇਕ ਜੇਤੂ ਸਕੂਲਾਂ ਨੇ ਵੱਖ-ਵੱਖ ਈਵੈਂਟ ਦੌਰਾਨ ਬਰਾਬਰ-ਬਰਾਬਰ ਸਥਾਨ ਹਾਸਲ ਕਰਨ ’ਤੇ ਉਕਤ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਪ੍ਰਿੰ: ਗੁਰਦੇਵ ਸਿੰਘ ਨੇ ਮੁੱਖ ਮਹਿਮਾਨ ਵਜੋਂ ਪੁੱਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਮੁਖੀ ਅਤੇ ਅੰਤਰਾਸ਼ਟਰੀ ਪੱਧਰ ਦੇ ਪ੍ਰਸਿੱਧ ਖਿਡਾਰੀ ਡਾ. ਸੁਖਦੇਵ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਇਸ ਮੌਕੇ ਡਾ. ਸੁਖਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਬਿਨ੍ਹਾਂ ਕਿਸੇ ਡਰ ਜਾਂ ਝਿਜਕ ਦੇ ਖੇਡਾਂ ਦੇ ਖੇਤਰ ’ਚ ਅਗਾਂਹ ਵੱਧਣ ਦੀ ਪ੍ਰੇਰਿਤ ਕੀਤਾ।
ਸਮਾਗਮ ਮੌਕੇ ਪ੍ਰਿੰ: ਸ: ਗੁਰਦੇਵ ਸਿੰਘ ਨੇ ਡਾ. ਸੁਖਦੇਵ ਸਿੰਘ ਦਾ ਆਪਣਾ ਕੀਮਤੀ ਸਮਾਂ ਕੱਢ ਕੇ ਖੇਡ ਮੁਕਾਬਲੇ ’ਚ ਜੇਤੂ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਅਤੇ ਖੇਡਾਂ ਪ੍ਰਤੀ ਵਿਚਾਰ ਸਾਂਝੇ ਕਰਨ ਲਈ ਧੰਨਵਾਦ ਕਰਦਿਆਂ ਉਨ੍ਹਾਂ ਦੇ ਖੇਡ ਪ੍ਰਤੀ ਰੁਝਾਨ ਅਤੇ ਮਿਹਨਤ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਾਲਜ ਖੇਡ ਵਿਭਾਗ ਦੇ ਇੰਚਾਰਜ ਪ੍ਰੋ: ਮਨਪ੍ਰੀਤ ਕੌਰ ਅਤੇ ਸਮੂਹ ਸਟਾਫ ਦੀ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਇਲਾਕੇ ਦੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਸਹਿਯੋਗ ਨਾਲ ਸਾਡਾ ਅੱਜ ਦਾ ਇਹ ਸਮਾਗਮ ਸਫ਼ਲ ਰਿਹਾ ਹੈ। ਇਸ ਮੌਕੇ ਉਨ੍ਹਾਂ ਅਗਾਂਹ ਵੀ ਇਕ ਚੰਗੇ ਗੁਆਂਢੀ ਦੀ ਤਰ੍ਹਾਂ ਇਕ-ਦੂਜੇ ਦਾ ਸਹਿਯੋਗ ਅਤੇ ਸਾਥ ਦੇਣ ਦੀ ਵਚਨਬੱਧਤਾ ਨੂੰ ਦੁਹਰਾਇਆ।
ਇਸ ਮੌਕੇ ਪੈਰਾਡਾਈਜ ਸਕੂਲ ਟਾਹਲੀ ਸਾਹਿਬ ਤੋਂ ਪ੍ਰਿੰਸੀਪਲ ਪਲਵਿੰਦਰ ਸਿੰਘ ਸਰਹਾਲਾ, ਬਾਬਾ ਬੀਰ ਸਿੰਘ ਸਕੂਲ ਮੱਤੇਵਾਲ ਪ੍ਰਿੰ: ਜਤਿੰਦਰ ਸਿੰਘ, ਡਰੈਕਟਰ ਹੋਲੀ ਵਰਲਡ ਸਕੂਲ ਪ੍ਰਿੰ: ਪ੍ਰਦੀਪ ਸਿੰਘ, ਬਾਬਾ ਨਾਮਦੇਵ ਸੀਨੀਅਰ ਸੈਕੰਡਰੀ ਸਕੂਲ ਮਰੜੀ ਪ੍ਰਿੰ: ਅਮਰਜੀਤ ਸਿੰਘ, ਸ੍ਰੀ ਗੁਰੂ ਹਰਕ੍ਰਿਸਨ ਸੀਨੀਅਰ ਸੈਕੰਡਰੀ ਸਕੂਲ ਗੋਪਾਲਪੁਰਾ ਪ੍ਰਿੰ: ਪਰਮਜੀਤ ਕੌਰ, ਸੱਤਿਆ ਭਾਰਤੀ ਸਕੂਲ ਫੱਤੋਭੀਲਾ ਪ੍ਰਿੰ: ਰਣਜੀਤਾ ਕੌਰ, ਸਟਰਲਿੰਗ ਸਕੂਲ ਵਰਿਆਮ ਨੰਗਲ ਪ੍ਰਿੰ: ਅਮਰਜੀਤ ਕੌਰ, ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਅਬਦਾਲ ਪ੍ਰਿੰ: ਪੂਜਾ ਜੈਨ, ਹੋਲੀ ਵਰਲਡ ਸਕੂਲ ਹਰਦੋ ਝੰਡੇ ਪ੍ਰਿੰ: ਸੁਖਪ੍ਰੀਤ ਕੌਰ ਅਤੇ ਉਨ੍ਹਾਂ ਦੇ ਇੰਚਾਰਜ, ਅਧਿਆਪਕ ਵੀ ਹਾਜ਼ਰ ਸਨ।