ਉੱਤਰਾਖੰਡ – ਸਰਕਾਰ ਨੇ ਐਤਵਾਰ ਨੂੰ ਚਾਰ ਧਾਮ ਯਾਤਰਾ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਨਿਯਮਾਂ ਮੁਤਾਬਕ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਯਾਤਰਾ ਤੋਂ ਪਹਿਲਾਂ ਲਾਜ਼ਮੀ ਸਿਹਤ ਜਾਂਚ ਕਰਵਾਉਣੀ ਪਵੇਗੀ। ਜ਼ਿਕਰਯੋਗ ਹੈ ਕਿ ਕੇਦਾਰਨਾਥ ‘ਚ ਹਾਲ ਹੀ ‘ਚ ਖਰਾਬ ਮੌਸਮ ਕਾਰਨ ਦੋ ਸ਼ਰਧਾਲੂਆਂ ਦੀ ਮੌਤ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਚਾਰ ਧਾਮ ਯਾਤਰਾ ਦੌਰਾਨ ਹੁਣ ਤਕ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਜ ਦੇ ਸਿਹਤ ਵਿਭਾਗ ਦੇ ਅਨੁਸਾਰ ਯਾਤਰਾ ਦੌਰਾਨ 101 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਕੇਦਾਰਨਾਥ ਧਾਮ ਵਿੱਚ 49, ਬਦਰੀਨਾਥ ਧਾਮ ਵਿੱਚ 20, ਗੰਗੋਤਰੀ ਧਾਮ ਵਿੱਚ 7 ਅਤੇ ਯਮੁਨੋਤਰੀ ਧਾਮ ਵਿੱਚ 25 ਸ਼ਰਧਾਲੂ ਸ਼ਾਮਲ ਹਨ। ਐਤਵਾਰ ਨੂੰ ਕੇਦਾਰਨਾਥ ਅਤੇ ਬਦਰੀਨਾਥ ਵਿੱਚ 1-1 ਸ਼ਰਧਾਲੂ ਦੀ ਮੌਤ ਹੋ ਗਈ।
ਪਿਛਲੇ ਸਾਲ ਸ਼ਰਧਾਲੂਆਂ ਦੀਆਂ ਮੌਤਾਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ 2019 ‘ਚ 90 ਤੋਂ ਵੱਧ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ 2018 ਵਿੱਚ 102 ਅਤੇ 2017 ਵਿੱਚ 112 ਲੋਕਾਂ ਦੀ ਮੌਤ ਹੋ ਗਈ ਸੀ। ਧਿਆਨ ਯੋਗ ਹੈ ਕਿ ਚਾਰ ਯਾਤਰਾ ਦਾ ਸੀਜ਼ਰ ਹਰ ਸਾਲ ਅਪ੍ਰੈਲ-ਮਈ ਤੋਂ ਅਕਤੂਬਰ-ਨਵੰਬਰ ਤੱਕ ਲਗਭਗ 6 ਮਹੀਨੇ ਚੱਲਦਾ ਹੈ।
ਉੱਤਰਾਖੰਡ ਵਿੱਚ 3 ਮਈ ਨੂੰ ਚਾਰ ਧਾਮ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਰਾਜ ਸਰਕਾਰ ਨੇ ਰੋਜ਼ਾਨਾ ਸ਼ਰਧਾਲੂਆਂ ਦੀ ਗਿਣਤੀ ਤੈਅ ਕਰ ਦਿੱਤੀ ਹੈ। ਕੇਦਾਰਨਾਥ ਲਈ ਰੋਜ਼ਾਨਾ 12000, ਬਦਰੀਨਾਥ ਲਈ 12000, ਗੰਗੋਤਰੀ ਲਈ 7000 ਅਤੇ ਯਮੁਨੋਤਰੀ ਲਈ 4000 ਸ਼ਰਧਾਲੂਆਂ ਦੀ ਗਿਣਤੀ ਰੋਜ਼ਾਨਾ ਤੈਅ ਕੀਤੀ ਗਈ ਹੈ। ਇਸ ਦੌਰਾਨ, ਸ਼ਰਧਾਲੂਆਂ ਲਈ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਸਮੇਤ ਕੋਵਿਡ ਸੁਰੱਖਿਆ ਪ੍ਰੋਟੋਕੋਲ ਲਾਗੂ ਹੋਣਗੇ ਪਰ ਕੋਵਿਡ-19 ਟੈਸਟ ਰਿਪੋਰਟ ਲਾਜ਼ਮੀ ਨਹੀਂ ਹੈ। ਧਿਆਨ ਯੋਗ ਹੈ ਕਿ ਇਸ ਸਾਲ 1 ਮਈ ਤੱਕ ਚਾਰਧਾਮ ਯਾਤਰਾ ਲਈ 2.86 ਲੱਖ ਲੋਕ ਯਾਤਰਾ ਕਰ ਚੁੱਕੇ ਹਨ।