ਪਹਿਲੀ ਵਾਰ ਆਈਪੀਐਲ ਚੈਂਪੀਅਨ ਬਣੇ ਰਾਇਲ ਚੈਲੇਂਜਰਜ਼ ਬੰਗਲੌਰ ਦਾ ਤਿਉਹਾਰੀ ਮਾਹੌਲ ਬੁੱਧਵਾਰ, 4 ਜੂਨ ਨੂੰ ਜਿੱਤ ਦੀ ਪਰੇਡ ਤੋਂ ਪਹਿਲਾਂ ਹੀ ਉਦਾਸੀ ਵਿੱਚ ਬਦਲ ਗਿਆ। ਬੰਗਲੌਰ ਦੇ ਐਮ ਚਿੰਨਾਸਵਾਮੀ ਸਟੇਡੀਅਮ ਨੇੜੇ ਭਗਦੜ ਮਚਣ ਦੇ ਕਾਰਣ 11 ਲੋਕਾਂ ਦੀ ਮੌਤ ਹੋ ਗਈ ਜਦਕਿ 15 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਵਿੱਚੋਂ 3 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਬਾਊਰਿੰਗ ਅਤੇ ਵੈਦੇਹੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਘਟਨਾ ਉਦੋਂ ਵਾਪਰੀ ਜਦੋਂ ਟੀਮ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਐਮ ਚਿੰਨਾਸਵਾਮੀ ਸਟੇਡੀਅਮ ਨੇੜੇ ਇੱਕ ਵੱਡੀ ਭੀੜ ਇਕੱਠੀ ਹੋ ਗਈ ਸੀ। 3 ਜੂਨ ਦੀ ਰਾਤ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਦੇ ਫਾਈਨਲ ਵਿੱਚ, ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਪੰਜਾਬ ਕਿੰਗਜ਼ (ਪੀਬੀਕੇਐਸ) ਨੂੰ 6 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਟਰਾਫੀ ਜਿੱਤੀ ਸੀ। ਚੈਂਪੀਅਨ ਬਣਨ ਤੋਂ ਬਾਅਦ ਵਿਰਾਟ ਕੋਹਲੀ ਅਤੇ ਹੋਰ ਰਾਇਲ ਚੈਲੇਂਜਰਜ਼ ਬੰਗਲੌਰ ਦੇ ਖਿਡਾਰੀਆਂ ਨੇ ਮੰਗਲਵਾਰ ਰਾਤ ਨੂੰ ਦੱਸਿਆ ਸੀ ਕਿ ਉਹ ਅਗਲੇ ਦਿਨ ਬੰਗਲੁਰੂ ਵਿੱਚ ਪ੍ਰਸ਼ੰਸਕਾਂ ਨਾਲ ਖਿਤਾਬ ਦਾ ਜਸ਼ਨ ਮਨਾਉਣਗੇ। ਰਾਇਲ ਚੈਲੇਂਜਰਜ਼ ਬੰਗਲੌਰ ਨੇ ਵਿਧਾਨ ਸੌਧਾ ਵਿਖੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨਾਲ ਮੁਲਾਕਾਤ ਤੋਂ ਬਾਅਦ ਇੱਕ ਜਿੱਤ ਪਰੇਡ ਦਾ ਆਯੋਜਨ ਕਰਨਾ ਸੀ। ਰਾਇਲ ਚੈਲੇਂਜਰਜ਼ ਬੰਗਲੌਰ ਦੇ ਖਿਡਾਰੀਆਂ ਨੂੰ ਇੱਕ ਓਪਨ-ਟੌਪ ਬੱਸ ਵਿੱਚ ਐਮ ਚਿੰਨਾਸਵਾਮੀ ਸਟੇਡੀਅਮ ਦੀ ਯਾਤਰਾ ਕਰਨੀ ਸੀ। ਇਹੀ ਕਾਰਣ ਸੀ ਕਿ 4 ਜੂਨ ਨੂੰ ਹਜ਼ਾਰਾਂ ਰਾਇਲ ਚੈਲੇਂਜਰਜ਼ ਬੰਗਲੌਰ ਪ੍ਰਸ਼ੰਸਕ ਸਟੇਡੀਅਮ ਦੇ ਬਾਹਰ ਜਸ਼ਨ ਮਨਾਉਣ ਲਈ ਇਕੱਠੇ ਹੋ ਗਏ ਅਤ ਸਟੇਡੀਅਮ ਦੇ ਨੇੜੇ ਭਗਦੜ ਮਚਣ ਨਾਲ ਤਿਉਹਾਰ ਦਾ ਮਾਹੌਲ ਉਦਾਸੀ ਦੇ ਵਿੱਚ ਬਦਲ ਗਿਆ।