ਕੋਲੰਬੋ – ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਐਤਵਾਰ ਨੂੰ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨਾਲ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ, ਨਿਵੇਸ਼ ਤੇ ਕੋਰੋਨਾ ਮਹਾਮਾਰੀ ਖ਼ਿਲਾਫ਼ ਸੰਘਰਸ਼ ਸਮੇਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਦੋਵੇਂ ਦੇਸ਼ ਕੂਟਨੀਤਿਕ ਸਬੰਧਾਂ ਦੀ 65ਵੀਂ ਵਰ੍ਹੇਗੰਢ ਮਨਾ ਰਹੇ ਹਨ।
ਵਾਂਗ ਸਟੇਟ ਕੌਂਸਲਰ ਵੀ ਹਨ। ਸ਼ਨਿਚਰਵਾਰ ਨੂੰ ਉਹ ਮਾਲਦੀਵ ਤੋਂ ਦੋ ਦਿਨ ਦੇ ਦੌਰੇ ’ਤੇ ਪੁੱਜੇ ਹਨ। ਇਸ ਦੌਰਾਨ ਉਹ ਦੇਸ਼ ਦੀ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਟਵਿੱਟਰ ’ਤੇ ਕਿਹਾ ਕਿ ਵਾਂਗ ਨਾਲ ਉਨ੍ਹਾਂ ਦੀ ਮੁਲਾਕਾਤ ਬਿਹਤਰ ਰਹੀ। ਉਨ੍ਹਾਂ ਕਿਹਾ ਹੈ, ‘ਚੀਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਚੰਗੀ ਰਹੀ। ਸ੍ਰੀਲੰਕਾਈ ਵਿਦਿਆਰਥੀਆਂ ਦੀ ਚੀਨ ਵਾਪਸੀ ਬਾਰ ਚਰਚਾ ਹੋਈ। ਇਸ ਦੇ ਨਾਲ ਹੀ ਸੈਰ-ਸਪਾਟਾ, ਨਿਵੇਸ਼-ਕੋਵਿਡ-19 ਤੋਂ ਸ੍ਰੀਲੰਕਾ ਨੂੰ ਰਾਹਤ ਤੇ ਕੋਰੋਨਾ ਤੋਂ ਬਾਅਦ ਦੀਆਂ ਤਿਆਰੀਆਂ ਸਮੇਤ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਹੋਈ।’ ਰਾਜਪਕਸ਼ੇ ਨੇ ਸ੍ਰੀਲੰਕਾ ਨੂੰ ਲਗਾਤਾਰ ਸਮਰਥਨ ਦੇਣ ਲਈ ਚੀਨੀ ਸਰਾਕਰ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਮੈਂ ਚੀਨ ਤੇ ਉਸ ਦੀ ਜਨਤਾ ਨੂੰ ਲਗਾਤਾਰ ਸ੍ਰੀਲੰਕਾ ਦਾ ਸਮਰਥਨ ਕਰਨ ਲਈ ਧੰਨਵਾਦ ਦਿੱਤਾ ਹੈ। ਦੋਵੇਂ ਦੇਸ਼ ਦੁਵੱਲੇ ਸਬੰਧਾਂ ਦੀ 65ਵੀਂ ਵਰ੍ਹੇਗੰਢ ਮਨਾ ਰਹੇ ਹਨ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਾਲਾਂ ’ਚ ਇਹ ਰਿਸ਼ਤਾ ਹੋਰ ਵਿਕਸਿਤ ਤੇ ਮਜ਼ਬੂਤ ਹੋਵੇਗਾ।