ਬੀਜਿੰਗ – ਚੀਨ ਦੇ ਵਿਸ਼ਾਲ ਚਾਓਯਾਂਗ ਪਾਰਕ ’ਚ ਗਾਂਧੀ ਜਯੰਤੀ ਮਨਾਈ ਗਈ, ਜਿਸ ਵਿਚ ਸਥਾਨਕ ਸਕੂਲੀ ਬੱਚਿਆਂ ਨੇ ਮੈਂਡਰਿਨ ਭਾਸ਼ਾ ’ਚ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਅਤੇ ਬੀਜਿੰਗ ਦੇ ਕਲਾਕਾਰਾਂ ਨੇ ਉਨ੍ਹਾਂ ਦੇ ਪਸੰਦੀਦਾ ਭਜਨ ’ਤੇ ਓਡੀਸੀ ਡਾਂਸ ਪੇਸ਼ ਕੀਤਾ। ਇਸ ਪਾਰਕ ਵਿਚ 2005 ’ਚ ਮਸ਼ਹੂਰ ਚੀਨੀ ਮੂਰਤੀਕਾਰ ਪ੍ਰੋ. ਯੂਆਨ ਸ਼ਿਕੁਨ ਵੱਲੋਂ ਬਣਾਇਆ ਮਹਾਤਮਾ ਗਾਂਧੀ ਦਾ ਬੁੱਤ ਲਗਾਇਆ ਗਿਆ ਸੀ। ਇਸ ਤੋਂ ਬਾਅਦ ਬੀਜਿੰਗ ਦੇ ਮਸ਼ਹੂਰ ਓਡੀਸੀ ਡਾਂਸਰ ਝਾਂਗ ਜਿੰਗੂਈ ਅਤੇ ਉਨ੍ਹਾਂ ਦੇ ਸਮੂਹ ਵੱਲੋਂ ‘ਵੈਸ਼ਨਵ ਜਨ ਤੋ’ ’ਤੇ ਇਕ ਓਡੀਸੀ ਡਾਂਸ ਦੀ ਪੇਸ਼ਕਾਰੀ ਦਿੱਤੀ ਗਈ।ਭਾਰਤੀ ਭਾਈਚਾਰੇ ਨੇ ਨਾਟਕ ‘ਅਹਿੰਸਾ : ਗਾਂਧੀ ਮਾਰਗ’ ਦਾ ਮੰਚਨ ਕੀਤਾ, ਜਿਸਦਾ ਨਿਰਦੇਸ਼ਨ ਅਤੇ ਲੇਖਨ ਕ੍ਰਮਵਾਰ ਕੇਤਕੀ ਠਾਕਰ ਅਤੇ ਆਯੂਸ਼ੀ ਸੁਗੰਧੀ ਨੇ ਕੀਤਾ। ਰਾਜਦੂਤ ਪ੍ਰਦੀਪ ਕੁਮਾਰ ਰਾਵਤ ਦੀ ਅਗਵਾਈ ’ਚ ਭਾਰਤੀ ਡਿਪਲੋਮੈਟਾਂ ਤੋਂ ਇਲਾਵਾ ਮਾਲਦੀਵ ’ਚ ਚੀਨ ਦੇ ਰਾਜਦੂਤ ਡਾ. ਫਜ਼ੀਲ ਨਜੀਬ, ਬੀਜਿੰਗ ਸਥਿਤ ਭਾਰਤੀ ਪ੍ਰਵਾਸੀ ਅਤੇ ਮਹਾਤਮਾ ਗਾਂਧੀ ਦੇ ਸਥਾਨਕ ਪ੍ਰਸ਼ੰਸਕਾਂ ਨੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
