
ਦੁਨੀਆਂ ਦੇ ਕੁਝ ਦੇਸ਼ਾਂ ਦੀ ਆਰਥਿਕਤਾ ਖੇਤੀਬਾੜੀ ਆਧਾਰਤ ਕੁਝ ਦੀ ਉਦਯੋਗ ਅਧਾਰਤ ਅਤੇ ਕੁਝ ਕੁ ਦੇਸ਼ਾਂ ਦਾ ਆਰਥਿਕਤਾ ਸੂਚਨਾ ਅਤੇ ਤਕਨੀਕ ਅਧਾਰਤ ਹੈ। ਇਸ ਵੇਲੇ ਉਹ ਦੇਸ਼ ਮੁਹਰਲੀ ਕਤਾਰ ਵਿੱਚ ਹਨ ਜੋ ਸੂਚਨਾ ਅਤੇ ਤਕਨੀਕ ਤੋਂ ਪੈਸਾ ਕਮਾ ਰਹੇ ਹਨ। ਜਿਥੇ ਦੁਨੀਆਂ ਭਰ ਵਿੱਚ ਤਕਨਾਲੋਜੀ ਦੀ ਕ੍ਰਾਂਤੀ ਆਈ ਹੈ ਉਥੇ ਭਾਰਤ ਵੀ ਡਿਜੀਟਲਾਈਜੇਸ਼ਨ ਵੱਲ ਵਧ ਰਿਹਾ ਹੈ। ਭਾਵੇਂ ਅਨਪੜ੍ਹਤਾ, ਗਰੀਬੀ ਆਦਿ ਕਾਰਨ ਡਿਜੀਟਲ ਵੰਡ ਵਿੱਚ ਹਾਲੇ ਸਾਡਾ ਦੇਸ਼ ਕਾਫੀ ਪਿਛੇ ਹੈ ਪਰ ਫਿਰ ਵੀ ਅਬਾਦੀ ਜਿਆਦਾ ਹੋਣ ਕਾਰਨ ਡਿਜੀਟਲ ਮਾਰਕੀਟਿੰਗ ਲਈ ਵੱਡਾ ਬਜ਼ਾਰ ਪ੍ਰਦਾਨ ਕਰ ਰਿਹਾ ਹੈ। ਪਰ ਭਾਰਤ ਦੀ ਇਸ ਡਿਜੀਟਲ ਕ੍ਰਾਂਤੀ ਦਾ ਫਾਇਦਾ ਹੋਰ ਦੇਸ਼ ਉਠਾ ਰਹੇ ਹਨ। ਕਿਸੇ ਵੀ ਦੇਸ਼ ਵਿੱਚ ਬਣੀਆਂ ਮੋਬਾਈਲ ਐਪਲੀਕੇਸ਼ਨਾ ਅਤੇ ਗੇਮਾਂ ਨੂੰ ਡਾਉਨਲੋਡ ਕਰ ਕਰ ਕੇ ਅਸੀਂ ਬੜੀ ਛੇਤੀ ਮਸ਼ਹੂਰ ਕਰ ਦਿੰਦੇ ਹਾਂ। ਚੀਨ ਦੀ ਹੀ ਗੱਲ ਲੈ ਲਓ ਟਿਕਟਾਕ, ਯੂ ਸੀ ਵੈਬ, ਵੀ ਚੈਟ ਆਦਿ ਕਿੰਨੀਆ ਹੀ ਐਪਲੀਕੇਸ਼ਨ ਅਸੀਂ ਧੜਾਧੜ ਵਰਤ ਰਹੇ ਹਾਂ। ਕੀ ਤੁਹਾਨੂੰ ਪਤਾ ਹੈ ਇੰਨਾ ਅੈਪਲੀਕੇਸ਼ਨਾ ਤੋਂ ਚੀਨ ਕਰੋੜਾਂ ਨਹੀਂ ਅਰਬਾਂ ਕਮਾ ਰਿਹਾ ਹੈ। ਇਸੇ ਹੀ ਤਰ੍ਹਾਂ ਅਮਰੀਕਾ ਦੀਆਂ ਫੇਸਬੁੱਕ, ਵੱਟਸਐਪ, ਟਵੀਟਰ ਵਰਗੀਆਂ ਐਪਸ ਵੀ ਇਸੇ ਤਰ੍ਹਾਂ ਧੁਮ ਮਚਾ ਰਹੀਆਂ ਹਨ।