ਚੰਡੀਗੜ੍ਹ – ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬੀਤੇ ਦਿਨ ਚੰਡੀਗੜ੍ਹ ’ਚ ਕੇਂਦਰ ਦੇ ਨਿਯਮ ਲਾਗੂ ਕਰਨ ਦੇ ਐਲਾਨ ਦਾ ਮੁਲਾਜ਼ਮਾਂ ਨੇ ਵਿਰੋਧ ਕਰ ਦਿੱਤਾ ਹੈ। ਅੱਜ ਮੁਲਾਜ਼ਮਾਂ ਨੇ ਇਸ ਦੇ ਵਿਰੋਧ ’ਚ ਭਾਜਪਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਵੇਖਦੇ ਹੀ ਵੇਖਦੇ ਮੁਲਾਜ਼ਮਾਂ ਨੇ ਬੀਜੇਪੀ ਦਫ਼ਤਰ ਦਾ ਘਿਰਾਓ ਕਰਨ ਲਈ ਕੂਚ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਚੰਡੀਗਡ਼੍ਹ ਵਿਚ ਹਾਲੇ ਤਕ ਪੰਜਾਬ ਸਰਵਿਸ ਰੂਲਜ਼ ਲਾਗੂ ਹੁੰਦੇ ਸਨ। ਕੇਂਦਰੀ ਸਿਵਲ ਸਰਵਿਸ ਰੂਲਜ਼ ਲਾਗੂ ਹੋਣ ਨਾਲ ਹੁਣ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ ਦੇ ਤਹਿਤ ਹੋਣ ਵਾਲੀਆਂ ਨਵੀਆਂ ਭਰਤੀਆਂ ਅਤੇ ਰਿਟਾਇਰਮੈਂਟ ਤੋਂ ਇਲਾਵਾ ਹੋਰ ਸਰਵਿਸ ਰੂਲਜ਼ ਬਦਲ ਜਾਣਗੇ। ਇਸ ਫ਼ੈਸਲੇ ਨਾਲ ਮੁਲਾਜ਼ਮਾਂ ਦੀ ਵਿੱਤੀ ਸਥਿਤੀ ਵਿਚ ਵੱਡਾ ਸੁਧਾਰ ਹੋਵੇਗਾ। ਇਸ ਨਾਲ ਮੁਲਾਜ਼ਮਾਂ ਦੇ ਪੇਅ ਸਕੇਲ ਤੋਂ ਇਲਾਵਾ ਟੀਏ-ਡੀਏ ਆਦਿ ਭੱਤੇ ਵੀ ਮਿਲਣਗੇ, ਜਿਨ੍ਹਾਂ ਤੋਂ ਹੁਣ ਤਕ ਚੰਡੀਗਡ਼੍ਹ ਪ੍ਰਸ਼ਾਸਨ ਦੇ ਮੁਲਾਜ਼ਮ ਵਾਂਝੇ ਸਨ। ਇੱਥੋਂ ਤਕ ਕਿ ਚੰਡੀਗਡ਼੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੂੰ ਜਿਹਡ਼ੇ ਸਰਵਿਸ ਰੂਲਜ਼ ਦੇ ਫਾਇਦੇ ਮਿਲਣੇ ਹੁੰਦੇ ਸਨ, ਉਨ੍ਹਾਂ ਨੂੰ ਉਸ ਲਈ ਕਾਫੀ ਮੁਸ਼ੱਕਤ ਕਰਨੀ ਪੈਂਦੀ ਸੀ।
