ਚੰਡੀਗੜ੍ਹ – ਚੰਡੀਗੜ੍ਹ ਨਗਰ ਨਿਗਮ ‘ਤੇ ਭਾਜਪਾ ਨੇ ਇਕ ਵਾਰ ਫਿਰ ਕਬਜ਼ਾ ਕਰ ਲਿਆ ਹੈ। ਭਾਜਪਾ ਦੀ ਸਰਬਜੀਤ ਕੌਰ ਨੇ ਮੇਅਰ ਦੀ ਚੋਣ ਜਿੱਤ ਲਈ ਹੈ। ਉਸ ਨੇ ਆਮ ਆਦਮੀ ਪਾਰਟੀ (ਆਪ) ਦੀ ਅੰਜੂ ਕਤਿਆਲ ਨੂੰ ਸਿਰਫ਼ ਇਕ ਵੋਟ ਨਾਲ ਹਰਾਇਆ। ਸਰਬਜੀਤ ਕੌਰ ਨੂੰ 14 ਵੋਟਾਂ ਮਿਲੀਆਂ ਜਦਕਿ ਅੰਜੂ ਕਤਿਆਲ ਨੂੰ 13 ਵੋਟਾਂ ਮਿਲੀਆਂ। ‘ਆਪ’ ਦੀ ਇੱਕ ਵੋਟ ਅਯੋਗ (ਰੱਦ) ਹੋਣ ਕਾਰਨ ਸਰਬਜੀਤ ਕੌਰ ਨੂੰ ਮੇਅਰ ਦੀ ਕੁਰਸੀ ਮਿਲੀ ਹੈ। ਅਸੀਂ ਤੁਹਾਨੂੰ ਚੰਡੀਗੜ੍ਹ ਦੀ ਨਵੀਂ ਮੇਅਰ ਸਰਬਜੀਤ ਕੌਰ ਬਾਰੇ ਜਾਣਕਾਰੀ ਦੇ ਰਹੇ ਹਾਂ। ਸਰਬਜੀਤ ਕੌਰ ਚੰਡੀਗੜ੍ਹ ਸੈਕਟਰ-13 ਮਨੀਮਾਜਰਾ ਦੀ ਵਸਨੀਕ ਹੈ। ਸਰਬਜੀਤ ਕੌਰ ਨੇ ਆਪਣੇ ਵਾਰਡ ਨੰਬਰ-6 ਤੋਂ ਪਹਿਲੀ ਵਾਰ ਨਗਰ ਨਿਗਮ ਦੀ ਚੋਣ ਲੜੀ ਤੇ ਕੌਂਸਲਰ ਵਜੋਂ ਜਿੱਤ ਕੇ ਨਗਰ ਨਿਗਮ ਵਿੱਚ ਪਹੁੰਚੀ। ਇਸ ਵਾਰਡ ਦੀ ਸੀਟ ਔਰਤਾਂ ਲਈ ਰਾਖਵੀਂ ਹੋਣ ਤੋਂ ਬਾਅਦ ਭਾਜਪਾ ਨੇ ਸਰਬਜੀਤ ਕੌਰ ਨੂੰ ਉਮੀਦਵਾਰ ਬਣਾਇਆ ਸੀ। ਸਰਬਜੀਤ ਕੌਰ ਨੇ ਕਾਂਗਰਸੀ ਉਮੀਦਵਾਰ ਮਮਤਾ ਗਿਰੀ ਨੂੰ ਹਰਾਇਆ। ਸਰਬਜੀਤ ਕੌਰ ਦਾ ਵਿਆਹ ਸਾਲ 2000 ‘ਚ ਭਾਜਪਾ ਆਗੂ ਜਗਤਾਰ ਸਿੰਘ ਜੱਗਾ ਨਾਲ ਹੋਇਆ ਸੀ। ਉਨ੍ਹਾਂ ਦੇ ਪੇਕੇ ਰਾਮਗੜ੍ਹ, ਪੰਚਕੂਲਾ ‘ਚ ਹਨ। ਸਰਬਜੀਤ ਕੌਰ ਦੀ ਇਕ ਬੇਟੀ ਤੇ ਇੱਕ ਪੁੱਤਰ ਹੈ। ਬੇਟਾ ਆਸਟ੍ਰੇਲੀਆ ‘ਚ ਪੜ੍ਹ ਰਿਹਾ ਹੈ ਜਦਕਿ ਬੇਟੀ ਮਾਨਸਿਕ ਤੌਰ ‘ਤੇ ਅਪਾਹਜ ਹੈ। ਬੇਟੀ ਦੀ ਦੇਖਭਾਲ ਸਰਬਜੀਤ ਕੌਰ ਖੁਦ ਕਰਦੀ ਹੈ। ਵਿਆਹ ਸਮੇਂ ਸਰਬਜੀਤ ਕੌਰ ਬੀਏ ਦੂਜੇ ਸਾਲ ‘ਚ ਪੜ੍ਹਦੀ ਸੀ। ਵਿਆਹ ਤੋਂ ਬਾਅਦ ਉਨ੍ਹਾਂ ਪੜ੍ਹਾਈ ਛੱਡ ਦਿੱਤੀ। ਵਿਆਹ ਤੋਂ ਬਾਅਦ ਸਰਬਜੀਤ ਕੌਰ ਪਹਿਲੇ ਬੇਟੇ ਦੀ ਤੇ ਫਿਰ ਬੇਟੀ ਦੀ ਮਾਂ ਵੀ ਬਣ ਗਈ। ਪਤੀ ਜਗਤਾਰ ਜੱਗਾ ਪਹਿਲਾਂ ਤੋਂ ਹੀ ਰਾਜਨੀਤੀ ‘ਚ ਹਨ ਜਿਸ ਕਾਰਨ ਸਰਬਜੀਤ ਕੌਰ ਨੇ ਵੀ ਸਮਾਜਿਕ ਕੰਮਾਂ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਜਗਤਾਰ ਜੱਗਾ ਇਸ ਤੋਂ ਪਹਿਲਾਂ ਨਗਰ ਨਿਗਮ ‘ਚ ਭਾਜਪਾ ਕੌਂਸਲਰ ਵਜੋਂ ਚੋਣ ਜਿੱਤ ਚੁੱਕੇ ਹਨ। ਇਸ ਤੋਂ ਬਾਅਦ ਉਹ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਵੀ ਸੰਭਾਲ ਚੁੱਕੇ ਹਨ।