Articles

ਚੰਦਰਾ ਗੁਆਂਢ ਨਾ ਹੋਵੇ: ਪਹਿਲਗਾਮ ਕਤਲੇਆਮ ਦਾ ਦੁਖਾਂਤ !

22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਸੀਆਰਪੀਐਫ ਦੇ ਜਵਾਨ ਸ਼ਨੀਵਾਰ ਨੂੰ ਸ੍ਰੀਨਗਰ ਵਿੱਚ ਡੱਲ ਝੀਲ ਦੇ ਕੰਢੇ ਗਸ਼ਤ ਕਰਦੇ ਹੋਏ। (ਫੋਟੋ: ਏ ਐਨ ਆਈ)
ਲੇਖਕ: ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਜੰਮੂ ਕਸ਼ਮੀਰ ਵਿੱਚ ਪਹਿਲਗਾਮ ਦੀ ਬੈਸਰਾਨ ਘਾਟੀ ਵਿੱਚ 22 ਅਪ੍ਰੈਲ 2025 ਨੂੰ ਕਥਿਤ ਅਤਵਾਦੀਆਂ ਨੇ ਇੱਕ ਸਮੁਦਾਇ ਦੇ ਯਾਤਰੀਆਂ  ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਹੜੇ ਸੈਲਾਨੀ ਕੁਦਰਤ ਦੀ ਗੋਦ ਦਾ ਆਨੰਦ ਮਾਨਣ ਲਈ ਗਏ ਸਨ ਉਨ੍ਹਾਂ ਵਿੱਚੋਂ 28 ਸੈਲਾਨੀਆਂ  ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ , ਉਸ ਦਰਦਨਾਕ ਤੇ ਹਿਰਦੇਵੇਦਿਕ ਘਟਨਾ ਨਾਲ ਸਮੁੱਚੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹਰ ਭਾਰਤੀ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਝੜੀ ਲੱਗ ਗਈ। ਭਾਰਤ ਦੇ ਸਾਰੇ ਵਰਗਾਂ ਅਤੇ ਰਾਜਾਂ ਦੇ ਲੋਕ ਸਰਕਾਰ ਦੀ ਪਿੱਠ ‘ਤੇ ਖੜ੍ਹ ਗਏ ਅਤੇ ਪਿੰਡ- ਪਿੰਡ ਤੇ ਸ਼ਹਿਰ ਸ਼ਹਿਰ ਵਿੱਚ ਸ਼ੋਕ ਸਭਾਵਾਂ ਵਿੱਚ ਇਸ ਘਿਨੌਣੀ ਹਰਕਤ ਦੀ ਨਿੰਦਿਆ ਕੀਤੀ ਗਈ ਹੈ।

ਪੰਜਾਬੀ ਦੀ ਇੱਕ ਕਹਾਵਤ ਹੈ ਕਿ ‘ਚੰਦਰਾ ਗੁਆਂਢ ਨਾ ਹੋਵੇ ਤੇ ਲਾਈ ਲੱਗ ਨਾ ਹੋਵੇ ਘਰ ਵਾਲਾ’। ਆਮ  ਤੌਰ ‘ਤੇ ਇਹ ਕਹਾਵਤ ਉਦੋਂ ਵਰਤੀ ਜਾਂਦੀ ਹੈ ਜਦੋਂ ਪਰਿਵਾਰਾਂ ਅਤੇ ਆਂਢੀਆਂ ਗੁਆਂਢੀਆਂ ਵਿੱਚ ਮਾੜੀਆਂ ਮੋਟੀਆਂ ਗੱਲਾਂ ‘ਤੇ ਹੀ ਬਿਨਾ ਵਜਾਹ ਚੁੰਝ ਚਰਚਾ ਚਲਦੀ ਤੇ ਲੜਾਈ ਝਗੜਾ ਹੁੰਦਾ ਰਹੇ। ਪ੍ਰੰਤੂ ਇਹ ਕਹਾਵਤ ਆਂਢ ਗੁਆਂਢ ਦੇ ਦੇਸ਼ਾਂ ‘ਤੇ  ਵੀ  ਉਤਨੀ ਹੀ ਢੁਕਦੀ ਹੈ। ਜਿਥੇ ਇਨਸਾਨ ਰਹਿੰਦਾ ਹੋਵੇ ਭਾਵੇਂ ਉਹ ਦੇਸ਼ ਹੀ ਕਿਉਂ ਨਾ ਹੋਵੇ? ਉਥੇ ਆਪਣੇ ਆਂਢੀਆਂ-ਗੁਆਂਢੀਆਂ ਨਾਲ ਉਨ੍ਹਾਂ ਨੂੰ ਆਪਸੀ ਪਿਆਰ ਸਤਿਕਾਰ ਤੇ ਮਿਲਵਰਤਨ ਨਾਲ ਰਹਿਣਾ ਚਾਹੀਦਾ ਹੈ। ਸ਼ਾਂਤਮਈ ਵਾਤਾਵਰਨ ਤੋਂ ਬਿਨਾ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ। ਸ਼ਾਂਤੀ ਹੀ ਵਿਕਾਸ ਦਾ ਧੁਰਾ ਹੁੰਦੀ ਹੈ। ਅਸ਼ਾਂਤੀ ਦੇ ਮਾਹੌਲ ਵਿੱਚ ਸੁੱਖਮਈ ਜੀਵਨ ਜੀਵਿਆ ਹੀ ਨਹੀਂ ਜਾ ਸਕਦਾ, ਕਿਉਂਕਿ ਹਰ ਵਕਤ ਇੱਕ ਦੂਜੇ ਦੀਆਂ ਲੱਤਾਂ ਖਿਚਣ ਵਿੱਚ ਸਮਾਂ ਬਰਬਾਦ ਕੀਤਾ ਜਾਵੇ, ਉਦੋਂ ਨਾ ਤਾਂ ਮਨ ਸ਼ਾਂਤ ਰਹਿੰਦਾ ਹੈ ਅਤੇ ਨਾ ਹੀ ਵਿਕਾਸ ਦੀਆਂ ਸਕੀਮਾ ਬਣਾਉਣ ਵਲ ਧਿਆਨ ਜਾਂਦਾ ਹੈ। ਫਿਰ ਉਸ ਦੇਸ਼ ਦੇ ਲੋਕਾਂ ਦਾ ਨੁਕਸਾਨ ਹੁੰਦਾ ਹੈ, ਸਗੋਂ ਹਰ ਵਕਤ ਅਨਰਜ਼ੀ ਬੇਫ਼ਜੂਲ ਦੇ ਕੰਮਾ ਵਿੱਚ ਅਜਾਈਂ ਗੁਆਈ ਜਾਂਦੀ ਹੈ। ਜਿਵੇਂ ਪਾਕਿਸਤਾਨ ਵਿੱਚ ਹੋ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ,  ਇੱਕ ਪਾਸੇ ਪਾਕਿਸਤਾਨ ਆਪਣੇ ਆਪ ਨੂੰ ਪਰਜਾਤੰਤਰਿਕ ਦੇਸ਼ ਕਹਿੰਦਾ ਹੈ, ਪ੍ਰੰਤੂ ਦੂਜੇ ਪਾਸੇ ਫੌਜ ਦਾ ਬੋਲਬਾਲਾ ਹੈ। ਸਿਆਸਤਦਾਨ ਇਤਨੇ ਕਮਜ਼ੋਰ ਕਿਉਂ ਹੋ ਗਏ ਹਨ? ਉਹ ਫੌਜ ਦੇ ਥੱਲੇ ਲੱਗੇ ਹੋਏ ਹਨ,  ਉਨ੍ਹਾਂ ਨੂੰ ਨਾਲੇ ਇਹ ਵੀ ਪਤਾ ਹੈ ਕਿ ਫੌਜ ਕਾਬਲੇ ਇਤਬਾਰ ਨਹੀਂ।

ਹਰ ਸਿਆਸਤਦਾਨ ਦਾ ਅਖ਼ੀਰ ਫੌਜ ਹੱਥੋਂ ਸਿਆਸੀ ਕਤਲ ਹੁੰਦਾ ਹੈ। ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਜੋ ਕਿਸੇ ਸਮੇਂ ਸਾਡਾ ਆਪਣਾ ਹੀ ਅੰਗ ਹੁੰਦਾ ਸੀ, ਉਹ ਬਿਨਾ ਵਜਾਹ ਹੀ ਭਾਰਤ ਨਾਲ ਸਿੰਗ ਫਸਾਈ ਰੱਖਦਾ ਹੈ। ਇੰਝ ਕਰਨ ਨਾਲ ਉਸਦਾ ਆਪਣਾ ਨੁਕਸਾਨ ਹੋ ਰਿਹਾ ਹੈ। ਇੱਕ ਪਾਸੇ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਇੱਕ ਟੀ ਵੀ ਚੈਨਲ ਨਾਲ ਇੰਟਰਵਿਊ ਵਿੱਚ ਮੰਨਦੇ ਹਨ ਕਿ ਪਾਕਿਸਤਾਨ ਪਿਛਲੇ 30 ਸਾਲਾਂ ਤੋਂ ਅਤਵਾਦੀਆਂ ਦਾ ਸਮਰਥਨ ਅਤੇ ਸਿਖਲਾਈ ਦੇ ਰਿਹਾ ਹੈ, ਇੰਝ ਕਰਕੇ ਉਹ ਪੱਛਵੀਂ ਦੇਸ਼ਾਂ ਲਈ ਮਾੜਾ ਕੰਮ ਕਰ ਰਿਹਾ ਹੈ। ਇਸਨੂੰ ਉਹ ਆਪਣੇ ਦੇਸ਼ ਦੀ ਗਗ਼ਲਤ ਮੰਨਦਾ ਹੈ, ਮੰਤਰੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਇਤਨੀ ਮਾੜੀ ਹਾਲਤ ਨਾ ਹੁੰਦੀ ਜੇਕਰ ਪਾਕਿਸਤਾਨ ਅਜਿਹੀਆਂ ਹਰਕਤਾਂ ਨਾ ਕਰਦਾ। ਦੂਜੇ ਪਾਸੇ ਅਜੇ ਵੀ ਆਪਣੀਆਂ ਕਰਤੂਤਾਂ ਤੋਂ ਬਾਜ ਨਹੀਂ ਆਉਂਦਾ। ਪਾਕਿਸਤਾਨ ਦੀ ਆਰਥਿਕ ਹਾਲਤ ਡਾਵਾਂਡੋਲ ਹੈ, ਆਰਥਿਕ ਦੀਵਾਲਾ ਨਿਕਲਣ ਦੇ ਨਜ਼ਦੀਕ ਪਹੁੰਚ ਚੁੱਕਾ ਹੈ। ਹਰ ਵਕਤ ਦੂਜੇ ਦੇਸ਼ਾਂ ਅੱਗੇ ਹੱਥ ਅੱਡੀ ਰੱਖਦਾ ਹੈ। ਦੂਜੇ  ਦੇਸ਼ਾਂ ਤੋਂ ਸਹਾਇਤਾ ਲੈ ਕੇ ਗੁਜ਼ਾਰਾ ਕਰ ਰਿਹਾ ਹੈ। ਉਹ ਦੇਸ਼ ਆਪਣਾ ਉਲੂ ਸਿੱਧਾ ਕਰ ਰਹੇ ਹਨ, ਆਪਣਾ ਸਾਮਾਨ ਵੇਚ  ਰਹੇ ਹਨ।

ਪਾਕਿਸਤਾਨ ‘ਤੇ  ਉਹ ਕਹਾਵਤ ਵੀ ਢੁਕਦੀ ਹੈ, ‘ਚੰਦਰਾ  ਗੁਆਂਢ ਨਾ ਹੋਵੇ ਲਾਈ ਲੱਗ ਨਾ ਹੋਵੇ ਘਰ ਵਾਲਾ’। ਪਾਕਿਸਤਾਨ ਨੂੰ ਸੋਚਣਾ ਹੋਵੇਗਾ ਧਰਮ ਦੇ ਨਾਮ ‘ਤੇ ਦੇਸ਼ ਉਨ੍ਹਾਂ ਆਪ ਬਣਾਇਆ ਹੈ। ਜਿਨਹਾ ਨੇ ਅੰਗਰੇਜ਼ਾਂ ਦੇ ਧੱਕੇ ਚੜ੍ਹਕੇ ਕਾਂਗਰਸ ‘ਚੋਂ ਅਸਤੀਫਾ ਦੇ ਕੇ ਧਰਮ ‘ਤੇ ਅਧਾਰਤ ਪਾਕਿਸਤਾਨ ਦੀ ਮੰਗ ਕੀਤੀ ਸੀ। ਧਰਮ ‘ਤੇ ਅਧਾਰਤ ਦੇਸ਼ ਬਣਾਇਆ ਸੀ, ਫਿਰ ਭਾਰਤ ਵਿੱਚੋਂ ਉਨ੍ਹਾਂ ਦੇ ਧਰਮ ਦੇ ਲੋਕ ਕਿਉਂ ਨਹੀਂ ਪਾਕਿਸਤਾਨ ਦੇਸ਼ ਵਿੱਚ ਗਏ?

ਇਹ ਸੋਚਣ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਪਤਾ ਸੀ ਕਿ ਪਾਕਿਸਤਾਨ ਵਿੱਚ ਉਨ੍ਹਾਂ ਦਾ ਭਵਿਖ ਸੁਨਹਿਰਾ ਨਹੀਂ ਹੋਵੇਗਾ। ਹੁਣ ਜਦੋਂ ਪਾਕਿਸਤਾਨ ਕਦੀ ਪੁਲਵਾਮਾ, ਪਹਿਲਗਾਮ ਤੇ ਕਦੀ ਕਿਸੇ ਹੋਰ ਥਾਂ ‘ਤੇ ਇੱਕ ਸਮੁਦਾਇ ਦੇ ਲੋਕਾਂ ਦੇ ਕਤਲ  ਕਰਦੇ ਹਨ ਤਾਂ ਉਨ੍ਹਾਂ ਇਹ ਨਹੀਂ ਸੋਚਿਆ ਕਿ ਉਨ੍ਹਾਂ ਦੀ  ਸਮੁਦਾਇ ਦੇ  ਲੋਕ ਭਾਰਤ ਵਿੱਚ ਰਹਿੰਦੇ ਹਨ, ਜੇਕਰ ਉਨ੍ਹਾਂ ਨਾਲ ਅਜਿਹੀ ਘਟਨਾ ਹੋਵੇ ਤਾਂ ਕੀ ਉਨ੍ਹਾਂ ਨੂੰ ਤਕਲੀਫ ਨਹੀਂ ਹੋਵੇਗੀ। ਉਹ ਆਪਣੇ ਸਮੁਦਾਇ ਦੇ ਹਿੱਤਾਂ ਦਾ ਵੀ ਧਿਆਨ ਨਹੀਂ ਰੱਖਦੇ। ਇਸ ਲਈ ਪਾਕਿਸਤਾਨ ਦੀ ਫੌਜ ਨੂੰ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ। ਅਜਿਹੀਆਂ ਘਟਨਾਵਾਂ ਦੋਹਾਂ ਸਮੁਦਾਇ ਦਾ ਜੀਣਾ ਦੁੱਭਰ ਕਰ ਰਹੀਆਂ ਹਨ।

ਆਦਿਲ ਹੁਸੈਨ ਸ਼ਾਹ ਦੀ ਕੁਰਬਾਨੀ ਨੇ ਦੋਹਾਂ ਸਮੁਦਾਇ ਦੇ ਅਨਿਖੜਵੇਂ ਸੰਬੰਧਾਂ ਦਾ ਪ੍ਰਗਟਾਵਾ ਕੀਤਾ ਹੈ। ਭਾਰਤ ਸਰਕਾਰ ਨੂੰ ਆਦਿਲ ਹੁਸੈਨ ਸ਼ਾਹ ਨੂੰ ਮਰਨ ਉਪਰੰਤ ਭਾਰਤ ਦਾ ਸਰਵੋਤਮ ਸਨਮਾਨ ਦੇਣਾ ਚਾਹੀਦਾ ਹੈੈ, ਜਿਹੜਾ  ਹਿੰਦੂ ਮੁਸਲਮਾਨ ਏਕਤਾ ਦਾ ਪ੍ਰਤੀਕ ਬਣਿਆਂ ਹੈ। ਪਾਕਿਸਤਾਨ ਦੀ  ਇਸ ਘਿਨੌਣੀ ਹਰਕਤ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਦੇ ਰੋਜ਼ਗਾਰ ‘ਤੇ ਵੀ ਗਹਿਰੀ ਸੱਟ ਮਾਰੀ ਹੈ। ਹਜ਼ਾਰਾਂ ਸੈਲਾਨੀਆਂ ਨੇ ਆਪਣੇ ਫੈਸਲੇ ਬਦਲ ਲਏ ਹਨ।

ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਜੰਮੂ ਕਸ਼ਮੀਰ ਵਿੱਚ ਵਸ ਰਹੇ ਇੱਕ ਫ਼ਿਰਕੇ ਦੇ ਲੋਕਾਂ ਨੇ ਸਿਆਣਪ ਵਿਖਾਈ ਹੈ, ਭਾਰਤ ਦੀ ਏਕਤਾ ਤੇ ਅਖੰਡਤਾ ਲਈ ਇੱਕੋ ਆਵਾਜ਼ ਵਿੱਚ ਪਹਿਲਗਾਮ ਕਤਲੇਆਮ ਦੀ ਘੋਰ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। ਨਹੀਂ ਆਮ ਤੌਰ ‘ਤੇ ਵਿਰੋਧੀ ਪਾਰਟੀਆਂ ਅਜਿਹੀਆਂ ਘਟਨਾਵਾਂ ‘ਤੇ ਵੀ ਸਿਆਸਤ ਕਰਨ ਲੱਗ ਜਾਂਦੀਆਂ ਹਨ। ਵਿਰੋਧੀ ਪਾਰਟੀਆਂ ਨੇ ਦੇਸ ਦੀ ਰੱਖਿਆ ਲਈ ਇੱਕਮੁਠਤਾ ਦਾ ਸਬੂਤ ਦਿੱਤਾ ਹੈ। ਭਾਰਤ ਦੇ ਹਰ ਫ਼ਿਰਕੇ ਦੇ ਲੋਕਾਂ ਨੇ ਸਰਕਾਰ ਨਾਲ ਹਰ ਕਿਸਮ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਪਾਕਿਸਤਾਨ ਦੀ ਫੌਜ ਨੇ ਇੱਕ ਫ਼ਿਰਕੇ ਦੇ ਲੋਕਾਂ ਦਾ ਕਤਲੇਆਮ ਕਰਕੇ ਭਾਰਤ ਵਿੱਚ ਦੰਗੇ  ਫੈਲਾਉਣ ਦੀ ਕੋਸਿਸ਼ ਕੀਤੀ ਸੀ, ਪ੍ਰੰਤੂ ਸੂਝਵਾਨ ਭਾਰਤੀਆਂ ਨੇ ਇੱਕਮੁੱਠਤਾ ਦਾ ਸਬੂਤ ਦੇ ਕੇ ਬਹਿਕਾਵੇ ਵਿੱਚ ਆਉਣ ਤੋਂ ਸਾਫ  ਇਨਕਾਰ ਕਰ ਦਿੱਤਾ ਹੈ। ਇੰਡੋ ਪਾਕਿ ਜੰਗ ਵਿੱਚ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ ਸੀ, ਇਸ ਲਈ ਪਾਕਿਸਤਾਨ ਦੀ ਸਰਕਾਰ ਨੂੰ ਸਿਆਣਪ ਤੋਂ ਕੰਮ  ਲੈਣਾ ਚਾਹੀਦਾ ਹੈ ਕਿਤੇ ਇਹ ਨਾ ਹੋਵੇ ਕਿ ਭਾਰਤ ਨੂੰ ਮਜ਼ਬੂਰ ਕਰਕੇ ਆਪਣਾ ਹੋਰ ਨੁਕਸਾਨ ਕਰਵਾ ਲਵੋ।

ਸੰਸਾਰ ਜਾਣਦਾ ਹੈ ਕਿ ਪਾਕਿਸਤਾਨ ਖਾਮਖਾਹ ਪੰਗੇ ਲੈ ਰਿਹਾ ਹੈ। ਪਾਕਿਸਤਾਨ ਦੀ ਫੌਜ ਇਵੇਂ ਅਜਿਹੀਆਂ ਹਰਕਤਾਂ ਕਰ ਰਹੀ ਹੈ, ਜਿਵੇਂ ਪੰਜਾਬੀ ਦੀ ਇੱਕ ਹੋਰ ਕਹਾਵਤ ਹੈ ‘ਚੱਕੀ ਹੋਈ ਪੰਚਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ’ ਪਾਕਿਸਤਾਨ ਨੂੰ ਸਮਝਣਾ ਚਾਹੀਦਾ ਹੈ ਕਿ ਉਂਗਲ  ਲਾਉਣ ਵਾਲੇ ਔਖੇ ਸਮੇਂ ਵਿੱਚ ਕਦੀ ਨਾਲ ਨਹੀਂ ਖੜ੍ਹਦੇ ਹੁੰਦੇ, ਸਗੋਂ ਦੂਰ  ਖੜ੍ਹਕੇ ਤਮਾਸ਼ਾ ਵੇਖਦੇ ਰਹਿੰਦੇ ਹਨ।

ਪਾਕਿਸਤਾਨ ਨੇ ਸਿੱਖਾਂ ਤੋਂ ਬਿਨਾ ਬਾਕੀ ਸਾਰੇ ਭਾਰਤੀਆਂ ਨੂੰ ਪਾਕਿਸਤਾਨ ਛੱਡਣ ਦੇ ਹੁਕਮ ਕਰਕੇ ਵੰਡੀਆਂ ਪਾ ਕੇ ਸਿੱਖਾਂ ਨੂੰ ਫੁਸਲਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਵਿੱਚ ਉਹ ਸਫ਼ਲ ਨਹੀਂ ਹੋਣਗੇ। ਸਿੱਖ ਕੌਮ ਹਮੇਸ਼ਾ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੁਰਬਾਨੀਆਂ ਕਰਨ ਲਈ ਤੱਤਪਰ ਰਹਿੰਦੀ ਹੈ। ਭਾਰਤ ਸਰਕਾਰ ਨੇ 1960 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖ਼ਾਨ ਨਾਲ ਵਿਸ਼ਵ ਬੈਂਕ ਦੀ ਵਿਚੋਲਗੀ ਰਾਹੀਂ ਕਰਾਚੀ ਵਿੱਚ ਬੈਠ ਕੇ ਸਿੰਧ ਜਲ ਸਮਝੌਤਾ ਕੀਤਾ ਕੀਤਾ ਸੀ। ਇਸ ਸਮਝੌਤੇ ਨੂੰ ਅਮਲੀ ਰੂਪ ਦੇਣ ਲਈ 9 ਸਾਲ ਲੱਗੇ ਸਨ। ਇਸ ਸਮਝੌਤੇ ਅਧੀਨ 6 ਦਰਿਆਵਾਂ ਸਿੰਧ, ਜੇਹਲਮ ਸਤਲੁਜ, ਰਾਵੀ, ਬਿਆਸ ਅਤੇ ਚਨਾਬ ਦਾ 80 ਫ਼ੀਸਦੀ ਪਾਣੀ ਪਾਕਿਸਤਾਨ ਅਤੇ  ਸਿਰਫ 20ਫ਼ੀਸਦੀ ਪਾਣੀ ਭਾਰਤ ਨੂੰ ਦਿੱਤਾ ਗਿਆ ਸੀ। ਸਾਂਝੇ ਭਾਰਤ ਦੇ ਇਹ ਦਰਿਆ ਸਨ, ਤਿਬਤ ਤੋਂ ਸ਼ੁਰੂ ਹੋ ਕੇ ਭਾਰਤੀ ਇਲਾਕੇ ਵਿੱਚੋਂ ਹੁੰਦੇ ਹੋਏ ਪਾਕਿਸਤਾਨ ਵਿੱਚ ਜਾਂਦੇ ਹਨ। ਇਸ ਲਈ ਭਾਰਤ ਰਿਪੇਰੀਅਨ ਦੇਸ ਹੋਣ ਕਰਕੇ ਹਿੱਸਾ ਜ਼ਿਆਦਾ ਹੋਣਾ ਚਾਹੀਦਾ ਸੀ। ਭਾਰਤ ਨੇ ਫ਼ਿਰਾਕਦਿਲੀ ਨਾਲ ਪਾਕਿਸਤਾਨ ਨੂੰ ਵੱਧ ਪਾਣੀ ਦਿੱਤਾ। ਸਤਲੁਜ, ਰਾਵੀ ਤੇ ਬਿਆਸ ਜੋ ਭਾਰਤ ਦੇ ਹਿੱਸੇ ਆਏ ਦਾ ਪਾਣੀ ਵੀ ਪਾਕਿਸਤਾਨ ਨੂੰ ਜਾਂਦਾ ਹੈ। ਪਾਕਿਸਤਾਨ ਦਾ 90 ਫ਼ੀਸਦੀ ਖੇਤੀ ਅਧੀਨ ਰਕਬਾ ਇਸ ਪਾਣੀ ‘ਤੇ ਨਿਰਭਰ ਕਰਦਾ ਹੈ। ਪਾਕਿਸਤਾਨ ਦੇ ਦੋ ਵੱਡੇ ਪਣਬਿਜਲੀ ਪ੍ਰਾਜੈਕਟ ਤਰਬੇਲਾ ਤੇ ਮੰਗਲਾ ਵੀ ਸਿੰਧ ਦੇ ਇਸ ਪਾਣੀ ਨਾਲ ਚਲਦੇ ਹਨ। ਪਾਕਿਸਤਾਨ ਦੀ ਬਚਦੀ ਆਰਥਿਕਤਾ ਵੀ ਤਬਾਹ ਹੋ ਜਾਵੇਗੀ ਖ਼ੁਰਾਕ ਤੇ ਬਿਜਲੀ ਦਾ ਸੰਕਟ ਖੜ੍ਹਾ ਹੋ ਜਾਵੇਗਾ, ਬਿਜਲੀ ਤੋਂ ਬਿਨਾ ਅੰਨ੍ਹੇਰਾ ਪਸਰ ਜਾਵੇਗਾ ਅਤੇ ਅਸ਼ਾਂਤੀ ਫ਼ੈਲ ਜਾਵੇਗੀ।

ਇਹ ਸਮਝੌਤਾ ਪਾਕਿਸਤਾਨ ਦੀ ਬੇਨਤੀ ‘ਤੇ ਕੀਤਾ ਗਿਆ ਸੀ। ਹੁਣ ਪਾਕਿਸਤਾਨ ਨੇ ਪਹਿਲਗਾਮ ਵਿੱਚ ਕਰੂਰਤਾ ਦਾ ਸਬੂਤ ਦਿੰਦਿਆਂ ਇੱਕ ਸਮੁਦਾਇ ਦੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਕੇ, ਅਜਿਹੀ ਸਥਿਤੀ ਪੈਦਾ ਕਰ ਦਿੱਤੀ ਕਿ ਭਾਰਤ ਨੂੰ ਮਜ਼ਬੂਰ ਹੋ ਕੇ ਇਹ ਸਮਝੌਤਾ ਰੱਦ ਕਰਨਾ ਪਿਆ। ਪਾਕਿਸਤਾਨ ਦੇ ਫੌਜ ਮੁੱਖੀ ਦੇ ਕਸ਼ਮੀਰ ਬਾਰੇ ਬਿਆਨ ਨੇ ਸਾਰਾ ਪੁਆੜਾ ਪਾਇਆ ਹੈ। ਪਾਕਿਸਤਾਨ ਹਮੇਸ਼ਾ ਕਸ਼ਮੀਰ ਦਾ ਅਲਾਪ ਕਰੀ ਜਾਂਦਾ ਹੈ, ਜਦੋਂ ਅੰਤਰਰਾਜੀ ਸਮਝੌਤੇ ਅਧੀਨ ਐਲ ਓ ਸੀ ਬਣ ਗਈ, ਕਸ਼ਮੀਰ ਦਾ ਕੁਝ ਹਿੱਸਾ ਪਾਕਿਸਤਾਨ ਨੂੰ ਅਤੇ ਬਾਕੀ ਭਾਰਤ ਨੂੰ ਮਿਲ ਗਿਆ, ਫਿਰ ਹੁਣ ਰੌਲਾ ਕਿਸ ਗੱਲ ਦਾ ਰਹਿ ਗਿਆ। ਜੇ ਪਾਕਿਸਤਾਨ ਅਜੇ ਵੀ ਨਾ ਬਾਜ ਆਇਆ ਤਾਂ ਇਸ ਦੇ ਖਖ਼ਤਨਾਕ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਭਾਰਤ ਦੀ ਸਰਕਾਰ ਅਤੇ ਭਾਰਤ ਦੇ ਲੋਕ ਪਾਕਿਸਤਾਨ ਦੀਆਂ ਆਪਹੁਦਰੀਆਂ ਹੋਰ ਬਰਦਾਸ਼ਤ ਨਹੀਂ ਕਰਨਗੇ। ਅਜੇ ਵੀ ਡੁਲ੍ਹੇ ਬੇਰਾਂ ਦਾ  ਕੁਝ ਨਹੀਂ ਵਿਗੜਿਆ ਚੁੱਪ ਕਰਕੇ ਸਿੱਧੇ ਰਸਤੇ ਆ ਜਾਵੋ ਨਹੀਂ ਤਾਂ ਇਵਜਾਨਾ ਭੁਗਤਣ ਲਈ ਤਿਆਰ ਰਹੋ। ਭਾਰਤ ਦੇ ਲੋਕਾਂ ਵਿੱਚ ਇਸ ਹਿੰਸਕ ਘਟਨਾ ਬਾਰੇ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਹੋ ਰਹੇ ਹਨ ਕਿਉਂਕਿ ਇਤਨੀ ਮਹੱਤਵਪੂਰਨ ਸੈਰਗਾਹ ’ਤੇ  ਸੁਰੱਖਿਆ ਬਲਾਂ ਅਤੇ ਫ਼ੌਜੀ ਅਮਲੇ ਦਾ ਗ਼ੈਰ ਹਾਜ਼ਰ ਹੋਣਾ ਹਜ਼ਮ ਨਹੀਂ ਹੋ ਰਿਹਾ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin