Punjab

ਛੀਨਾ ਨੇ ਮਜੀਠੀਆ ਦੀ ਸੁਰੱਖਿਆ ਹਟਾਏ ਜਾਣ ’ਤੇ ਭਗਵੰਤ ਮਾਨ ਸਰਕਾਰ ਦੀ ਕੀਤੀ ਨਿਖੇਧੀ

ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ।

ਅੰਮ੍ਰਿਤਸਰ – ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਜੈਡ ਪਲੱਸ ਸੁਰੱਖਿਆ ਨੂੰ ਵਾਪਸ ਲਏ ਜਾਣ ’ਤੇ ਨਿਖੇਧੀ ਕਰਦਿਆਂ ਕਿਹਾ ਕਿ ਆਪ ਸਰਕਾਰ ਕੌਝੀਆਂ ਹਰਕਤਾਂ ’ਤੇ ਉਤਰ ਆਈ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਸੁਰੱਖਿਆ ਹਟਾਏ ਜਾਣ ਨੇ ਭਗਵੰਤ ਮਾਨ ਦੀ ਹਲਕੇ ਪੱਧਰ ਦੀ ਸਿਆਸੀ ਸੋਚ ਨੂੰ ਉਜਾਗਰ ਕੀਤਾ ਹੈ।

ਛੀਨਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਅਜਿਹਾ ਹੀ ਮੰਦਭਾਗਾ ਇਕ ਫੈਸਲਾ ਅੱਜ ਤੋਂ ਕਰੀਬ 2 ਸਾਲ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਹਟਾਏ ਜਾਣ ਵੇਲੇ ਲਿਆ ਗਿਆ ਸੀ। ਜਿਸ ਦੇ ਅਗਲੇ 2 ਦਿਨਾਂ ਦੇ ਅੰਦਰ ਹੀ ਗੈਂਗਸਟਰਾਂ ਵੱਲੋਂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ। ਹੁਣ ਮਾਨ ਸਰਕਾਰ ਫਿਰ ਉਹ ਐਨਕਾਊਂਟਰ ਦੁਹਰਾਉਣਾ ਚਾਹੁੰਦੀ ਹੈ। ਇਸ ਮੌਕੇ ਛੀਨਾ ਨੇ ਕੇਂਦਰ ਸਰਕਾਰ ਨੂੰ ਰਾਜਨੀਤਿਕ ਤੇ ਹੋਰ ਪ੍ਰਸਿੱਧ ਸਖਸ਼ੀਅਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਖਲ ਦੇਣ ਦੀ ਵੀ ਸਿਫਾਰਸ਼ ਕੀਤੀ।

ਛੀਨਾ ਨੇ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ’ਤੇ ਖਤਰਨਾਕ ਰਾਜਨੀਤਿਕ ਸਾਜਿਸ਼ਾਂ ਵਰਤਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਪੰਜਾਬ ’ਚ ਆਪਣੀ ਕੁਰਸੀ ਨੂੰ ਡਾਵਾਂਡੋਲ ਹੁੰਦਿਆਂ ਮਹਿਸੂਸ ਕਰ ਰਹੇ ਹਨ, ਜਿਸ ਲਈ ਉਹ ਅਜਿਹੀਆਂ ਨਿੰਦਣਯੋਗ ਕਾਰਵਾਈਆਂ ’ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਪਹਿਲਾ ਹੀ ਪੰਜਾਬ ’ਚ ਕਾਨੂੰਨੀ ਵਿਵਸਥਾ ਡਗਮਗਾ ਚੁੱਕੀ ਹੈ। ਅਪਰਾਧ ਆਪਣੀ ਚਰਮਸੀਮਾ ’ਤੇ ਹਨ ਅਤੇ ਇਸ ਸਮੇਂ ਨਾਮਵਰ ਸਖਸ਼ੀਅਤਾਂ ਦੀ ਸੁਰੱਖਿਆ ਨੂੰ ਹਟਾਏ ਜਾਣਾ ਬਹੁਤ ਮੰਦਭਾਗੀ ਕਾਰਵਾਈ ਹੈ। ਉਨ੍ਹਾਂ ਸਰਕਾਰ ਨੂੰ  ਅਪੀਲ ਕਰਦਿਆਂ ਤੁਰੰਤ ਇਸ ਫੈਸਲੇ ਨੂੰ ਵਾਪਸ ਲੈਣ ਦੀ ਗੁਜਾਰਿਸ਼ ਕੀਤੀ ਹੈ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin