ਭੋਪਾਲ – ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਕੁਝ ਲੋਕਾਂ ਨੇ ਇਕ ਔਰਤ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਦਾ ਵਿਰੋਧ ਕਰਨ ‘ਤੇ ਉਸ ਦੇ ਮੂੰਹ ‘ਤੇ ਬਲੇਡ ਨਾਲ ਹਮਲਾ ਕਰ ਦਿੱਤਾ। ਇਸ ਨਾਲ ਔਰਤ ਗੰਭੀਰ ਜ਼ਖ਼ਮੀ ਹੋ ਗਈ। ਉਸ ਦੇ ਚਿਹਰੇ ‘ਤੇ 118 ਟਾਂਕੇ ਲੱਗਣੇ ਸਨ। ਘਟਨਾ ਟੀਟੀ ਨਗਰ ਇਲਾਕੇ ਦੀ ਹੈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਔਰਤ ਦੀ ਇਕ ਅੱਖ ਨਹੀਂ ਖੁੱਲ੍ਹ ਰਹੀ ਹੈ। ਉਹ ਬੋਲ ਵੀ ਨਹੀਂ ਸਕਦੀ। ਉਸ ਦੇ ਚਿਹਰੇ ‘ਤੇ 118 ਟਾਂਕੇ ਲੱਗੇ ਹਨ।
ਘਟਨਾ ਬਾਰੇ ਗੱਲ ਕਰਦੇ ਹੋਏ, ਭੋਪਾਲ ਦੇ ਡੀਸੀਪੀ ਸਾਈ ਕ੍ਰਿਸ਼ਨਾ ਐਸ ਥੋਟਾ ਨੇ ਕਿਹਾ, “ਔਰਤ ਨੇ ਦੱਸਿਆ ਕਿ ਉਹ ਟੀਟੀ ਨਗਰ ਇਲਾਕੇ ਵਿੱਚ ਆਪਣੇ ਪਤੀ ਨਾਲ ਬਾਈਕ ‘ਤੇ ਜਾ ਰਹੀ ਸੀ। ਉਹ ਆਪਣੇ ਪਤੀ ਨਾਲ ਪਾਣੀ ਦੀ ਬੋਤਲ ਖਰੀਦਣ ਲਈ ਸ਼੍ਰੀ ਪੈਲੇਸ ਹੋਟਲ ਗਈ ਸੀ। ਜਦੋਂ ਉਸ ਦਾ ਪਤੀ ਹੋਟਲ ਦੇ ਅੰਦਰ ਸੀ ਤਾਂ ਕੁਝ ਨੌਜਵਾਨ ਆਏ ਅਤੇ ਅਸ਼ਲੀਲ ਟਿੱਪਣੀਆਂ ਕਰਨ ਲੱਗੇ ਅਤੇ ਸੀਟੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਔਰਤ ਨੇ ਵਿਰੋਧ ਕੀਤਾ ਅਤੇ ਇੱਕ ਆਦਮੀ ਦੇ ਤਿੰਨ-ਚਾਰ ਥੱਪੜ ਮਾਰੇ।
ਪੁਲਸ ਨੇ ਦੱਸਿਆ ਕਿ ਵੱਡੀ ਗਿਣਤੀ ‘ਚ ਸਥਾਨਕ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਮਾਮਲਾ ਸ਼ਾਂਤ ਕਰਵਾਇਆ ਅਤੇ ਕੁਝ ਦੇਰ ਬਾਅਦ ਜਦੋਂ ਉਹ (ਔਰਤ ਅਤੇ ਉਸ ਦਾ ਪਤੀ) ਪਾਣੀ ਦੀ ਬੋਤਲ ਲੈ ਕੇ ਬਾਹਰ ਆਏ ਤਾਂ ਰਸਤੇ ‘ਚ ਉਕਤ ਨੌਜਵਾਨਾਂ ਨੇ ਉਸ ‘ਤੇ ਪਿੱਛਿਓਂ ਹਮਲਾ ਕਰ ਦਿੱਤਾ। ਐਫਆਈਆਰ ਦਰਜ ਹੋਣ ਤੋਂ ਬਾਅਦ ਮੁਲਜ਼ਮਾਂ ਨੂੰ ਪੁਲੀਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਜ਼ਖਮੀ ਔਰਤ ਨੂੰ ਉਨ੍ਹਾਂ ਦੇ ਘਰ ਗਏ, ਜਿੱਥੇ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਰਕਾਰ ਮਹਿਲਾ ਦੇ ਇਲਾਜ ਦਾ ਪੂਰਾ ਧਿਆਨ ਰੱਖੇਗੀ। ਉਸ ਦੀ ਹਿੰਮਤ ਲਈ ਉਸ ਨੂੰ 1 ਲੱਖ ਰੁਪਏ ਦਿੱਤੇ ਗਏ।