ਜਗਰਾਉਂ – ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ ਭੂਮੀ ਰੱਖਿਆ, ਨਹਿਰੀ ਅਤੇ ਡਰੇਨ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ ਅਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਕਾਸੀ ਪਾਣੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਵੀ ਉਹਨਾਂ ਦੇ ਨਾਲ ਸਨ। ਮੀਟਿੰਗ ਦੌਰਾਨ ਭੂਮੀ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਜਾਣੂੰ ਕਰਵਾਇਆ ਕਿ ਹਲਕੇ ਦੇ ਪਿੰਡਾਂ ਵਿੱਚੋਂ ਲੰਘ ਰਹੀਆਂ ਡਰੇਨ ਦੀ ਵੱਡੀ ਸਮੱਸਿਆ ਇਹ ਹੈ ਕਿ ਨਿਕਾਸੀ ਵਾਲੇ ਪਾਸੇ ਵੱਲ ਨੂੰ ਡਰੇਨਾਂ ਦੀ ਢਲਾਨ ਉਚੀ ਹੋ ਚੁੱਕੀ ਹੈ। ਜਿਸ ਕਾਰਨ ਨਿਕਾਸੀ ਪਾਣੀ ਦਾ ਵਹਾਅ ਉਲਟ ਪਾਸੇ ਹੁੰਦਾ ਹੈ ਅਤੇ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਜ਼ਿਆਦਾ ਆਉਣ ਕਾਰਨ ਓਵਰ ਫਲੋਅ ਹੋਕੇ ਨਾਲ ਲੱਗਦੇ ਖੇਤਾਂ ਦੀਆਂ ਫ਼ਸਲਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸ਼ਹਿਰ ਦੇ ਕਮਲ ਚੌਂਕ, ਪੁਰਾਣੀ ਦਾਣਾ ਮੰਡੀ, ਪੁਰਾਣੀ ਸਬਜ਼ੀ ਮੰਡੀ ਅਤੇ ਕਈ ਮੁਹੱਲਿਆਂ ਵਿੱਚ ਬਰਸਾਤੀ ਪਾਣੀ ਦੀ ਵੱਡੀ ਸਮੱਸਿਆ ਹੋ ਜਾਂਦੀ ਹੈ ਅਤੇ ਕਈ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਖਤਰਾ ਬਣਿਆਂ ਰਹਿੰਦਾ ਹੈ। ਅਧਿਕਾਰੀਆਂ ਨੇ ਹੋਰ ਦੱਸਿਆ ਕਿ ਡਰੇਨਾਂ ਦੇ ਬੰਨ ਅਤੇ ਕਈ ਥਾਵਾਂ ਤੋਂ ਪੁੱਲ ਵੀ ਨੀਵੇਂ ਹੋ ਚੁੱਕੇ ਹਨ ਅਤੇ ਕਈ ਥਾਵਾਂ ‘ਤੇ ਲੋਕਾਂ ਵੱਲੋਂ ਡਰੇਨ ਦੀ ਜਗ੍ਹਾ ਉਪਰ ਨਜਾਇਜ਼ ਕਬਜ਼ੇ ਵੀ ਕੀਤੇ ਹੋਏ ਹਨ, ਜੋ ਕਿ ਬਰਸਾਤੀ ਪਾਣੀ ਦੀ ਨਿਕਾਸੀ ਵਿੱਚ ਵੱਡਾ ਅੜਿੱਕਾ ਹਨ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਧਾਇਕਾ ਮਾਣੂੰਕੇ ਨੇ ਤੁਰੰਤ ਸਬੰਧਿਤ ਵਿਭਾਗ ਦੇ ਮੰਤਰੀ ਵਰਿੰਦਰ ਗੋਇਲ ਨੂੰ ਫੋਨ ‘ਤੇ ਗੱਲਬਾਤ ਕਰਕੇ ਮਾਮਲੇ ਨੂੰ ਵਿਚਾਰਿਆ ਗਿਆ ਅਤੇ ਡਰੇਨਾਂ ਵਿੱਚੋਂ ਮਿੱਟੀ ਕੱਢਣ ਲਈ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਤਾਂ ਮੰਤਰੀ ਸਾਹਿਬ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਸ ਸਬੰਧੀ ਕੇਸ ਪ੍ਰਾਪਤ ਹੋਣ ਤੇ ਮੰਨਜੂਰੀ ਜਾਰੀ ਕਰ ਦਿੱਤੀ ਜਾਵੇਗੀ। ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਧਾਇਕਾ ਮਾਣੂੰਕੇ ਦੇ ਯਤਨਾਂ ਸਦਕਾ ਜੋ ਗਰਾਂਟਾਂ ਆਈਆਂ ਹਨ, ਉਹਨਾਂ ਵਿੱਚੋਂ ਹਲਕਾ ਜਗਰਾਉਂ ਅਧੀਨ ਸਿੱਧਵਾਂ ਖੁਰਦ ਤੋਂ ਲੈ ਕੇ ਗਾਲਿਬ ਕਲਾਂ ਤੱਕ ਕੋਕਰੀ ਰਜ਼ਬਾਹੇ ਨੂੰ 13 ਕਰੋੜ 62 ਲੱਖ ਦੀ ਲਾਗਤ ਨਾਲ ਪੱਕਾ ਕੀਤਾ ਜਾ ਰਿਹਾ ਹੈ ਅਤੇ ਇਹ ਰਜ਼ਬਾਹਾ ਪੱਕਾ ਕਰਨ ਵੇਲੇ ਸੂਏ ਦੇ ਬੈਡ ਨੂੰ ਕੱਚਾ ਰੱਖਿਆ ਜਾ ਰਿਹਾ, ਤਾਂ ਜੋ ਧਰਤੀ ਹੇਠਲਾ ਪਾਣੀ ਵੀ ਰਿਚਾਰਜ ਹੁੰਦਾ ਰਹੇਗਾ। ਇਸ ਤੋਂ ਇਲਾਵਾ ਸਿੱਧਵਾਂ ਕਲਾਂ ਅਤੇ ਸਿੱਧਵਾਂ ਖੁਰਦ ਦੇ ਮੋਘੇ ਦੇ ਖਾਲਾਂ ਨੂੰ ਪੱਕਾ ਕਰਨ ਲਈ ਇੱਕ ਕਰੋੜ 92 ਲੱਖ ਰੁਪਏ, ਮਲਸ਼ੀਹਾਂ ਤੇ ਚੀਮਨਾਂ ਦੇ ਮੋਘੇ ਨੂੰ ਇੱਕ ਕਰੋੜ 60 ਲੱਖ ਰੁਪਏ, ਰਾਮਗੜ੍ਹ ਭੁੱਲਰ ਦੇ ਮੋਘੇ ਨੂੰ ਇੱਕ ਕਰੋੜ 9 ਲੱਖ ਰੁਪਏ ਅਤੇ ਗਾਲਿਬ ਕਲਾਂ ਦੇ ਮੋਘੇ ਨੂੰ ਇੱਕ ਕਰੋੜ 84 ਲੱਖ ਰੁਪਏ ਦੀ ਗਰਾਂਟ ਨਾਲ ਪੱਕਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨਹਿਰੀ ਵਿਸ਼ਰਾਮ ਘਰ ਅਖਾੜਾ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ। ਇਸ ‘ਤੇ ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਮੋਘੇ ਅਤੇ ਸੂਏ ਨੂੰ ਪੱਕਾ ਕਰਨ ਦੇ ਕੰਮ ਤੇਜ਼ੀ ਲਿਆਂਦੀ ਜਾਵੇ, ਤਾਂ ਜੋ ਕਿਸਾਨ ਭਰਾਵਾਂ ਨਹਿਰੀ ਪਾਣੀ ਦੀ ਸਹੂਲਤ ਜ਼ਲਦੀ ਤੋਂ ਜ਼ਲਦੀ ਮੁਹੱਈਆ ਕਰਵਾਈ ਜਾ ਸਕੇ ਅਤੇ ਵਿਸ਼ਰਾਮ ਘਰ ਅਖਾੜਾ ਵਿਖੇ ‘ਟੂਰਿਜ਼ਮ ਪੁਆਇੰਟ’ ਬਨਾਉਣ ਲਈ ਪ੍ਰੋਜੈਕਟ ਬਣਾਇਆ ਜਾਵੇ, ਤਾਂ ਜੋ ਲੋਕ ਵਿਆਹਾਂ ਮੌਕੇ ਫੋਟੋ ਗ੍ਰਾਫੀ ਤੇ ਪ੍ਰੀਵੈਡਿੰਗ ਸ਼ੂਟ ਆਦਿ ਕਰਨ ਸਕਣ। ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਕਿਸਾਨਾਂ ਨੂੰ ਖੇਤਾਂ ਵਿੱਚੋਂ ਰੇਤ ਚੁਕਵਾਉਣ ਲਈ ਹਦਾਇਤਾਂ ਤੋਂ ਜਾਣੂੰ ਕਰਵਾਇਆ ਜਾਵੇ ਅਤੇ ਡਰੇਨਜ਼ ਦੀ ਸਫਾਈ ਲਈ ਉਪਰਾਲੇ ਕੀਤੇ ਜਾਣ।
ਇਸ ਮੌਕੇ ਬਲਾਕ ਪ੍ਰਧਾਨ ਨਿਰਭੈ ਸਿੰਘ ਕਮਾਲਪੁਰਾ, ਸੋਸ਼ਲ ਮੀਡੀਆ ਇੰਚਾਰਜ ਅਮਰਦੀਪ ਸਿੰਘ ਟੂਰੇ, ਐਸ.ਡੀ.ਓ.ਨਹਿਰੀ ਵਿਭਾਗ ਪੁਸ਼ਪਿੰਦਰ ਸਿੰਘ, ਭੂਮੀਂ ਰੱਖਿਆ ਅਫਸਰ ਬਲਜਿੰਦਰ ਕੌਰ, ਉਪ ਮੰਡਲ ਭੂਮੀ ਰੱਖਿਆ ਅਫ਼ਸਰ ਜਸਰਿਤੂ ਕੌਰ, ਇੰਜ:ਕਰਮਪ੍ਰੀਤ ਸਿੰਘ ਜੇਈ ਡਰੇਨਜ਼ ਵਿਭਾਗ, ਐਸ.ਡੀ.ਐਮ. ਦਫਤਰ ਤੋਂ ਅਮਰਜੀਤ ਸਿੰਘ ਆਦਿ ਵੀ ਹਾਜ਼ਰ ਸਨ।