ਦਿੱਲੀ – ਜਨਰਲ ਐੱਮਐੱਮ ਨਰਵਾਣੇ ਨੇ ਮੰਗਲਵਾਰ ਨੂੰ ਆਪਣੇ ਨੇਪਾਲੀ ਹਮਰੁਤਬਾ ਜਨਰਲ ਪ੍ਰਭੂ ਰਾਮ ਸ਼ਰਮਾ ਨਾਲ ਖਿੱਤੇ ’ਚ ਉੱਭਰਦੇ ਨਵੇਂ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਦੁਵੱਲੇ ਫ਼ੌਜੀ ਸਹਿਯੋਗ ਵਧਾਉਣ ਦੇ ਮੁੱਦੇ ’ਤੇ ਵਿਸਥਾਰ ਨਾਲ ਚਰਚਾ ਕੀਤੀ। ਜਨਰਲ ਸ਼ਰਮਾ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦਾ ਖੇਤਰੀ ਸੁਰੱਖਿਆ ’ਤੇ ਪੈਣ ਵਾਲੇ ਅਸਰ ’ਤੇ ਵਿਚਾਰ ਵਟਾਂਦਰੇ ਲਈ ਚਾਰ ਦਿਨਾ ਦੌਰੇ ’ਤੇ ਭਾਰਤ ਆਏ ਹਨ। ਨੇਪਾਲੀ ਫ਼ੌਜ ਮੁਤਾਬਕ ਸ਼ਰਮਾ ਨੂੰ ਭਾਰਤੀ ਫ਼ੌਜ ਦੇ ਆਨਰੇਰੀ ਜਨਰਲ ਦੀ ਉਪਾਧੀ ਨਾਲ ਨਵਾਜਿਆ ਜਾਵੇਗਾ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਐੱਨਐੱਸਏ ਅਜੀਤ ਡੋਭਾਲ ਆਦਿ ਨਾਲ ਮੁਲਾਕਾਤ ਕਰਨਗੇ।
ਅਧਿਕਾਰੀਆਂ ਨੇ ਦੱਸਿਆ ਕਿ ਜਨਰਲ ਨਰਵਾਣੇ ਨੇ ਜਨਰਲ ਸ਼ਰਮਾ ਨਾਲ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਮਜ਼ਬੂਤ ਕਰਨ ਦੇ ਮੁੱਦੇ ’ਤੇ ਵਿਚਾਰਾਂ ਵਟਾਂਦਰਾ ਕੀਤਾ। ਇਸ ਤੋਂ ਪਹਿਲਾਂ ਨੇਪਾਲੀ ਫ਼ੌਜ ਮੁਖੀ ਨੇ ਰਾਸ਼ਟਰੀ ਜੰਗੀ ਯਾਦਗਾਰ ’ਤੇ ਫੁੱਲ ਮਾਲਾ ਦਿੱਤੀ। ਉਨ੍ਹਾਂ ਨੂੰ ਸਾਊਥ ਬਲਾਕ ਲਾਨ ’ਚ ਸਲਾਮੀ ਦਿੱਤੀ ਗਈ। ਜਨਰਲ ਸ਼ਰਮਾ ਨੇ ਰੱਖਿਆ ਸਕੱਤਰ ਅਜੈ ਕੁਮਾਰ ਨਾਲ ਮੁਲਾਕਾਤ ਕੀਤੀ ਤੇ ਦੁਵੱਲੇ ਰੱਖਿਆ ਸਹਿਯੋਗ ਦੇ ਕਈ ਪਹਿਲੂਆਂ ’ਤੇ ਚਰਚਾ ਕੀਤੀ।