ਨਵੀਂ ਦਿੱਲੀ – ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ਦੇ ਹਾਦਸੇ ਦੀ ਜਾਂਚ ਲਈ ਗਠਿਤ ਟ੍ਰਾਈ-ਸਰਵਿਸਿਜ਼ ਟੀਮ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ ਦਾਖ਼ਲ ਕਰ ਸਕਦੀ ਹੈ। ਇਸ ਜਾਂਚ ਟੀਮ ਦੀ ਪ੍ਰਧਾਨਗੀ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਕਰ ਰਹੇ ਹਨ ਅਤੇ ਉਸ ਵਿਚ ਫ਼ੌਜ ਅਤੇ ਜਲ ਸੈਨਾ ਦੇ ਦੋ ਬਿ੍ਰਗੇਡੀਅਰ ਰੈਂਕ ਦੇ ਅਧਿਕਾਰੀ ਵੀ ਸ਼ਾਮਲ ਹਨ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਅਧਿਕਾਰੀਆਂ ਨੇ ਵਿਸਥਾਰਤ ਜਾਂਚ ਰਿਪੋਰਟ ਤਿਆਰ ਕਰ ਲਈ ਹੈ ਅਤੇ ਬਲੈਕ ਬਾਕਸ ਤੋਂ ਮਿਲੇ ਡਾਟਾ ਦਾ ਪੂਰਨ ਵਿਸ਼ਲੇਸ਼ਣ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਾਦਸਾ ਅਚਾਨਕ ਹੋਇਆ ਸੀ। ਜਾਂਚ ’ਚ ਹੈਲੀਕਾਪਟਰ ਦੇ ਮੂਲ ਨਿਰਮਾਤਾ ਦੀ ਮਦਦ ਵੀ ਲਈ ਗਈ। ਦੱਸਣਯੋਗ ਹੈ ਕਿ 8 ਦਸੰਬਰ ਨੂੰ ਜਨਰਲ ਰਾਵਤ ਦਾ ਹੈਲੀਕਾਪਟਰ ਤਾਮਿਲਨਾਡੂ ਵਿਚ ਹਾਦਸਾਗ੍ਰਸਤ ਹੋ ਗਿਆ ਸੀ। ਇਸ ਵਿਚ ਰਾਵਤ, ਉਨ੍ਹਾਂ ਦੀ ਪਤਨੀ ਅਤੇ 12 ਹੋਰ ਫ਼ੌਜੀ ਅਧਿਕਾਰੀਆਂ ਦੀ ਮੌਤ ਹੋ ਗਈ ਸੀ।