
ਹਰ ਇਨਸਾਨ ਜੋ ਇਸ ਸੰਸਾਰ ਵਿੱਚ ਆਇਆ ਹੈ, ਉਸਦੀ ਦਿਲੀ ਇੱਛਾ ਹੁੰਦੀ ਹੈ ਕਿ ਹਰ ਕੋਈ ਉਸਨੂੰ ਪਿਆਰ ਕਰੇ ਹਰ ਕੋਈ ਉਸਨੂੰ ਸਤਿਕਾਰ ਦੇਵੇ। ਹਮਦਰਦੀ, ਪਿਆਰ, ਸਤਿਕਾਰ, ਆਪਣਾਪਨ ਇਹ ਮਨੁੱਖੀ ਵਿਵਹਾਰ ਨੂੰ ਬਹੁਤ ਪ੍ਭਾਵਿਤ ਕਰਦੇ ਹਨ। ਜਿਵੇਂ ਇੱਕ ਛੋਟੇ ਜਿਹੇ ਪੌਦੇ ਨੂੰ ਵਧੇਰੇ ਧਿਆਨ ਦੀ ਜਰੂਰਤ ਹੁੰਦੀ ਹੈ, ਬਿਲਕੁਲ ਇਸੇ ਤਰ੍ਹਾਂ ਬੱਚਿਆਂ ਨੂੰ ਵੀ ਖਾਸ ਤਵੱਜੋ ਦੀ ਜਰੂਰਤ ਹੁੰਦੀ ਹੈ। ਵੱਡਿਆਂ ਦੇ ਮੁਕਾਬਲੇ ਬੱਚਿਆਂ ਨੂੰ ਪ੍ਰੰਸ਼ਸਾ ਭਰੇ ਸਤਿਕਾਰ ਦੀ ਕਈ ਗੁਣਾ ਜਿਆਦਾ ਜਰੂਰਤ ਹੁੰਦੀ ਹੈ । ਬਹੁਤ ਸਾਰੇ ਮਾਪੇ ਬੱਚਿਆਂ ਦੇ ਵਿਵਹਾਰ ਤੋਂ ਪੇ੍ਸ਼ਾਨ ਹੁੰਦੇ ਹਨ। ਪਰ ਉਹਨਾਂ ਕਦੇ ਇਹ ਸੋਚਣ ਦਾ ਯਤਨ ਕਦੇ ਨਹੀਂ ਕੀਤਾ ਕਿ ਬੱਚਿਆਂ ਵਿੱਚ ਅਜਿਹੇ ਵਿਵਹਾਰ ਦੇ ਪੈਦਾ ਹੋਣ ਪਿੱਛੇ ਕੀ ਕਾਰਣ ਹਨ। ਜਿਸ ਤਰ੍ਹਾਂ ਦਾ ਘਰ ਦਾ ਮਾਹੌਲ, ਮਾਤਾ ਪਿਤਾ ਦੀ ਬੋਲ ਬਾਣੀ ਹੋਵੇਗੀ ਬੱਚੇ ਦੀ ਸ਼ਖਸੀਅਤ ਉਸੇ ਤਰ੍ਹਾਂ ਦਾ ਪ੍ਭਾਵ ਕਬੂਲਦੀ ਹੈ। ਅਕਸਰ ਮਾਪੇ ਬਾਹਰਲੇ ਲੋਕਾਂ ਦੇ ਸਾਹਮਣੇ ਬੱਚਿਆਂ ਨੂੰ ਉਹਨਾਂ ਦੀ ਗਲਤੀ ਉੱਪਰ ਝਿੜਕਦੇ ਹਨ ਜਾਂ ਮਾਰਦੇ ਹਨ, ਮਾਪਿਆਂ ਦਾ ਅਜਿਹਾ ਵਿਵਹਾਰ ਬੱਚੇ ਵਿੱਚ ਹੀਣ ਭਾਵਨਾ ਪੈਦਾ ਕਰਦਾ ਹੈ। ਬੱਚੇ ਦਾ ਆਤਮ ਵਿਸ਼ਵਾਸ ਡੋਲ੍ਹ ਜਾਦਾਂ ਹੈ ਅਤੇ ਉਸਨੂੰ ਲੋਕਾਂ ਵਿੱਚ ਵਿਚਰਨ ਤੋਂ ਡਰ ਲੱਗਣ ਲੱਗ ਜਾਂਦਾ ਹੈ।