ਸੰਗਰੂਰ, (ਦਲਜੀਤ ਕੌਰ) – ਆਈ ਆਈ ਟੀਮ ਜੈਮ 2025 ਭੌਤਿਕ ਵਿਗਿਆਨ ਵਿੱਚ ਜਸ਼ਨਦੀਪ ਸਿੰਘ ਨੇ ਭਾਰਤ ਪੱਧਰ ਤੇ 13ਵਾਂ ਸਥਾਨ ਪ੍ਰਾਪਤ ਕਰਕੇ ਅਫਸਰ ਕਲੋਨੀ ਸੰਗਰੂਰ ਅਤੇ ਪਿੰਡ ਦੁੱਗਾਂ ਦਾ ਨਾਮ ਕੀਤਾ ਰੋਸ਼ਨ ਕੀਤਾ ਹੈ।
ਅਫਸਰ ਕਲੋਨੀ ਸੰਗਰੂਰ ਦੇ ਨਿਵਾਸੀ ਲੈਕਚਰਾਰ ਕ੍ਰਿਸ਼ਨ ਸਿੰਘ ਦੁੱਗਾਂ ਅਤੇ ਬਿਮਲਜੀਤ ਕੌਰ ਹੈੱਡ ਟੀਚਰ (ਸਟੇਟ ਐਵਾਰਡੀ) ਦੇ ਸਪੁੱਤਰ ,ਫਰਾਂਸਿਕ ਦੀ ਐੱਮ ਐੱਸ ਸੀ ਕਰ ਰਹੀ ਅਨਮੋਲ ਦੇ ਭਰਾ, ਖਾਲਸਾ ਕਾਲਜ ਪਟਿਆਲਾ ਤੋਂ ਬੀ. ਐੱਸ. ਸੀ. ਨਾਨ ਮੈਡੀਕਲ ਕਰ ਰਹੇ ਜਸ਼ਨਦੀਪ ਸਿੰਘ ਨੇ 2/2/2025 ਨੂੰ IIT JAM ਦੀ ਹੋਈ ਮੁਕਾਬਲੇ ਦੀ ਪ੍ਰੀਖਿਆ ਵਿੱਚੋਂ ਭੌਤਿਕ ਵਿਗਿਆਨ ਵਿਸ਼ੇ ਵਿੱਚ ਭਾਰਤ ਪੱਧਰ ‘ਤੇ 13ਵਾਂ ਸਥਾਨ ਪ੍ਰਾਪਤ ਕਰਕੇ ਅਫ਼ਸਰ ਕਲੋਨੀ ਸੰਗਰੂਰ ਅਤੇ ਆਪਣੇ ਜਨਮ ਸਥਾਨ ਪਿੰਡ ਦੁੱਗਾਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸ਼ਾਨਾਮੱਤੀ/ਮਾਣਮੱਤੀ ਪ੍ਰਾਪਤੀ ਤੇ ਪਰਿਵਾਰ ਅਤੇ ਕਲੋਨੀ ਵਾਸੀਆਂ ਵਿਚ ਖੁਸ਼ੀ ਦਾ ਮਹੌਲ ਹੈ। ਜਸ਼ਨਦੀਪ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਤੋਂ ਲੈ ਕੇ ਕਾਲਜ ਪੱਧਰ ਤੱਕ ਪੜ੍ਹਾਉਣ ਵਾਲੇ ਅਧਿਆਪਕਾਂ, ਪ੍ਰੀਖਿਆ ਦੀ ਤਿਆਰੀ ਕਰਾਉਣ ਵਾਲੇ “ਫਿਜ਼ਿਕਸ ਵਾਲਾ” ਆਪਣੇ ਮਾਪਿਆਂ ਅਤੇ ਆਪਣੀ ਮਿਹਨਤ ਸਿਰ ਬੰਨ੍ਹਦਿਆਂ ਸਭ ਦਾ ਤਹਿਦਿਲੋਂ ਧੰਨਵਾਦ ਕੀਤਾ। ਉਸਦਾ ਦ੍ਰਿੜ ਵਿਸ਼ਵਾਸ ਹੈ ਕਿ ਨਿਰੰਤਰ, ਸੁਹਿਰਦ ਅਤੇ ਸਖਤ ਮਿਹਨਤ ਜ਼ਰੂਰ ਰੰਗ ਲਿਆਉਂਦੀ ਹੈ। ਉਸ ਨਾਲ ਕੀਤੀ ਗੱਲਬਾਤ ਸਮੇਂ ਦੱਸਿਆ ਕਿ ਉਹ ਉੱਚ ਵਿੱਦਿਆ ਹਾਸਲ ਕਰਕੇ ਖੋਜਾਰਥੀ (ਰਿਸਰਚ ਸਕਾੱਲਰ) ਬਣਨ ਦੀ ਇੱਛਾ ਰੱਖਦਾ ਹੈ। ਉਸ ਅਨੁਸਾਰ ਮੁਸ਼ਕਿਲ ਹਾਲਾਤ ਵਿਚ ਆਪਣੇ ਟੀਚੇ ਹਾਸਿਲ ਕਰਨ ਲਈ ਹਰ ਵਿਅਕਤੀ ਨੂੰ ਅਡੋਲ ਰਹਿ ਕੇ ਸਖ਼ਤ ਮਿਹਨਤ ਕਰਨ ਦਾ ਗੁਰ ਜ਼ਰੂਰ ਕਾਮਯਾਬੀ ਦਿਵਾਉੰਦਾ ਹੈ।