ਨਾ ਚਿੜੀ ਕੋਈ ਵੀ ਚਹਿਕੇ ਰੁੱਖ ‘ਤੇ, ਸ਼ਿਕਰਿਆਂ ਨੇ ਭੇਜਿਆ ਫੁਰਮਾਨ ਹੈ
ਇੱਕ ਨਵਾਂ ਸੂਰਜ ਝੜਾਉਣੈ ਅਰਸ਼ ‘ਤੇ, ਜੂਝਦੇ ਲੋਕਾਂ ਦਾ ਇਹ ਐਲਾਨ ਹੈ
ਸਾਨੂੰ ਪ੍ਰਵਾਸੀਆਂ ਨੂੰ ਬਾਹਰਲੇ ਦੇਸ਼ਾਂ ਵਿਚ ਵਸਦਿਆਂ ਭਾਵੇਂ ਅੱਧੀ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਸਾਡੇ ਵਿਚੋਂ ਬਹੁਤਿਆਂ ਨੇ ਯੂਰਪੀ ਦੇਸ਼ਾਂ ਦੀ ਸ਼ਹਿਰੀਅਤ ਵੀ ਹਾਸਲ ਕਰ ਲਈ ਹੈ ਪਰ ਅੱਜ ਵੀ ਸਾਡਾ ਦਿਲ ਦਿਮਾਗ ਪੰਜਾਬ ਜਾਂ ਭਾਰਤ ਨਾਲ ਕਿਸੇ ਨਾ ਕਿਸੇ ਮੁੱਦੇ ‘ਤੇ ਜੁੜਿਆ ਹੀ ਰਹਿੰਦ ਹੈ। ਇਹਨਾ ਮੁੱਦਿਆਂ ਵਿਚ ਜੀਵਨ ਦੇ ਵੱਖ ਵੱਖ ਪੱਖ ਜਿਵੇਂ ਕਿ ਧਰਮ, ਰਾਜਨੀਤੀ, ਸਭਿਆਚਾਰ, ਮਨੋਰੰਜਨ ਅਤੇ ਖੇਡਾਂ ਅਦਿ ਸਾਡੇ ਦਿਲੋ ਦਿਮਾਗ ‘ਤੇ ਹਾਵੀ ਰਹਿੰਦੇ ਹਨ। ਇੰਝ ਪ੍ਰਤੀਤ ਹੁੰਦਾ ਹੈ ਕਿ ਲੰਬੇ ਅਰਸੇ ਤੋਂ ਅਸੀਂ ਜ਼ਿਆਦਾਤਰ ਢਹਿੰਦੀ ਕਲਾ ਵਾਲੀਆਂ ਗੱਲਾਂ ਸੁਣਨ ਦੇ ਆਦੀ ਹੋ ਗਏ ਹਾਂ ਪਰ ਪੰਜਾਬੀ ਜਾਂ ਭਾਰਤੀ ਸਮਾਜ ਵਿਚ ਅਨੇਕਾਂ ਲੋਕ ਐਸੇ ਦਿਲ ਦਿਮਾਗ ਵਾਲੇ ਵੀ ਹਨ ਜੋ ਕਿ ਆਪਣੇ ਵਲੋਂ ਜੀਵਨ ਨੂੰ ਨਿਖਾਰਨ ਅਤੇ ਸੁਆਰਨ ਵਿਚ ਲੱਗੇ ਹੋਏ ਹਨ। ਹਥਲੇ ਲੇਖ ਵਿਚ ਅਸੀਂ ਆਪਣੇ ਪਾਠਕਾਂ ਦੀ ਜਾਣਕਾਰੀ ਐਸੇ ਹੀ ਕੁਝ ਵਿਅਕਤੀਆਂ ਨਾਲ ਕਰਵਾ ਰਹੇ ਹਾਂ ਜਿਹਨਾ ਵਿਚ ਕੁਝ ਸ਼ਖਸੀਅਤਾਂ ਖੇਡ ਮੈਦਾਨ ਨਾਲ, ਕੁਝ ਅਧਿਆਪਨ ਨਾਲ ਜਾਂ ਜੀਵਨ ਦੇ ਹੋਰ ਕਿੱਤਿਆਂ ਨਾਲ ਸਬੰਧਤ ਹਨ। ਸਭ ਤੋਂ ਪਹਿਲਾਂ ਅਸੀਂ ਆਪ ਦਾ ਧਿਆਨ ਪੰਜਾਬ ਦੀਆਂ ਮਹਾਨ ਖਿਡਾਰਨਾ ਵਲ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਜਿਹਨਾ ਨੇ ਘਰ ਪਰਿਵਾਰ ਅਤੇ ਸਮਾਜ ਦੇ ਨਾ-ਸਾਜਗਾਰ ਹਾਲਾਤਾਂ ਵਿਚ ਵੀ ਉੱਚੀਆਂ ਬੁਲੰਦੀਆਂ ਨੂੰ ਛੋਹਿਆ ਹੈ ਅਤੇ ਉਹਨਾ ਵਿਚੋਂ ਕੁਝ ਇੱਕ ਤਾਂ ਅੱਜ ਕੌਮਾਂਤਰੀ ਤੌਰ ‘ਤੇ ਸੁਰਖੀਆਂ ਵਿਚ ਹਨ।
ਓਲਿੰਪਕ ਵਿਚ ਤਿੰਨ ਵਾਰ ਚੈਂਪੀਅਨ ਰਹੇ ਅਸਟਰੇਲੀਆ ਨੂੰ ਗੋਲ ਕਰਕੇ ਹਰਾਉਣ ਵਾਲੀ ਗੁਰਜੀਤ ਕੌਰ
ਭਾਰਤੀ ਮਹਿਲਾ ਹਾਕੀ ਸਬੰਧੀ ਪਹਿਲੀ ਜੋ ਅਹਿਮ ਗੱਲ ਜਾਣ ਲੈਣੀ ਜਰੂਰੀ ਹੈ ਕਿ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਲੜਕੀਆਂ ਨੂੰ ਨੰਗੀਆਂ ਲੱਤਾਂ ਨਾਲ ਖੇਡਣਾ ਪੈਂਦਾ ਹੈ ਅਤੇ ਸਾਡੇ ਪੇਂਡੂ ਸਮਾਜ ਵਿਚ ਰੂੜੀਵਾਦੀ ਲੋਕ ਇਸ ਪ੍ਰਤੀ ਬਹੁਤ ਤਲਖ ਅਤੇ ਤ੍ਰਿਸਕਾਰਤ ਵਤੀਰਾ ਰੱਖਦੇ ਹਨ। ਹਰ ਖਿਡਾਰੀ ਨੂੰ ਖੇਡਣ ਲਈ ਜਿਥੇ ਆਹਲਾ ਕਿਸਮ ਦੀ ਕੋਚਿੰਗ, ਖੇਡ ਮੈਦਾਨ ਅਤੇ ਖੁਰਾਕ ਆਦਿ ਦੀ ਲੋੜ ਹੁੰਦੀ ਹੈ ਉਥੇ ਜੇਕਰ ਉਸ ਦਾ ਆਲਾ ਦੁਆਲਾ ਉਤਸ਼ਾਹਜਨਕ ਹੋਵੇ ਤਾਂ ਗੱਲ ਸੋਨੇ ‘ਤੇ ਸੁਹਾਗੇ ਵਾਲੀ ਹੋ ਜਾਂਦੀ ਹੈ। ਪਰ ਬੜੇ ਹੀ ਅਫਸੋਸ ਵਾਲੀ ਗੱਲ ਹੈ ਕਿ ਸਾਡੇ ਖਿਡਾਰੀਆਂ ਨੂੰ ਨਾ ਤਾਂ ਕੌਮਾਂਤਰੀ ਪੱਧਰ ਦੀ ਕੋਚਿੰਗ, ਗਰਾਊਂਡਾਂ, ਖੁਰਾਕ ਜਾਂ ਹੋਰ ਸਹੂਲਤਾਂ ਮਿਲਦੀਆਂ ਹਨ ਅਤੇ ਨਾ ਹੀ ਸਮਾਜ ਵਲੋਂ ਬਣਦਾ ਸਹਿਯੋਗ ਮਿਲਦਾ ਹੈ ਸਗੋਂ ਲੋਕ ਤਾਂ ਹੌਸਲਾ ਢਹੁਣ ਵਾਲੀਆਂ ਹਰਕਤਾਂ ਕਰਦੇ ਹਨ ।
ਬੇਟੀ ਗੁਰਜੀਤ ਕੌਰ ਨਾਲ ਵੀ ਇੰਝ ਹੀ ਹੋਇਆ। ਕਈ ਕੁਝ ਸੁਣਨ ਨੂੰ ਮਿਲਿਆ ਪਰ ਉਸ ਦੇ ਪਿਤਾ ਜੀ ਅਤੇ ਘਰ ਵਾਲਿਆਂ ਨੇ ਉਸ ਨੂੰ ਪੂਰਨ ਸਹਿਯੋਗ ਦਿੱਤਾ ਅਤੇ ਅੱਜ ਸਾਰਾ ਪੰਜਾਬ ਇਸ ਧੀ ‘ਤੇ ਮਾਣ ਕਰ ਰਿਹਾ ਹੈ। ਗੁਰਜੀਤ ਕੌਰ ਦੇ ਪਿੰਡ ਦਾ ਨਾਮ ਮਿਆਦੀ ਕਲਾਂ ਹੈ ਜੋ ਕਿ ਅਜਨਾਲਾ ਦੇ ਕੋਲ ਸਰਹੱਦੀ ਇਲਾਕੇ ਵਿਚ ਪੈਂਦਾ ਹੈ ਜਿਥੇ ਕਿ ਬੱਚਿਆਂ ਦੇ ਸਕੂਲ ਦੂਰ-ਦੂਰ ਹਨ। ਇਹ ਜਾਣ ਕੇ ਹੈਰਾਨੀ ਦੀ ਹੱਦ ਨਾ ਰਹੀ ਕਿ ਬੇਟੀ ਨੂੰ ਹਾਕੀ ਖਿਡਾਉਣ ਲਈ ਉਸ ਦੇ ਪਿਤਾ ਜੀ ਕਰੀਬ 18-20 ਕਿਲੋਮੀਟਰ ਦਾ ਸਫਰ ਸਾਈਕਲ ਰਾਹੀਂ ਤਹਿ ਕਰਕੇ ਜਾਂਦੇ ਅਤੇ ਘੰਟਿਆਂ ਬੱਧੀ ਉਸ ਦੀ ਉਡੀਕ ਕਰਦੇ ਸਨ। ਅੱਜ ਸਾਡਾ ਸੀਸ ਉਸ ਪਿਤਾ ਦੇ ਸਤਕਾਰ ਵਿਚ ਝੁਕਣਾ ਚਾਹੀਦਾ ਹੈ ਜਿਸ ਨੇ ਕਿ ਏਨੀ ਮਿਹਨਤ ਕਰਕੇ ਆਪਣੀ ਬੇਟੀ ਨੂੰ ਓਲਿੰਪਕ ਖੇਡਾਂ ਤਕ ਪਹੁੰਚਣ ਵਿਚ ਹਿੰਮਤ ਕੀਤੀ। ਪੰਜਾਬ ਦੀ ਇਸ ਧੀ ਨੇ ਪਹਿਲਾਂ ਹਾਕੀ ਦੇ ਕੁਅਰਟਰ ਫਾਈਨਲ ਅਤੇ ਫਿਰ ਸੈਮੀਫਾਈਨਲ ਵਿਚ ਪ੍ਰਦਰਸ਼ਨੀ ਕਰਕੇ ਇਤਹਾਸ ਰਚਿਆ ਹੈ। ਇਹ ਗੱਲ ਵੀ ਜਾਨਣੀ ਹੋਵੇਗੀ ਕਿ ਭਾਰਤੀ ਮਹਿਲਾ ਹਾਕੀ ਟੀਮ ਵਿਚ ਗੁਰਜੀਤ ਕੌਰ ਪੰਜਾਬ ਦੀ ਇੱਕੋ-ਇੱਕ ਖਿਡਾਰਨ ਹੈ।
ਪੇਂਡੂ ਪੱਧਰ ਤੋਂ ਉੱਠ ਕੇ ਜਿਸ ਸਮੇਂ ਗੁਰਜੀਤ ਹੋਸਟਲ ਵਿਚ ਜਾ ਕੇ ਰਹਿਣ ਲੱਗੀ ਤਾਂ ਖੇਡ ਪ੍ਰਤੀ ਉਸ ਦੀ ਦਿਲਚਸਪੀ ਹੋਰ ਵੀ ਵਧਦੀ ਗਈ ਅਤੇ ਉਹ ਆਤਮ ਵਿਸ਼ਵਾਸ ਨਾਲ ਨੂਰੋ ਨੂਰ ਹੁੰਦੀ ਗਈ। ਟੋਕੀਓ ਓਲਿੰਪਕ ਵਿਚ ਜਾਣ ਤੋਂ ਪਹਿਲਾਂ ਗੁਰਜੀਤ ਨੇ ਕਰੀਬ 87 ਕੌਮਾਂਤਰੀ ਮੈਚ ਖੇਡੇ ਅਤੇ 60 ਗੋਲ ਕੀਤੇ। ਉਹ ਹਾਕੀ ਸਬੰਧੀ ਸੰਦੀਪ ਸਿੰਘ ਨੂੰ ਆਪਣਾ ਆਦਰਸ਼ ਮੰਨਦੀ ਹੈ। ਗੁਰਜੀਤ ਕੌਰ ਨੇ ਦੱਸਿਆ ਕਿ ਸ਼ੁਰੂ-ਸ਼ੁਰੂ ਵਿਚ ਉਸ ਦੀ ਹਾਕੀ ਦੀ ਵਰਦੀ ਬਾਰੇ ਲੋਕਾਂ ਨੇ ਉਸ ਦੇ ਘਰਦਿਆ ਨੂੰ ਢਹਿੰਦੀ ਕਲਾ ਵਾਲੀਆਂ ਗੱਲਾਂ ਕਹੀਆਂ ਅਤੇ ਅਸਹਿਮਤੀ ਜਤਾਈ ਪਰ ਪਰਿਵਾਰ ਨੇ ਇਹਨਾ ਗੱਲਾਂ ਨੂੰ ਦਿਲ ‘ਤੇ ਨਾ ਲਾਇਆ ਅਤੇ ਆਪਣੀ ਬੇਟੀ ਦੀ ਹਿਮਾਇਤ ਜਾਰੀ ਰੱਖੀ। ਅੱਜ ਉਹ ਆਪਣੇ ਪਰਿਵਾਰ ਦੇ ਯੋਗਦਾਨ ਕਰਕੇ ਹੀ ਦੁਨੀਆਂ ਭਰ ਵਿਚ ਆਪਣਾ ਸਥਾਨ ਬਣਾ ਸਕੀ ਹੈ।
ਪੰਜਾਬ ਵਿਚ ਲੜਕੀਆਂ ਦੀ ਹਾਕੀ ਦੇ ਭਵਿੱਖ ਬਾਰੇ ਗੁਰਜੀਤ ਕੌਰ ਨੇ ਬੜੀ ਹੀ ਦੁਖਦਾਇਕ ਸੱਚਾਈ ਪ੍ਰਗਟ ਕੀਤੀ ਹੈ ਕਿ ਖੇਡ ਲਈ ਉੱਚ ਪਾਏ ਦੀ ਕੋਚਿੰਗ, ਵਧੀਆ ਖੇਡ ਮੈਦਾਨ ਅਤੇ ਖਾਣ ਪੀਣ ਦੀਆਂ ਸਾਰੀਆਂ ਸਹੂਲਤਾਂ ਦੇ ਨਾਲ-ਨਾਲ ਵਧੀਆ ਹੋਸਟਲਾਂ ਦਾ ਹੋਣਾ ਜਰੂਰੀ ਹੈ ਜੋ ਕਿ ਨਹੀਂ ਹੈ। ਜੇਕਰ ਪੰਜਾਬ ਸਰਕਾਰ ਨੇ ਤਤਕਾਲ ਇਸ ਪਾਸੇ ਵਲ ਧਿਆਨ ਨਾ ਦਿੱਤਾ ਤਾਂ ਪੰਜਾਬ ਵਿਚ ਕੁੜੀਆਂ ਦੀ ਹਾਕੀ ਦੀ ਖੇਡ ਬਿਲਕੁਲ ਖਤਮ ਹੋ ਜਾਵੇਗੀ। ਨਿਰਸੰਦੇਹ ਇਹ ਭਵਿੱਖਬਾਣੀ ਬਹੁਤ ਹੀ ਦੁਖਦਾਇਕ ਹੈ ਪਰ ਇਹ ਕੌੜਾ ਸੱਚ ਹੈ ਕਿ ਸਾਡੇ ਰਾਜਨੀਤਕਾਂ ਵਿਚ ਮਸੀਂ ਕੋਈ ਉਂਗਲਾਂ ‘ਤੇ ਗਿਣਨ ਜੋਗੀਆਂ ਸ਼ਖਸੀਅਤਾਂ ਹੋਣਗੀਆਂ ਜੋ ਪੰਜਾਬ ਦੇ ਖੇਡ ਮੈਦਾਨ ਅਤੇ ਖਿਡਾਰੀਆਂ ਦੀ ਚੜ੍ਹਦੀ ਕਲਾ ਪ੍ਰਤੀ ਖਿਆਲ ਕਰਦੇ ਹੋਣ। ਇਹ ਵੀ ਅਸੀਂ ਜਾਣਦੇ ਹਾਂ ਕਿ ਸਾਡੇ ਰਾਜਨੀਤਕ ਕਿਸ ਤਰਾਂ ਦੀ ਰਾਜਨੀਤੀ ਕਰ ਰਹੇ ਹਨ ਅਤੇ ਇਸੇ ਕਰਕੇ ਸਾਡੀਆਂ ਰਾਜਨੀਤਕ ਪਾਰਟੀਆਂ ਨੂੰ ਆਪਣਾ ਭਵਿੱਖ ਵੀ ਕਾਲਾ ਦਿਸ ਰਿਹਾ ਹੈ। ਲੰਬੇ ਸਮੇਂ ਤੋਂ ਪੰਜਾਬ ਰਾਜਨੀਤਕ ਤੌਰ ‘ਤੇ ਕਿਸੇ ਤੀਸਰੇ ਬਦਲ ਦੀ ਉਡੀਕ ਵਿਚ ਹੈ ਪਰ ਅਉਣ ਵਾਲੇ ਦਿਨਾ ਵਿਚ ਇਸ ਉਮੀਦ ਦੀ ਖਿਚੜੀ ਹੁੰਦੀ ਵਿਖਾਈ ਦੇ ਰਹੀ ਹੈ।
ਸਾਡੇ ਐਨ ਆਰ ਆਈ ਵੀ ਪਹਿਲਾਂ ਘੱਟੋ ਘੱਟ ਮਾਂ ਖੇਡ ਕਬੱਡੀ ਪ੍ਰਤੀ ਦਿਲਚਸਪੀ ਰੱਖਦੇ ਸਨ ਪਰ ਹੁਣ ਉਸ ਪਾਲ ਦੀ ਪੀੜ੍ਹੀ ਬਜ਼ੁਰਗੀ ਵਲ ਵਧ ਰਹੀ ਹੋਣ ਕਾਰਨ ਉਹ ਜੋਸ਼ ਹੁਣ ਨਹੀਂ ਦਿਸ ਰਿਹਾ ਜਦ ਕਿ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਦੇ ਹੋਣਹਾਰ ਖਿਡਾਰੀਆਂ ਦੀ ਬਾਂਹ ਫੜਨੀ ਚਾਹੀਦੀ ਹੈ ਤਾਂ ਕਿ ਉਹ ਨਿਰਾਸ਼ ਨਾ ਹੋਣ ਤੇ ਪੰਜਾਬ ਸਰਕਾਰ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਇਹ ਸਤਰਾਂ ਲਿਖੇ ਜਾਣ ਤਕ ਭਾਰਤੀ ਪੁਰਸ਼ਾਂ ਦੀ ਹਾਕੀ ਦੀ ਟੀਮ ਜੋ ਅੱਧੀ ਸਦੀ ਮਗਰੋਂ ਸੈਮੀਫਾਈਨਲ ਵਿਚ ਪਹੁੰਚੀ ਸੀ ਹੁਣ ਉਹ ਬੈਲਜੀਅਮ ਕੋਲੋਂ 5-2 ਦੇ ਫਰਕ ਨਾਲ ਹਾਰ ਗਈ ਹੈ ਜਦ ਕਿ ਭਾਰਤੀ ਮਹਿਲਾ ਹਾਕੀ ਟੀਮ ਦਾ ਅਰਜਨਟੀਨਾ ਨਾਲ ਮੁਕਾਬਲਾ ਹੋਣਾ ਹੈ ਅਤੇ ਕ੍ਰਿਸ਼ਮੇ ਦੀ ਉਡੀਕ ਕੀਤੀ ਜਾ ਰਹੀ ਹੈ।
ਉੱਡਣੇ ਸਿੱਖ ਮਿਲਖਾ ਸਿੰਘ ਵਾਂਗ ਹੀ ਓਲਿੰਪਕ ਵਿਚ ਤਮਗਾ ਜਿੱਤਣੋਂ ਉੱਕ ਗਈ ਕਮਲਪ੍ਰੀਤ ਕੌਰ
ਸਵਰਗਵਾਸੀ ਮਿਲਖਾ ਸਿੰਘ ਜੀਵਨ ਦੇ ਆਖਰੀ ਸਾਲਾਂ ਵਿਚ ਇਹ ਕਹਿੰਦੇ ਹੀ ਚਲੇ ਗਏ ਸਨ ਕਿ ਉਹਨਾ ਦਾ ਸੁਪਨਾ ਹੈ ਕਿ ਜੋ ਸੋਨ ਤਮਗਾ ਚੁੱਕਣ ਤੋਂ ਉਹ ਓਲਿੰਪਕ ਵਿਚ ਉੱਖੜ ਗਏ ਸਨ ਉਹ ਹੁਣ ਉਸ ਦੇ ਵਾਰਸ ਚੁੱਕਣ ਪਰ ਆਪਣੀ ਜਿੱਤ ਦੇ ਐਨ ਨੇੜੇ ਜਾ ਕੇ ਖੁੰਝ ਗਈ ਪ੍ਰਤੀਤ ਹੁੰਦੀ ਹੈ ਕਮਲਜੀਤ ਕੌਰ। ਉਸ ਨੂੰ ਡਿਸਕਸ ਥ੍ਰੋ ਮੁਕਾਬਲੇ ਵਿਚ ਛੇਵਾਂ ਸਥਾਨ ਪ੍ਰਾਪਤ ਹੋਇਆ ਹੈ। ਇਹ ਉਹ ਲੜਕੀ ਹੈ ਜਿਸ ਦੇ ਸੀਨੇ ‘ਤੇ ‘ਕੌਰ’ ਲਿਖਿਆ ਦੇਖ ਕੇ ਪੰਜਾਬੀ ਮਾਣ ਨਾਲ ਸੀਨਾ ਚੌੜਾ ਕਰ ਲੈਂਦੇ ਸਨ। ਇਹ ਲੜਕੀ ਜਿਲਾ ਮੁਕਤਸਰ ਦੇ ਪਿੰਡ ਕਬਰਵਾਲ ਨਾਲ ਸਬੰਧਤ ਹੈ।
ਕਮਲਜੀਤ ਕੌਰ ਨੇ ਓਲਿੰਪਕ ਖੇਡਾਂ ਵਿਚ ਪਹਿਲੀ ਵਾਰ ਹਿੱਸਾ ਲਿਆ ਹੈ ਅਤੇ ਜਦੋ ਉਸ ਨੇ 31 ਜੁਲਾਈ ਨੂੰ ਡਿਸਕਸ ਥ੍ਰੋ ਦੇ ਫਾਈਨਲ ਵਿਚ ਆਪਣੇ ਆਪ ਨੂੰ ਸੁਰੱਖਿਅਤ ਕਰ ਲਿਆ ਸੀ ਤਾਂ ਬੜੀ ਆਸ ਬੱਝ ਗਈ ਸੀ ਕਿ ਉਹ ਤੋਨੇ ਦਾ ਤਮਗਾ ਜਰੂਰ ਚੁੱਕੇਗੀ ਕਿਓਂਕਿ ਕੁਆਲੀਫਾਈਡ ਰਾਊਂਡ ਵਿਚ ਕਮਲਜੀਤ ਦੇ ਪੁਆਇੰਟ ਮੌਜੂਦਾ ਵਿਸ਼ਵ ਚੈਂਪੀਅਨ ਯੇਮੀ ਪਰਜ਼ ਅਤੇ ਓਲਿੰਪਕਸ ਦੀ ਸੋਨ ਤਮਗਾ ਜੇਤੂ ਸਾਂਡਰਾ ਪਰਵੋਕ ਤੋਂ ਵੀ ਜਿਆਦਾ ਸਨ। ਕਮਲਜੀਤ ਦੀ ਬੈਸਟ ਥਰੋ ੬੬ ਮੀਟਰ ਰਹੀ ਹੈ ਅਤੇ ਜੇਕਰ ਉਹ ਇਹ ਥਰੋ ਕਰ ਜਾਂਦੀ ਤਾਂ ਸੋਨ ਤਗਮਾ ਹਾਸਲ ਹੋ ਜਾਣਾ ਸੀ ਪਰ ਕਮਲਪ੍ਰੀਤ ਦੇ ਦੱਸਣ ਮੁਤਾਬਕ ਮੌਸਮ ਵਿਚ ਆਈ ਅਚਾਨਕ ਤਬਦੀਲੀ ਨਾਲ ਉਹ ਕੁਝ ਨਰਵਸ ਹੋ ਗਈ ਅਤੇ ਆਪਣੀ ਬਿਹਤਰ ਪ੍ਰਦਰਸ਼ਨੀ ਨਾ ਕਰ ਸਕੀ ਤੇ ਛੇਵੇਂ ਸਥਾਨ ਤੇ ਚਲੀ ਗਈ।
ਇਸ ਵਿਚ ਕੋਈ ਛੱਕ ਨਹੀਂ ਕਿ ਪਿੰਡਾਂ ਤੋਂ ਆਏ ਸਾਡੇ ਖਿਡਾਰੀ ਓਲਿੰਪਕੀ ਪੱਧਰ ਲਈ ਮਾਨਸਕ ਤੌਰ ‘ਤੇ ਤਿਆਰ ਨਹੀਂ ਹੁੰਦੇ ਅਤੇ ਡਿਸਕਸ ਥ੍ਰੋ ਦੀ ਪ੍ਰਦਰਸ਼ਨੀ ਸਮੇ ਬਾਰਸ਼ ਦਾ ਆ ਜਾਣਾ ਖਿਡਾਰੀ ਜਾਂ ਖਿਡਾਰਨ ਦੀ ਮਾਨਸਿਕਤਾ ‘ਤੇ ਅਸਰ ਅੰਦਾਜ਼ ਹੋ ਸਕਦਾ ਹੈ ਕਿਓਂਕਿ ਪੰਜਾਬ ਵਿਚ ਮੌਸਮ ਜਿਆਦਾਤਰ ਖੁਸ਼ਕ ਹੀ ਰਹਿੰਦਾ ਹੈ। ਪਰ ਜਿਹੋ ਜਿਹਾ ਪ੍ਰਭਾਵ ਕਮਲਜੀਤ ਕੌਰ ਨੇ ਇਹਨਾ ਖੇਡਾਂ ਵਿਚ ਬਣਾਇਆ ਹੈ ਉਸ ਨਾਲ ਇੱਕ ਗੱਲ ਤਾਂ ਸਿੱਧ ਹੁੰਦੀ ਹੀ ਹੈ ਕਿ ਪੰਜਾਬ ਦੀਆਂ ਖਿਡਾਰਨਾ ਦੇ ਦਿਲ ਦਿਮਾਗ ਵਿਚ ਖੇਡ ਮੈਦਾਨ ਵਿਚ ਮੱਲਾਂ ਮਾਰਨ ਦੀਆਂ ਸੱਧਰਾਂ ਅਤੇ ਸੰਭਾਵਨਾਵਾਂ ਸਿਖਰ ‘ਤੇ ਹਨ ਬਸ਼ਰਤਿ ਕਿ ਪੰਜਾਬ ਦੇ ਵਿੱਦਿਅਕ ਅਦਾਰੇ ਅਤੇ ਸਰਕਾਰਾਂ ਇਹਨਾ ਖੇਡ ਸਿਤਾਰਿਆਂ ਲਈ ਢੁੱਕਵਾਂ ਮਹੌਲ ਤਿਆਰ ਕਰਨ ਅਤੇ ਉਹਨਾ ਨੂੰ ਵਧੀਆ ਕਿਸਮ ਦੀ ਕੋਚਿੰਗ, ਖੁਰਾਕ ਅਤੇ ਖੇਡ ਮੈਦਾਨ ਮੁਹੱਈਆ ਕਰਵਾਉਣ।
ਇਹ ਗੱਲ ਵੀ ਖਿਆਲ ਕਰਨ ਵਾਲੀ ਹੈ ਕਿ ਭਾਵੇਂ ਅੱਜ ਅਸੀਂ ਇੱਕੀਵੀਂ ਸਦੀ ਵਿਚ ਰਹਿ ਰਹੇ ਹਾਂ ਪਰ ਹਾਲੇ ਵੀ ਸਾਡੇ ਸਮਾਜ ਵਿਚ ਲੜਕੀਆਂ ਨੂੰ ਜੀਵਨ ਵਿਚ ਅੱਗੇ ਵਧਣ ਦੇ ਪੂਰੇ ਮੌਕੇ ਨਹੀਂ ਦਿੱਤੇ ਜਾਂਦੇ। ਕਮਲਜੀਤ ਦਾ ਪਰਿਵਾਰ ਵੀ ਸਮਾਜ ਦੇ ਅਜੇਹੇ ਦਬਾਓ ਤੋਂ ਪ੍ਰਭਾਵਿਤ ਸੀ ਜਿਥੇ ਲੜਕੀਆਂ ਨੂੰ ਮੁਢਲੀ ਵਿੱਦਿਆ ਮਗਰੋਂ ਵਿਆਹ ਦਿੱਤਾ ਜਾਂਦਾ ਹੈ ਅਤੇ ਕਮਲਜੀਤ ਦਾ ਪਰਿਵਾਰ ਵੀ ਇਸ ਗੱਲ ਲਈ ਖੁਸ਼ ਨਹੀਂ ਸੀ ਕਿ ਉਹ ਅੱਗੇ ਵਧੇ। ਕਮਲਜੀਤ ਦੇ ਮਾਮਲੇ ਵਿਚ ਉਸ ਦੇ ਪਿਤਾ ਨੇ ਉਸ ਦਾ ਸਾਥ ਦਿੱਤਾ। ਦੂਸਰੀ ਮੁਸ਼ਕਲ ਇਹ ਸੀ ਕਿ ਕਮਲਜੀਤ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਸਲਾਹ ਕਿਥੋਂ ਲਵੇ ਤੇ ਜਿਸ ਤਰਾਂ ਦਾ ਖੇਡ ਮੈਦਾਨ ਉਸ ਨੂੰ ਲੋੜੀਂਦਾ ਹੈ ਉਹ ਕਿਥੋਂ ਮਿਲੇ। ਖੁਸ਼ਕਿਸਮਤੀ ਨੂੰ ਉਸ ਨੂੰ ਇਹ ਸਹੂਲਤ ਪਿੰਡ ਬਾਦਲ ਵਿਚ ਮਿਲ ਗਈ।
ਕਮਲਜੀਤ ਕੌਰ ਦੀਆਂ ਅੱਖਾਂ ਵਿਚ ਅੱਜ ਵੀ ਅਗਲੀਆਂ ਉਡਾਣਾ ਦੇ ਸੁਫਨੇ ਕਾਇਮ ਹਨ ਅਤੇ ਸ਼ੁਰੂ ਤੋਂ ਉਸ ਨੂੰ ਕ੍ਰਿਕਟ ਦਾ ਸ਼ੌਂਕ ਵੀ ਰਿਹਾ ਹੈ ਅਤੇ ੳਹ ਕ੍ਰਿਕਟ ਵਿਚ ਵੀ ਜਾਣਾ ਚਹੁੰਦੀ ਹੈ। ਉਸ ਦੀ ਜੀਵਨ ਕਹਾਣੀ ਸੁਣਦਿਆਂ ਇਹ ਸੁਣਕੇ ਬੜਾ ਧੱਕਾ ਲੱਗਾ ਕਿ 2019 ਤੋਂ ਪਹਿਲਾਂ ਉਹ ਤਾਂ ਰੋਟੀ ਪਾਣੀ ਵੀ ਮੈਸ ਵਿਚੋਂ ਹੀ ਖਾਂਦੀ ਰਹੀ ਸੀ ਜਦ ਕਿ ਇਸ ਪੱਧਰ ਦੇ ਖਿਡਾਰੀਆਂ ਨੂੰ ਵਿਸ਼ੇਸ਼ ਨਿਊਟਰੀਸ਼ਨਲ ਡਾਈਟ ਦੀ ਲੋੜ ਹੁੰਦੀ ਹੈ। ਕਮਲਜੀਤ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਸ਼ੁਰੂ ਤੋਂ ਹੀ ਲੋੜੀਂਦੀ ਖੁਰਾਕ ਮਿਲਦੀ ਤਾਂ ਅੱਜ ਉਹ ਖੇਡ ਮੈਦਾਨ ਦੀਆਂ ਹੋਰ ਬੁਲੰਦੀਆਂ ਨੂੰ ਛੋਹ ਰਹੀ ਹੁੰਦੀ। ਕਮਲਜੀਤ ਨੇ ਵਿੱਦਿਅਕ ਅਦਾਰਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਕੂਲ ਵਿਚ ਇੱਕ ਪੀਰੀਅਡ ਖੇਡਾਂ ਵਾਸਤੇ ਰਾਖਵਾਂ ਰੱਖਣ ਤਾਂ ਕਿ ਸਮਾਜ ਵਿਚ ਛੁਪੇ ਸਿਤਾਰੇ ਪ੍ਰਗਟ ਹੋ ਸਕਣ। ਇਸ ਨਾਲ ਸਬੰਧਤ ਪਿੰਡਾਂ ਸ਼ਹਿਰਾਂ ਦੇ ਸਕੂਲਾਂ ਵਿਚ ਖੇਡ ਮੈਦਾਨਾ ਦਾ ਹੋਣਾ ਵੀ ਬਹੁਤ ਜਰੂਰੀ ਹੈ। ਇਸ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਇਹ ਦੱਸਿਆ ਜਾਣਾ ਵੀ ਜਰੂਰੀ ਹੈ ਕਿ ਖੇਡ ਨਾਲ ਸਬੰਧਤ ਨੌਕਰੀਆਂ ਲਈ ਵੀ ਬਹੁਤ ਸਹੂਲਤਾਂ ਹਨ ਕਿਓਂਕਿ ਬਹੁਤ ਸਾਰੇ ਬੱਚੇ ਖੇਡ ਮੈਦਾਨ ਵਿਚ ਆਪਣੀ ਨੌਕਰੀ ਦੇ ਭਵਿੱਖ ਨੂੰ ਦੇਖਣ ਤੋਂ ਅਸਮਰਥ ਹੋਣ ਕਾਰਨ ਖੇਡਾਂ ਵਿਚ ਅੱਗੇ ਨਹੀਂ ਵਧਦੇ। ਬੱਚਿਆਂ ਨੂੰ ਨਹੀਂ ਪਤਾ ਕਿ ਪੁਲਸ, ਰੇਲਵੇ, ਮੰਡੀ ਬੋਰਡ ਅਤੇ ਅਨੇਕਾਂ ਹੋਰ ਮਹਕਮਿਆਂ ਵਿਚ ਖਿਡਾਰੀਆਂ ਨੂੰ ਨੌਕਰੀਆਂ ਲਈ ਕਿੰਨੇ ਸੁਨਹਿਰੀ ਮੌਕੇ ਹਾਸਲ ਹਨ।
ਕਮਲਜੀਤ ਕੌਰ ਤੋਂ ਇਹ ਸੁਣਦਿਆ ਬਹੁਤ ਹੈਰਾਨੀ ਹੋਈ ਜਦੋ ਉਸ ਨੇ ਦੱਸਿਆ ਕਿ ਰੇਲਵ ਵਿਚ ਨੌਕਰੀ ਕਰਦਿਆਂ ਉਸ ਦੀ ਤਨਖਾਹ ਦਾ ਬਹੁਤਾ ਹਿੱਸਾ ਤਾਂ ਟ੍ਰੇਨਰ (ਜੁੱਤੇ) ਖ੍ਰੀਦਣ ‘ਤੇ ਹੀ ਲੱਗ ਜਾਂਦਾ ਸੀ। ਪੰਜਾਬੀ ਸਮਾਜ ਵਿਚ ਇਹਨਾ ਨਗੀਨਿਆਂ ਦਾ ਅਗਰ ਯੋਗ ਮਾਰਗ ਦਰਸ਼ਨ ਅਤੇ ਲੋੜੀਂਦਾ ਸਮਰਥਨ ਹੋਵੇ ਤਾਂ ਇਕੱਲਾ ਪੰਜਾਬ ਹੀ ਓਲਿੰਪਕ ਵਿਚ ਇੱਕ ਨਹੀਂ ਸਗੋਂ ਅਨੇਕਾਂ ਸੋਨ ਤਮਗੇ ਚੁੱਕਣ ਦੇ ਯੋਗ ਹੋ ਸਕਦਾ ਹੈ।