ਇਹ ਵੇਖਿਆ ਗਿਆ ਹੈ ਕਿ ਜਦੋਂ ਬਾਹਰਲੇ ਸੂਬਿਆਂ ਦੇ ਵਾਸੀ ਸਿੱਧੇ ਆਈ.ਪੀ.ਐਸ. ਭਰਤੀ ਹੋ ਕੇ ਪੰਜਾਬ ਕੇਡਰ ਵਿੱਚ ਆਉਂਦੇ ਹਨ ਤਾਂ ਜਿਆਦਾਤਰ ਦੇ ਮਨ ਵਿੱਚ ਇਹ ਭਰਮ ਹੁੰਦਾ ਹੈ ਕਿ ਸ਼ਾਇਦ ਸਾਰੀ ਦੀ ਸਾਰੀ ਪੰਜਾਬ ਪੁਲਿਸ ਮਹਾਂ ਭ੍ਰਿਸ਼ਟ ਅਤੇ ਨਿਕੰਮੀ ਹੈ ਤੇ ਸਰਕਾਰ ਨੇ ਉਨ੍ਹਾਂ ਨੂੰ ਇਥੇ ਪੰਜਾਬ ਪੁਲਿਸ ਨੂੰ ਸੁਧਾਰਨ ਲਈ ਹੀ ਭੇਜਿਆ ਹੈ। ਇਹ ਆਈ.ਪੀ.ਐਸ. ਸਾਹਿਬਾਨ ਪਹਿਲੀ ਫੀਲਡ ਪੋਸਟਿੰਗ ਹੁੰਦਿਆਂ ਸਾਰ ਰਾਜੇ ਹਰੀਸ਼ ਚੰਦਰ ਦਾ ਰੂਪ ਧਾਰ ਕੇ ਮੁਲਾਜ਼ਮਾਂ ਦੇ ਪਿੱਛੇ ਪੈ ਜਾਂਦੇ ਹਨ। ਉਹ ਗੱਲ ਵੱਖਰੀ ਹੈ ਕੁਝ ਸਾਲਾਂ ਬਾਅਦ ਹੀ ਇਨ੍ਹਾਂ ਵਿੱਚੋਂ ਕਈ ਪੈਸੇ ਲੈਣ ਵਾਲੀਆਂ ਧੱਜੀਆਂ ਉਡਾ ਦਿੰਦੇ ਹਨ। ਅਸਲ ਵਿੱਚ ਇਨ੍ਹਾਂ ਵਿੱਚੋਂ ਕਈ ਉਨ੍ਹਾਂ ਰਾਜਾਂ ਤੋਂ ਆਉਂਦੇ ਹਨ ਜਿੱਥੇ ਲੋਕਾਂ ਦਾ ਜੀਵਨ ਪੱਧਰ ਬਹੁਤ ਨੀਵਾਂ ਹੈ ਤੇ ਘੋਰ ਗਰੀਬੀ ਹੈ। ਜਦੋਂ ਕਿ ਹਰੀ ਕ੍ਰਾਂਤੀ ਕਾਰਨ ਹੋਏ ਵਿਕਾਸ ਦੇ ਫਲਸਵਰੂਪ ਪੰਜਾਬ ਪੁਲਿਸ ਦੇ ਕਾਂਸਟੇਬਲ ਤੱਕ ਵੀ ਚੰਗੀਆਂ ਗੱਡੀਆਂ ਤੇ ਬੁਲੇਟ ਵਰਗੇ ਮਹਿੰਗੇ ਮੋਟਰ ਸਾਈਕਲ ਖਰੀਦਣ ਦੀ ਹੈਸੀਅਤ ਰੱਖਦੇ ਹਨ। ਉਸ ਦੇ ਉਲਟ ਭਾਰਤ ਦੇ ਬਹੁਗਿਣਤੀ ਸੂਬਿਆਂ ਦੇ ਵਸਨੀਕਾਂ ਲਈ ਅੱਜ ਵੀ ਸਾਈਕਲ ਖਰੀਦਣਾ ਬਹੁਤ ਵੱਡੀ ਗੱਲ ਹੈ। ਇਹ ਅਫਸਰ ਜਦੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਗੱਡੀਆਂ ਵਿੱਚ ਘੁੰਮਦੇ ਵੇਖਦੇ ਹਨ ਤਾਂ ਆਪਣੇ ਸੂਬੇ ਦੀ ਆਰਥਿਕ ਹਾਲਤ ਨਾਲ ਤੁਲਨਾ ਕਰ ਕੇ ਸਮਝਦੇ ਹਨ ਕਿ ਇਹ ਰਿਸ਼ਵਤਖੋਰੀ ਨਾਲ ਹੀ ਖਰੀਦੇ ਜਾ ਸਕਦੇ ਹਨ।
ਕਈ ਸਾਲ ਪਹਿਲਾਂ ਅਜਿਹਾ ਹੀ ਇੱਕ ਅਫਸਰ ਸਤਿੰਦਰ ਚੈਨ (ਕਾਲਪਨਿਕ ਨਾਮ) ਸੰਗਰੂਰ ਜਿਲ੍ਹੇ ਦੀ ਇੱਕ ਸਬ ਡਵੀਜ਼ਨ ਵਿੱਚ ਬਤੌਰ ਏ.ਐਸ.ਪੀ. ਨਿਯੁੱਕਤ ਹੋਇਆ ਸੀ। ਉਸ ਵੇਲੇ ਸੰਗਰੂਰ ਵਿਖੇ ਇੱਕ ਬਹੁਤ ਹੀ ਹੰਢਿਆ ਵਰਤਿਆ ਤੇ ਸੋਲਾਂ ਕਲਾਂ ਸੰਪੂਰਨ ਅਫਸਰ ਬਤੌਰ ਐਸ.ਐਸ.ਪੀ. ਤਾਇਨਾਤ ਸੀ ਜਿਸ ਦੇ ਚੰਡੀਗੜ੍ਹ – ਦਿੱਲੀ ਦੇ ਚੋਟੀ ਦੇ ਸਿਆਸਤਦਾਨਾਂ ਅਤੇ ਸੀਨੀਅਰ ਅਫਸਰਾਂ ਨਾਲ ਗੂੜ੍ਹੇ ਸਬੰਧ ਸਨ। ਉਹ ਵਗਾਰ ਕਰਨ ਨੂੰ ਬਹੁਤ ਤਕੜਾ ਸੀ, ਇਥੋਂ ਤੱਕ ਕਿ ਪੰਜਾਬ ਨਾਲ ਸਬੰਧਿਤ ਇੱਕ ਚੋਟੀ ਦੇ ਖੱਬੇ ਪੱਖੀ ਲੀਡਰ ਨੂੰ ਹਰ ਮਹੀਨੇ ਦੋ ਮਹੀਨੇ ਬਾਅਦ ਤਿੱਤਰ ਵੀ ਭੇਜਦਾ ਹੁੰਦਾ ਸੀ। ਥਾਣਿਆਂ ਦੀਆਂ ਟੀਮਾਂ ਠੁਮਰਿਆਂ ਨੂੰ ਲੈ ਕੇ ਖੇਤਾਂ ਵਿੱਚ ਫੈਲ ਜਾਂਦੀਆਂ ਸਨ। ਤਿੱਤਰ ਦਾ ਕੋਡ ਨੇਮ ਟੈਂਗੋ ਰੱਖਿਆ ਹੋਇਆ ਸੀ ਤੇ ਵਾਇਰਲੈੱਸ ‘ਤੇ ਥਾਣਿਆਂ ਨੂੰ ਪੁੱਛਿਆ ਜਾਂਦਾ ਸੀ ਆਪਣੀ ਟੈਂਗੋ ਗਿਣਤੀ ਦੱਸੋ, ਅਰਥਾਤ ਕਿੰਨੇ ਤਿੱਤਰ ਪਕੜੇ ਜਾ ਚੁੱਕੇ ਹਨ? ਇਸ ਤੋਂ ਇਲਾਵਾ ਉਸ ਵੱਲੋਂ ਥਾਣਾ ਇੰਚਾਰਜਾਂ ਤੇ ਸਬ ਡਵੀਜ਼ਨਾਂ ਦੇ ਡਿਪਟੀਆਂ ਨੂੰ ਠੋਕ ਕੇ ਵਗਾਰ ਪਾਈ ਜਾਂਦੀ ਸੀ ਜੋ ਮਹੀਨੇ ਦੀ 3 ਤਰੀਕ ਨੂੰ ਪਹੁੰਚ ਜਾਣੀ ਲਾਜ਼ਮੀ ਸੀ। ਚੈਨ ਨੇ ਆਉਂਦੇ ਸਾਰ ਆਪਣੀ ਸਬ ਡਵੀਜ਼ਨ ਦੇ ਐਸ.ਐਚ.ਉਆਂ ਦੀ ਮੀਟਿੰਗ ਬੁਲਾਈ ਤੇ ਪ੍ਰਧਾਨ ਮੰਤਰੀ ਦੇ ਜ਼ੁਮਲੇ, ਨਾ ਖਾਊਂਗਾ, ਨਾ ਖਾਨੇ ਦੂੰਗਾ, ਵਰਗਾ ਸਖਤ ਹੁਕਮ ਜਾਰੀ ਕਰ ਦਿੱਤਾ। ਉਸ ਨੇ ਸਾਰੀ ਸਬ ਡਵੀਜ਼ਨ ਵਿੱਚ ਦਹਿਸ਼ਤ ਪਾ ਦਿੱਤੀ ਤੇ ਸ਼ੱਕੀ ਕਿਰਦਾਰ ਵਾਲੇ ਮੁਲਾਜ਼ਮਾਂ ਦੀ ਰਿਸ਼ਵਤਖੋਰੀ ਸਬੰਧੀ ਲਿਖ ਲਿਖ ਕੇ ਐਸ.ਐਸ.ਪੀ. ਨੂੰ ਭੇਜਣਾ ਸ਼ੁਰੂ ਕਰ ਦਿੱਤਾ। ਸਾਰੇ ਮੁਲਾਜ਼ਮ ਡਰ ਗਏ ਤੇ ਐਸ.ਐਚ.ਉ ਵੀ ਮਾਹੌਲ ਗਰਮ ਹੋਇਆ ਵੇਖ ਕੇ ਕੱਛੁਕੁੰਮੇ ਵਾਂਗ ਦੜ ਵੱਟ ਗਏ। ਮਹੀਨਾ ਖਤਮ ਹੋ ਗਿਆ ਪਰ ਚੈਨ ਦੀ ਸਬ ਡਵੀਜ਼ਨ ਦੇ ਐਸ.ਐਚ.ਉ. ਨਜ਼ਰਾਨਾ ਭੇਂਟ ਕਰਨ ਲਈ ਐਸ.ਐਸ.ਪੀ. ਕੋਲ ਨਾ ਪਹੁੰਚੇ।
ਉਸ ਸਬ ਡਵੀਜ਼ਨ ਵਿੱਚ ਚਾਰ ਵਧੀਆ ਮਲਾਈਦਾਰ ਥਾਣੇ ਸਨ ਜਿੰਨ੍ਹਾਂ ਤੋਂ ਆਉਣ ਵਾਲੇ ਮਾਲੀਏ ਦਾ ਨੁਕਸਾਨ ਐਸ.ਐਸ.ਪੀ. ਲਈ ਅਸਹਿ ਸੀ। ਉਸ ਨੇ ਰੀਡਰ ਰਾਹੀਂ ਐਸ.ਐਚ.ਉਆਂ ਨੂੰ ਯਾਦ ਕਰਾਉਣ ਲਈ ਟੈਲੀਫੋਨ ਕਰਵਾਏ ਤਾਂ ਸਾਰਿਆਂ ਦਾ ਇੱਕ ਹੀ ਜਵਾਬ ਸੀ ਕਿ ਏ.ਐਸ.ਪੀ. ਸਾਹਿਬ ਦੀ ਸਖਤੀ ਕਾਰਨ ਅਸੀਂ ਨਜ਼ਰਾਨਾ ਭੇਂਟ ਕਰਨ ਤੋਂ ਅਸਮਰਥ ਹਾਂ। ਜੇ ਤੁਸੀਂ ਸਾਨੂੰ ਬਦਲਣਾ ਚਾਹੁੰਦੇ ਹੋ ਤਾਂ ਬਦਲ ਦਿਉ, ਪਰ ਅਸੀਂ ਆਪਣੇ ‘ਤੇ ਮੁਕੱਦਮਾ ਨਹੀਂ ਦਰਜ਼ ਕਰਾਉਣਾ। ਐਸ.ਐਸ.ਪੀ. ਨੂੰ ਕ੍ਰੋਧ ਚੜ੍ਹ ਗਿਆ ਤੇ ਉਸ ਨੇ ਚੈਨ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਆਪ ਉਸ ਨੇ ਘਰ ਬੈਠ ਕੇ ਸੁਰਾ ਸੁੰਦਰੀ ਦਾ ਅਨੰਦ ਲੈ ਰਹੇ ਹੋਣਾ ਤੇ ਰਾਤ ਦਸ ਗਿਆਰਾਂ ਵਜੇ ਚੈਨ ਨੂੰ ਕੰਟਰੋਲ ਰੂਮ ਰਾਹੀਂ ਵਾਇਰਲੈੱਸ ਸੰਦੇਸ਼ ਕਰਵਾ ਦੇਣਾ ਕਿ ਐਸ.ਐਸ.ਪੀ. ਸਾਹਿਬ ਲੁਧਿਆਣੇ ਤੋਂ ਆ ਰਹੇ ਹਨ, ਉਨ੍ਹਾਂ ਨੂੰ ਅਹਿਮਦਗੜ੍ਹ ਟੀ ਪੁਆਇੰਟ ‘ਤੇ ਜਾ ਕੇ ਮਿਲੋ ਜਾਂ ਦਿੱਲੀ ਤੋਂ ਆ ਰਹੇ ਹਨ, ਖਨੌਰੀ ਭਾਖੜਾ ਨਹਿਰ ਦੇ ਪੁਲ ‘ਤੇ ਮਿਲੋ। ਵਿਚਾਰੇ ਚੈਨ ਨੇ ਸਾਰੀ ਸਾਰੀ ਰਾਤ ਉਡੀਕਦੇ ਰਹਿਣਾ ਤੇ ਐਸ.ਐਸ.ਪੀ. ਨੇ ਅਰਾਮ ਨਾਲ ਏ.ਸੀ. ਛੱਡ ਕੇ ਘੁਰਾੜੇ ਮਾਰਦੇ ਰਹਿਣਾ। ਜਦੋਂ ਫਿਰ ਵੀ ਚੈਨ ਨੇ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ਤਾਂ ਐਸ.ਐਸ.ਪੀ. ਨੇ ਇਲਾਕੇ ਦੇ ਟਟਪੂੰਜੀਏ ਲੀਡਰਾਂ ਨੂੰ ਕਹਿ ਕੇ ਉਸ ਦੇ ਦਫਤਰ ਸਾਹਮਣੇ ਧਰਨਾ ਲਗਵਾ ਦਿੱਤਾ। ਹਜ਼ੂਮ ਨਾਹਰੇ ਮਾਰ ਰਿਹਾ ਸੀ, “ਭ੍ਰਿਸ਼ਟ ਚੈਨ ਮੁਰਦਾਬਾਦ। ਠੱਗ ਚੈਨ ਮੁਰਦਾਬਾਦ। ਚੈਨ ਹਟਾਉ, ਇਲਾਕਾ ਬਚਾਉ ਆਦਿ।”
ਚੈਨ ਤੇ ਸਬ ਡਵੀਜ਼ਨ ਦੇ ਸਾਰੇ ਐਸ.ਐਚ.ਉ. ਸਮੇਤ ਫੋਰਸ ਧਰਨੇ ਨੂੰ ਕੰਟਰੋਲ ਕਰਨ ਲਈ ਹਾਜ਼ਰ ਸਨ। ਚੈਨ ਕਿਸੇ ਹਿੰਦੀ ਭਾਸ਼ੀ ਸੂਬੇ ਦਾ ਸੀ ਤੇ ਉਸ ਨੂੰ ਅੱਖੜ ਪੇਂਡੂ ਪੰਜਾਬੀ ਬੋਲੀ ਦੀ ਸਮਝ ਨਹੀਂ ਸੀ ਆਉਂਦੀ। ਉਸ ਨੇ ਕੋਲ ਖੜੇ ਥਾਣਾ ਸਦਰ ਦੇ ਐਸ.ਐਚ.ਉ. ਸਵਰਨ ਸਿੰਘ ਖੰਨਾ ਨੂੰ ਪੁੱਛਿਆ, “ਅਰੇ ਸਵਰਨ, ਜੇ ਕਿਆ ਕਹਿ ਰਹੇ ਹੈਂ?” ਸਵਰਨ ਅੱਗੇ ਹੀ ਸੜਿਆ ਬਲਿਆ ਪਿਆ ਸੀ ਸੋ ਉਸ ਨੇ ਕਰੜਾ ਜਿਹਾ ਅਨੁਵਾਦ ਕੀਤਾ, “ਸਰ ਯਹ ਕਹਿ ਰਹੇ ਹੈਂ ਕਿ ਆਪ ਮਹਾਂ ਕੁਰੱਪਟ ਆਫਸਰ ਹੋ। ਆਪ ਮਹਾਂ ਭੁੱਖੜ ਹੋ, ਪੈਸੇ ਲੀਏ ਬਗੈਰ ਕਿਸੀ ਕਾ ਕਾਮ ਨਹੀਂ ਕਰਤੇ। ਬੇਗੁਨਾਹੋਂ ਪਰ ਮੁਕੱਦਮੇ ਦਰਜ਼ ਕਰਵਾ ਦੇਤੇ ਹੋ।” ਚੈਨ ਨੂੰ ਸਰਦੀ ਵਿੱਚ ਹੀ ਪਸੀਨਾ ਆ ਗਿਆ ਕਿ ਇਹ ਉਲਟੀ ਗੰਗਾ ਕਿਵੇਂ ਵਹਿ ਗਈ, “ਸਵਰਨ ਆਪ ਤੋ ਜਾਨਤੇ ਹੋ ਕਿ ਮੈਂ ਪੈਸੇ ਨਹੀਂ ਲੇਤਾ। ਅਰੇ ਭਾਈ ਇਨ ਕੋ ਸਮਝਾਉ ਔਰ ਸ਼ਾਂਤ ਕਰੋ।” ਸਵਰਨ ਨੇ ਸੌ ਦੀ ਇੱਕ ਸੁਣਾਈ, “ਸਰ ਪੈਸੇ ਤੋ ਕੋਈ ਭੀ ਨਹੀਂ ਲੇਤਾ, ਜਹਾਂ ਤੱਕ ਕਿ ਐਸ.ਐਸ.ਪੀ. ਸਾਹਿਬ ਭੀ ਨਹੀਂ ਲੇਤੇ। ਪੁਲਿਸ ਮਹਿਕਮੇ ਮੇਂ ਤੋ ਜੋ ਫਸ ਗਿਆ ਸੋ ਫਸ ਗਿਆ।” ਸਵਰਨ ਦੀ ਡੰੂਘੀ ਗੱਲ ਚੈਨ ਸਮਝ ਗਿਆ ਤੇ ਉਸੇ ਵੇਲੇ ਡੀ.ਆਈ.ਜੀ. ਰੇਂਜ਼ ਪਟਿਆਲਾ ਕੋਲ ਜਾ ਕੇ ਪਿੱਟਿਆ ਕਿ ਐਸ.ਐਸ.ਪੀ. ਤਾਂ ਮੇਰਾ ਕੈਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰਨ ਦੀਆਂ ਤਿਆਰੀ ਕਰੀ ਬੈਠਾ ਹੈ। ਕਿਤੇ ਮੇਰੀ ਸਲਾਨਾ ਰਿਪੋਰਟ ਨਾ ਖਰਾਬ ਕਰ ਦੇਵੇ, ਮੈਨੂੰ ਬਚਾਇਆ ਜਾਵੇ। ਮੈਂ ਅੱਗੇ ਤੋਂ ਉਸ ਦੇ ਕੰਮਾਂ ਵਿੱਚ ਟੰਗ ਨਹੀਂ ਫਸਾਉਂਦਾ। ਡੀ.ਆਈ.ਜੀ. ਦੀ ਐਸ.ਐਸ.ਪੀ. ਨਾਲ ਚੰਗੀ ਬਣਦੀ ਸੀ। ਉਸ ਨੇ ਦੋਵਾਂ ਨੂੰ ਬਿਠਾ ਕੇ ਰਾਜ਼ੀਨਾਮਾ ਕਰਵਾ ਦਿੱਤਾ ਤੇ ਦੋਵੇਂ ਇੱਕ ਦੂਸਰੇ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਕੀਤੇ ਬਗੈਰ ਆਪੋ ਆਪਣਾ ਸਿਸਟਮ ਚਲਾਉਣ ਲੱਗ ਪਏ।