ਜੰਮੂ – ਰਾਸ਼ਟਰ ਵਿਰੋਧੀ ਸਰਗਰਮੀਆਂ ‘ਚ ਸ਼ਾਮਲ ਹੋਣ ਦੇ ਮਾਮਲੇ ‘ਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਤੇ ਸੂਬਾਈ ਜਾਂਚ ਏਜੰਸੀ (ਐੱਸਆਈਏ) ਦੀ ਸਾਂਝੀ ਟੀਮ ਨੇ ਐਤਵਾਰ ਨੂੰ ਫਹਦ ਸ਼ਾਹ ਦੇ ਦਫ਼ਤਰ ਤੇ ਘਰ ‘ਚ ਛਾਪੇਮਾਰੀ ਕੀਤੀ। ਟੀਮਾਂ ਨੇ ਕਈ ਦਸਤਾਵੇਜ਼ ਜ਼ਬਤ ਕੀਤੇ ਹਨ। ਇਹ ਛਾਪੇਮਾਰੀ ਪਹਿਲਾਂ ਤੋਂ ਐੱਸਆਈਏ ਤੇ ਐੱਨਆਈਏ ਵੱਲੋਂ ਦਰਜ ਮਾਮਲਿਆਂ ‘ਚ ਹੋ ਰਹੀ ਹੈ। ਫਹਦ ਇਕ ਮੈਗਜ਼ੀਨ ਦਾ ਸੰਪਾਦਕ ਹੈ ਤੇ ਇਸੇ ਆੜ ‘ਚ ਰਾਸ਼ਟਰ ਵਿਰੋਧੀ ਸਮੱਗਰੀ ਦਾ ਪ੍ਰਸਾਰ ਕਰਦਾ ਹੈ। ਫਿਲਹਾਲ, ਉਹ ਇਸ ਸਮੇਂ ਕੁਪਵਾੜਾ ਜੇਲ੍ਹ ‘ਚ ਬੰਦ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਉਸ ‘ਤੇ ਬੀਤੇ ਦੋ ਮਹੀਨਿਆਂ ‘ਚ ਤਿੰਨ ਮਾਮਲੇ ਦਰਜ ਕੀਤੇ ਹਨ। ਉਸ ‘ਤੇ ਪਬਲਿਕ ਸੇਫਟੀ ਐਕਟ ਵੀ ਲੱਗਿਆ ਹੋਇਆ ਹੈ।
ਦੋਵੇਂ ਜਾਂਚ ਏਜੰਸੀਆਂ ਦੀ ਸਾਂਝੀ ਟੀਮ ਫਹਦ ਦੇ ਸ੍ਰੀਨਗਰ ‘ਚ ਸੌਰਾ ਦੇ ਅੰਚਰ ਖੇਤਰ ‘ਚ ਸਥਿਤ ਦਾਊਦ ਕਾਲੋਨੀ ‘ਚ ਬਣੇ ਘਰ ਤੇ ਉਸ ਦੇ ਮੈਗਜ਼ੀਨ ਦੇ ਦਫ਼ਤਰ ‘ਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਦਫ਼ਤਰ ਖੁਰਸੂ ਰਾਜਬਾਗ ‘ਚ ਹੈ। ਫਹਦ ਸ਼ਾਹ ਨੂੰ ਪਹਿਲੀ ਵਾਰ ਚਾਰ ਫਰਵਰੀ ਨੂੰ ਹਿਰਾਸਤ ‘ਚ ਲਿਆ ਗਿਆ ਸੀ। ਉਸ ‘ਤੇ ਦੋਸ਼ ਹੈ ਕਿ ਅਫਵਾਹਾਂ ਫੈਲਾ ਕੇ ਅੱਤਵਾਦ ਨੂੰ ਬੜ੍ਹਾਵਾ ਦੇ ਰਿਹਾ ਹੈ। ਉਸ ‘ਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਭੜਕਾਉਣ ਦਾ ਵੀ ਦੋਸ਼ ਹੈ।
ਪੁਲਿਸ ਦਾ ਕਹਿਣਾ ਹੈ ਕਿ ਸ਼ਾਹ ‘ਤੇ ਤਿੰਨ ਵੱਖ-ਵੱਖ ਮਾਮਲਿਆਂ ‘ਚ ਐੱਫਆਈਆਰ ਰਿਪੋਰਟ ਦਰਜ ਹੈ। ਪਹਿਲਾ ਮਾਮਲਾ ਅੱਤਵਾਦ ਦਾ ਮਹਿਮਾਮੰਡਨ ਕਰਨ, ਦੂਜਾ ਮਾਮਲਾ ਫਰਜ਼ੀ ਖ਼ਬਰਾਂ ਫੈਲਾਉਣ ਤੇ ਤੀਜਾ ਲੋਕਾਂ ਨੂੰ ਭੜਕਾਉਣ ਦੇ ਦੋਸ਼ ‘ਚ ਦਰਜ ਹੈ। ਇਕ ਮਾਮਲਾ ਪੁਲਿਸ ਸਟੇਸ਼ਨ ਸਫਾਕਦਲ ਸ੍ਰੀਨਗਰ ‘ਚ, ਦੂਜਾ ਪੁਲਿਸ ਸਟੇਸ਼ਨ ਇਮਾਮ ਸਾਹਿਬ ਸ਼ੋਪੀਆਂ ‘ਚ ਤੇ ਤੀਜਾ ਪੁਲਿਸ ਸਟੇਸ਼ਨ ਪੁਲਵਾਮਾ ‘ਚ ਦਰਜ ਹੈ। ਉਹ ਸਥਾਨਕ ਮੈਗਜ਼ੀਨ ਦਿ ਕਸ਼ਮੀਰ ਵਾਲਾ ਦਾ ਸੰਪਾਦਕ ਹੈ। ਉਹ ਆਨਲਾਈਨ ਪੋਰਟਲ ਵੀ ਚਲਾਉਂਦਾ ਹੈ। ਉਸ ਨੂੰ ਪਹਿਲੀ ਵਾਰ ਪੁਲਵਾਮਾ ਪੁਲਿਸ ਨੇ ਹਿਰਾਸਤ ‘ਚ ਲਿਆ ਸੀ। ਸ੍ਰੀਨਗਰ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਅੰਤਿ੍ਮ ਜ਼ਮਾਨਤ ਦੇ ਦਿੱਤੀ ਸੀ। ਇਸ ਤੋਂ ਬਾਅਦ ਉਸ ਨੂੰ ਸ਼ੋਪੀਆਂ ਪੁਲਿਸ ਨੇ ਹਿਰਾਸਤ ‘ਚ ਲਿਆ। ਉਦੋਂ ਮੁਨਸਿਫ ਕੋਰਟ ਨੇ ਉਸ ਨੂੰ ਅੰਤਿ੍ਮ ਜ਼ਮਾਨਤ ਦੇ ਦਿੱਤੀ ਸੀ। ਇਸ ਤੋਂ ਬਾਅਦ ਸ੍ਰੀਨਗਰ ਪੁਲਿਸ ਨੇ ਉਸ ਨੂੰ ਹਿਰਾਸਤ ‘ਚ ਲਿਆ ਤੇ ਬਾਅਦ ‘ਚ ਉਸ ‘ਤੇ ਪਬਲਿਕ ਸੇਫਟੀ ਐਕਟ ਲਗਾ ਦਿੱਤਾ।