
ਇਜ਼ਰਾਇਲ-ਅਮਰੀਕਾ ਦੇ ਵਲੋਂ 28 ਫਰਵਰੀ 2026 ਤੋਂ ਹੀ ਈਰਾਨ ਉਪਰ ਹਮਲੇ ਕੀਤੇ ਜਾ ਰਹੇ ਹਨ। ਇਹਨਾਂ ਲੱਗਭਗ 3 ਹਫ਼ਤਿਆਂ ਦੇ ਦੌਰਾਨ ਇਰਾਨ ਦੇ ਵਿੱਚ ਵੱਡੀ ਬਰਬਾਦੀ ਹੋਈ ਹੈ। ਖਾੜੀ ਵਿਚਲੇ ਹੋਰਨਾਂ ਦੇਸਾਂ ਨੂੰ ਹੁਣ ਇਹ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ ਕਿ ਗੁਆਂਢੀ ਦੇ ਘਰ ਵਿੱਚ ਲੱਗੀ ਅੱਗ ਦੇ ਸੇਕ ਤੋਂ ਉਹ ਵੀ ਵਾਂਝੇ ਨਹੀਂ ਰਹਿ ਸਕਦੇ। ਖਾੜੀ ਦੇ ਹਾਲਾਤਾਂ ਦਾ ਖਮਿਆਜ਼ਾ ਪੂਰੀ ਦੁਨੀਆਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਤੇਲ-ਗੈਸ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਕਾਲਾ-ਬਾਜ਼ਾਰੀਆਂ ਦੁਆਰਾ ਤੇਲ-ਗੈਸ ਸਮੇਤ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਮੂੰਹ-ਮੰਗੇ ਭਾਅ ਵਸੂਲੇ ਜਾ ਰਹੇ ਹਨ। ਮਹਿੰਗਾਈ ਦੇ ਕਾਰਣ ਲੋਕਾਂ ਵਿੱਚ ਹਾਹਕਾਰ ਮਚ ਗਈ ਹੈ। ਆਸਟ੍ਰੇਲੀਆ ਸਮੇਤ ਦੁਨੀਆਂ ਦੇ ਬਾਕੀ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਪਣੇ ਹੀ ਦੇਸ਼ਾਂ ਦੇ ਅੰਦਰਲੇ ਹਾਲਾਤਾਂ ਨੂੰ ਸੰਭਾਲਣ ਦੀ ਚਿੰਤਾ ਸਤਾਉਣ ਲੱਗ ਪਈ ਹੈ। ਆਸਟ੍ਰੇਲੀਆ ਤੋਂ ਇਲਾਵਾ ਅਮਰੀਕਾ ਦੇ ਹੋਰ ਸਹਿਯੋਗੀ ਦੇਸ਼ਾਂ ਦੇ ਵਲੋਂ ਵੀ ਡੋਨਾਲਡ ਟਰੰਪ ਤੋਂ ਕੰਨੀ ਕਤਰਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਖਾੜੀ ਯੁੱਧ ਵਿੱਚ ਉਸਦੀ ਭੂਮਿਕਾ ‘ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਨੂੰ ਲੈ ਕੇ ਡੋਨਾਲਡ ਟਰੰਪ ਨੂੰ ਮਾਯੂਸੀ ਦਾ ਸ੍ਹਾਮਣਾ ਕਰਨਾ ਪੈ ਰਿਹਾ ਹੈ।
ਅਮਰੀਕੀ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ, “ਈਰਾਨ ਵਿਰੁੱਧ ਅਮਰੀਕੀ ਕਾਰਵਾਈ ਪੂਰੀ ਤਾਕਤ ਨਾਲ ਜਾਰੀ ਹੈ। ਹੁਣ ਤੱਕ 7,000 ਤੋਂ ਵੱਧ ਈਰਾਨੀ ਫੌਜੀ ਸਥਾਪਨਾਵਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਟਰੰਪ ਨੇ ਕਿਹਾ ਕਿ ਮਿਜ਼ਾਈਲ ਅਤੇ ਡਰੋਨ ਫੈਕਟਰੀਆਂ ਸਮੇਤ ਸਾਰੀਆਂ ਫੌਜੀ ਸਥਾਪਨਾਵਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਈਰਾਨ ਦੀ ਜਲ ਸੈਨਾ ਅਤੇ ਹਵਾਈ ਸੈਨਾ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ।”
ਦੂਜੇ ਪਾਸੇ ਈਰਾਨ ਦਾ ਕਹਿਣਾ ਹੈ ਕਿ ਉਸਨੇ ਯੁੱਧ ਸ਼ੁਰੂ ਨਹੀਂ ਕੀਤਾ ਅਤੇ ਦੇਸ਼ ਆਪਣੀ ਸੁਰੱਖਿਆ ਦੇ ਲਈ ਜਵਾਬੀ ਕਾਰਵਾਈ ਕਰ ਰਿਹਾ ਹੈ। ਉਸਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਹਮਲਿਆਂ ਦੀ ਨਿੰਦਾ ਕਰਨ ਅਤੇ ਯੁੱਧ ਦੇ ਅੰਤ ਲਈ ਸ਼ਰਤਾਂ ਵੀ ਨਿਰਧਾਰਤ ਕਰਨ ਦੀ ਅਪੀਲ ਕੀਤੀ ਹੈ। ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਗੱਲਬਾਤ ਕਰਕੇ ਕਿਹਾ ਹੈ ਕਿ, “ਈਰਾਨ ਨੇ ਯੁੱਧ ਸ਼ੁਰੂ ਨਹੀਂ ਕੀਤਾ ਅਤੇ ਦੇਸ਼ ਆਪਣੀ ਸੁਰੱਖਿਆ ਦੇ ਲਈ ਜਵਾਬੀ ਕਾਰਵਾਈ ਕਰ ਰਿਹਾ ਹੈ। ਪੇਜ਼ੇਸ਼ਕੀਅਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਸੁਨੇਹਾ ਭੇਜਿਆ ਹੈ। ਇਰਾਨ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਹਮਲਿਆਂ ਦੀ ਨਿੰਦਾ ਕਰਨ ਅਤੇ ਯੁੱਧ ਦੇ ਅੰਤ ਲਈ ਸ਼ਰਤਾਂ ਵੀ ਨਿਰਧਾਰਤ ਕਰਨ ਦੀ ਅਪੀਲ ਵੀ ਕੀਤੀ ਹੈ। ਇਰਾਨ ਨੇ ਇਸ ਚੱਲ ਰਹੇ ਟਕਰਾਅ ਦੀ ਸ਼ੁਰੂਆਤ ਨਹੀਂ ਕੀਤੀ, ਈਰਾਨ ‘ਤੇ ਪਹਿਲਾਂ ਹਮਲਾ ਕੀਤਾ ਗਿਆ ਸੀ ਅਤੇ ਹੁਣ ਉਹ ਸਿਰਫ਼ ਆਪਣਾ ਬਚਾਅ ਕਰ ਰਿਹਾ ਹੈ। ਜੇ ਦੁਨੀਆ ਦੇ ਕਿਸੇ ਵੀ ਦੇਸ਼ ‘ਤੇ ਹਮਲਾ ਕੀਤੇ ਜਾਣ ‘ਤੇ ਉਹ ਜਵਾਬੀ ਕਾਰਵਾਈ ਹੀ ਕਰੇਗਾ, ਇਹ ਉਸਦਾ ਕੁਦਰਤੀ ਅਤੇ ਕਾਨੂੰਨੀ ਅਧਿਕਾਰ ਹੈ। ਈਰਾਨ ਵੀ ਇਹੀ ਕਰ ਰਿਹਾ ਹੈ ਅਤੇ ਕੋਈ ਵੱਖਰਾ ਨਹੀਂ ਹੈ। ਮਿਡਲ-ਈਸਟ ਦੇ ਵਿੱਚ ਅਮਰੀਕੀ ਫੌਜੀ ਠਿਕਾਣਿਆਂ ਦੀ ਵਰਤੋਂ ਈਰਾਨ ਵਿਰੁੱਧ ਨਹੀਂ ਕੀਤੀ ਜਾਣੀ ਚਾਹੀਦੀ। ਅਜਿਹਾ ਕਰਨ ਨਾਲ ਈਰਾਨ ਅਤੇ ਉਸਦੇ ਗੁਆਂਢੀਆਂ ਵਿਚਕਾਰ ਸਬੰਧ ਵਿਗੜ ਜਾਣਗੇ ਅਤੇ ਪੂਰੇ ਖੇਤਰ ਵਿੱਚ ਸਥਿਤੀ ਹੋਰ ਗੁੰਝਲਦਾਰ ਹੋ ਜਾਵੇਗੀ। ਪੇਜ਼ੇਸ਼ਕੀਅਨ ਨੇ ਦੁਨੀਆ ਦੇ ਸਾਹਮਣੇ ਇੱਕ ਮਹੱਤਵਪੂਰਨ ਸਵਾਲ ਵੀ ਖੜ੍ਹਾ ਕੀਤਾ ਕਿ ਜੇ ਇਜ਼ਰਾਈਲ ਅਤੇ ਅਮਰੀਕਾ ਦੇ ਹਮਲਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਤਾਂ ਇਸ ਖੇਤਰ ਵਿੱਚ ਸ਼ਾਂਤੀ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ? ਸ਼ਾਂਤੀ ਬਾਰੇ ਗੱਲ ਕਰਨਾ ਵਿਅਰਥ ਹੈ ਜਦੋਂ ਤੱਕ ਇੱਕ ਪਾਸੇ ਦੇ ਹਮਲਿਆਂ ਨੂੰ ਗਲਤ ਨਹੀਂ ਮੰਨਿਆ ਜਾਂਦਾ, ਦੁਨੀਆ ਨੂੰ ਨਿਰਪੱਖ ਹੋਣਾ ਚਾਹੀਦਾ ਹੈ। ਈਰਾਨ ਕਿਸੇ ਦੀਆਂ ਧਮਕੀਆਂ ਅੱਗੇ ਨਹੀਂ ਝੁਕੇਗਾ। ਭਾਵੇਂ ਕਿੰਨਾ ਵੀ ਦਬਾਅ ਕਿਉਂ ਨਾ ਪਾਇਆ ਜਾਵੇ, ਇਸਲਾਮੀ ਗਣਰਾਜ ਆਪਣੇ ਸਟੈਂਡ ‘ਤੇ ਕਾਇਮ ਰਹੇਗਾ। ਅੰਤਰਰਾਸ਼ਟਰੀ ਭਾਈਚਾਰੇ ਨੂੰ ਟਰੰਪ ਦੀਆਂ ਫੌਜਾਂ ਦੁਆਰਾ ਈਰਾਨ ‘ਤੇ ਹਮਲਿਆਂ ਦੀ ਖੁੱਲ੍ਹ ਕੇ ਨਿੰਦਾ ਕਰਨੀ ਚਾਹੀਦੀ ਹੈ। ਹਮਲਾਵਰ ਦੇਸ਼ਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਕਰਨ ਲਈ ਮਜਬੂਰ ਕੀਤਾ ਜਾਣਾ ਚਾਹੀਦਾ ਹੈ। ਝੂਠੇ ਦਿਖਾਵੇ ਹੇਠ ਕਿਸੇ ਦੇਸ਼ ‘ਤੇ ਹਮਲਾ ਕਰਨਾ ਪੁਰਾਣੀ ਅਤੇ ਵਹਿਸ਼ੀ ਸੋਚ ਨੂੰ ਦਰਸਾਉਂਦਾ ਹੈ, 21ਵੀਂ ਸਦੀ ਵਿੱਚ ਵੀ। ਈਰਾਨ ਯੁੱਧ ਬੰਦ ਕਰਨ ਉਪਰ ਤਾਂ ਹੀ ਚਰਚਾ ਕਰੇਗਾ ਜੇਕਰ ਉਸਨੂੰ ਇੱਕ ਪੱਕੀ ਗਾਰੰਟੀ ਮਿਲਦੀ ਹੈ ਕਿ ਭਵਿੱਖ ਵਿੱਚ ਈਰਾਨੀ ਧਰਤੀ ‘ਤੇ ਦੁਬਾਰਾ ਹਮਲਾ ਨਹੀਂ ਕੀਤਾ ਜਾਵੇਗਾ। ਇਸ ਭਰੋਸੇ ਤੋਂ ਬਿਨਾਂ ਈਰਾਨ ਕਿਸੇ ਵੀ ਸ਼ਾਂਤੀ ਸਮਝੌਤੇ ਨੂੰ ਸਵੀਕਾਰ ਨਹੀਂ ਕਰੇਗਾ।”
ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵਾਰੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਈਰਾਨ ‘ਤੇ ਹਮਲਾ ਜਾਰੀ ਰੱਖਣ ਦੀ ਸਲਾਹ ਦੇ ਰਹੇ ਸਨ। ‘ਨਿਊਯਾਰਕ ਟਾਈਮਜ਼’ ਦੀ ਇੱਕ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਹੈ ਕਿ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਈਰਾਨ ‘ਤੇ ਹਮਲਾਵਰ ਹਮਲੇ ਜਾਰੀ ਰੱਖਣ ਦੀ ਸਲਾਹ ਦੇ ਰਹੇ ਸਨ। ਇਸ ਰਿਪੋਰਟ ਦੇ ਵਿੱਚ ਸਾਊਦੀ-ਅਰਬ ਦੀ ਭੂਮਿਕਾ ਵਾਰੇ ਕਈ ਸਵਾਲ ਖੜ੍ਹੇ ਕਰਦਿਆਂ ਦਾਅਵਾ ਕੀਤਾ ਹੈ ਕਿ ਸਾਊਦੀ-ਅਰਬ ਦੇ ਵਲੋਂ ਟਰੰਪ ਨੂੰ ਈਰਾਨ ਵਿਰੁੱਧ ਜੰਗ ਨੂੰ ਹੋਰ ਲੰਬਾ ਖਿੱਚਣ ਦੇ ਲਈ ਭੜਕਾਇਆ ਜਾ ਰਿਹਾ ਸੀ ਅਤੇ ਸਾਊਦੀ ਕ੍ਰਾਊਨ ਪ੍ਰਿੰਸ ਸਲਮਾਨ, ਡੋਨਾਲਡ ਟਰੰਪ ਨੂੰ ਈਰਾਨੀਆਂ ‘ਤੇ ਹਮਲਾਵਰ ਹਮਲੇ ਜਾਰੀ ਰੱਖਣ ਦੀ ਸਲਾਹ ਦੇ ਰਹੇ ਸਨ। ਰਿਪੋਰਟ ਦੇ ਜਾਰੀ ਹੋਣ ਤੋਂ ਬਾਅਦ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਤੁਰੰਤ ਉਨ੍ਹਾਂ ਰਿਪੋਰਟਾਂ ਸਬੰਧੀ ਸਪੱਸ਼ਟੀਕਰਨ ਮੰਗਿਆ ਹੈ। ਇਸੇ ਕਰਕੇ ਹੀ ਈਰਾਨ ਖਾੜੀ ਦੇਸ਼ਾਂ ‘ਤੇ ਖਫ਼ਾ ਹੈ। ਹਾਲਾਂਕਿ, ਸਾਊਦੀ-ਅਰਬ ਵਲੋਂ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ।
ਈਰਾਨ ਕਈ ਖਾੜੀ ਦੇਸ਼ਾਂ ਨਾਲ ਸਮੁੰਦਰੀ ਸਰਹੱਦਾਂ ਸਾਂਝੀਆਂ ਕਰਦਾ ਹੈ, ਜਿੱਥੇ ਅਮਰੀਕੀ ਫੌਜੀ ਅੱਡੇ ਵੀ ਸਥਿਤ ਹਨ। ਇਸ ਤੋਂ ਪਹਿਲਾਂ, ਈਰਾਨ ਨੇ ਸੰਯੁਕਤ ਰਾਸ਼ਟਰ ਵਿੱਚ ਕਿਹਾ ਸੀ ਕਿ ਉਹ ਹਮਲੇ ਅੱਗੇ ਝੁਕੇਗਾ ਨਹੀਂ ਅਤੇ ਇਸਦੇ ਨਾਗਰਿਕ ਅਮਰੀਕਾ ਅਤੇ ਇਜ਼ਰਾਈਲੀ ਹਮਲਿਆਂ ਤੋਂ ਗੰਭੀਰ ਖ਼ਤਰੇ ਵਿੱਚ ਹਨ। ਇਜ਼ਰਾਈਲ-ਅਮਰੀਕਾ ਬੰਬ ਧਮਾਕਿਆਂ ਵਿੱਚ ਸੈਂਕੜੇ ਈਰਾਨੀ ਨਾਗਰਿਕ ਮਾਰੇ ਗਏ ਹਨ, ਜਿਨ੍ਹਾਂ ਵਿੱਚ 200 ਤੋਂ ਵੱਧ ਬੱਚੇ ਵੀ ਸ਼ਾਮਲ ਹਨ। ਕੁੱਝ ਗੁਆਂਢੀ ਦੇਸ਼ ਜੋ ਅਮਰੀਕੀ ਫੌਜੀ ਬਲਾਂ ਨੂੰ ਠਾਹਰ ਦੇ ਰਹੇ ਹਨ ਅਤੇ ਈਰਾਨ ‘ਤੇ ਹਮਲਿਆਂ ਦੀ ਇਜਾਜ਼ਤ ਦੇ ਰਹੇ ਹਨ ਇਸ ਕਤਲੇਆਮ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰ ਰਹੇ ਹਨ। ਇਨ੍ਹਾਂ ਦੇਸ਼ਾਂ ਨੂੰ ਤੁਰੰਤ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਜਿਨੇਵਾ ਵਿੱਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਮੀਟਿੰਗ ਦੌਰਾਨ ਈਰਾਨ ਨੇ ਕਿਹਾ ਕਿ ਅਸਲ ਧਿਆਨ ਮੱਧ ਪੂਰਬ ਵਿੱਚ ਚੱਲ ਰਹੀ ਜੰਗ ‘ਤੇ ਹੋਣਾ ਚਾਹੀਦਾ ਹੈ। ਜਿਨੇਵਾ ਵਿੱਚ ਸੰਯੁਕਤ ਰਾਸ਼ਟਰ ਵਿੱਚ ਈਰਾਨ ਦੇ ਰਾਜਦੂਤ ਅਲੀ ਬਹਿਰੀਨੀ ਨੇ ਕਿਹਾ, “ਈਰਾਨ ਨਾਲ ਸਬੰਧਤ ਸਭ ਤੋਂ ਜ਼ਰੂਰੀ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦਾ ਮੁੱਦਾ 90 ਮਿਲੀਅਨ ਲੋਕਾਂ ਦੀ ਜਾਨ ਨੂੰ ਖ਼ਤਰਾ ਹੈ ਜੋ ਹਮਲੇ ਕਾਰਣ ਗੰਭੀਰ ਖ਼ਤਰੇ ਵਿੱਚ ਹਨ। ਜੇਕਰ ਦੁਨੀਆ ਅਜਿਹੀ ਹਮਲਾਵਰ ਫੌਜੀ ਕਾਰਵਾਈ ‘ਤੇ ਚੁੱਪ ਰਹਿੰਦੀ ਹੈ, ਤਾਂ ਈਰਾਨ ਅਜਿਹੇ ਹਮਲਿਆਂ ਦਾ ਸਾਹਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ, ਪਰ ਭਵਿੱਖ ਵਿੱਚ ਹੋਰ ਦੇਸ਼ਾਂ ਨੂੰ ਵੀ ਅਜਿਹੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਦੋਂ ਤੋਂ ਅਮਰੀਕਾ-ਇਜ਼ਰਾਈਲੀ ਹਮਲੇ ਸ਼ੁਰੂ ਹੋਏ ਹਨ, ਈਰਾਨ ਵਿੱਚ 1,300 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 7,000 ਤੋਂ ਵੱਧ ਜ਼ਖਮੀ ਹੋਏ ਹਨ।” ਉਨ੍ਹਾਂ ਸਵਾਲ ਕੀਤਾ, “ਅਜਿਹੀ ਸਥਿਤੀ ਵਿੱਚ ਈਰਾਨ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ? ਈਰਾਨ ਅਜਿਹਾ ਦੇਸ਼ ਨਹੀਂ ਹੈ ਜੋ ਦਬਾਅ, ਧਮਕੀਆਂ ਜਾਂ ਹਮਲੇ ਅੱਗੇ ਝੁਕ ਜਾਵੇ।”
