ਚੰਡੀਗਡ਼੍ਹ – ਇਸ ਵੇਲੇ ਪਾਕਿਸਤਾਨੀ ਪੱਤਰਕਾਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਲਾ ਦੋਸਤ ਅਰੂਸਾ ਆਲਮ ਨੂੰ ਲੈ ਕੇ ਸਿਆਸਤ ਕਾਫੀ ਗਰਮਾਈ ਹੋਈ ਹੈ। ਵੱਖ -ਵੱਖ ਸਿਆਸੀ ਹਸਤੀਆਂ ਵੱਲੋਂ ਅਰੂਸਾ ਨੂੰ ਆਈਐਸਆਈ ਦਾ ਏਜੰਟ ਕਿਹਾ ਜਾ ਰਿਹਾ ਹੈ। ਇਸ ਵਿਵਾਦਿਤ ਮੁੱਦੇ ਨੂੰ ਅੱਜ ਨਵਾਂ ਮੋੜ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਫੇਸਬੁੱਕ ਵਾਲ ’ਤੇ ਕੁਝ ਫੋਟੋਆਂ ਸ਼ੇਅਰ ਕਰ ਕੇ ਇਕ ਨੋਟ ਵੀ ਲਿਖਿਆ ਹੈ। ਇਸ ਨਾਲ ਉਨ੍ਹਾਂ ਇਕ ਨਵੀਂ ਬੁਝਾਰਤ ਪਾਉਂਦਿਆਂ ਕਿਹਾ ਕਿ ਬੁਝੋ ਇਨ੍ਹਾਂ ਵਿਚੋਂ ਕਿਹਡ਼ਾ ਕਿਹਡ਼ਾ ਆਈਐਸਆਈ ਦਾ ਏਜੰਟ ਹੈ।
ਉਨ੍ਹਾਂ ਲਿਖਿਆ ਕਿ ਮੈਂ ਅਰੂਸਾ ਆਲਮ ਦੀਆਂ ਵੱਖ -ਵੱਖ ਪਤਵੰਤੇ ਸੱਜਣਾਂ ਦੇ ਨਾਲ ਤਸਵੀਰਾਂ ਦੀ ਲੜੀ ਸਾਂਝੀ ਕਰ ਰਿਹਾ ਹਾਂ। ਮੈਨੂੰ ਲਗਦਾ ਹੈ ਕਿ ਉਹ ਸਾਰੇ ਵੀ ਆਈਐਸਆਈ ਦੇ ਏਜੰਟ ਹਨ। ਅਜਿਹਾ ਕਹਿਣ ਵਾਲਿਆਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਇਹ ਸਭ ਸਿਰਫ਼ ਤੰਗ ਮਾਨਸਿਕਤਾ ਦਾ ਪ੍ਰਗਟਾਵਾ ਹੈ।ਦੂਜੇ ਪਾਸੇ ਅਰੂਸਾ ਆਲਮ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕਰਦਿਆਂ ਇਕ ਨਿੱਜੀ ਚੈਨਲ ’ਤੇ ਫੋਨ ’ਤੇ ਗੱਲਬਾਤ ਦੌਰਾਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਕ ਜੈਂਟਲਮੈਨ ਹਨ। ਮੈਂ ਖੁਸ਼ ਹਾਂ ਕਿ ਪੰਜਾਬ ਦੀ ਸਿਆਸਤ ਵਿਚ ਕੋਈ ਤਾਂ ਮਜਬੂਤ ਸਿਆਸਤਦਾਨ ਹੈ। ਉਨ੍ਹਾਂ ਦੇ ਕੱਦ ਦਾ ਕੋਈ ਵੀ ਸਿਆਸਤਦਾਨ ਪੰਜਾਬ ਵਿਚ ਨਹੀਂ। ਬਾਕੀਆਂ ਸਾਰਿਆਂ ਦੇ ਕੱਦ ਉਨ੍ਹਾਂ ਸਾਹਮਣੇ ਬੌਣੇ ਸਿਆਸੀ ਕੱਦ ਦੇ ਹਨ। ਉਨ੍ਹਾਂ ਕਿਹਾ ਕਿ ਜਿਹਡ਼ੇ ਉਨ੍ਹਾਂ ਦੇ ਕਿਰਦਾਰ ਨੂੰ ਇਕ ਔਰਤ ਦੇ ਨਾਂ ਦਾ ਇਸਤੇਮਾਲ ਕਰਕੇ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪ੍ਰਮਾਤਮਾ ਉਨ੍ਹਾਂ ਨੂੰ ਸੁਮੱਤ ਬਖਸ਼ੇ।