ਲੰਡਨ – ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਬਰਤਾਨੀਆ ਤੇ ਆਇਰਲੈਂਡ ਨਾਲ ਦੁਵੱਲਾ ਸਹਿਯੋਗ ਮਜ਼ਬੂਤ ਕਰਨ ਦੇ ਮਕਸਦ ਨਾਲ ਲੰਡਨ ਪਹੁੰਚੇ ਜਿਸ ਨਾਲ ਉਨ੍ਹਾਂ ਦਾ ਛੇ ਰੋਜ਼ਾ ਦੌਰਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਯੂਕੇ ਦੇ ਬਿਜ਼ਨੈੱਸ ਤੇ ਵਪਾਰ ਸਕੱਤਰ ਜੋਨਾਥਨ ਰੇਨੌਲਡਸ ਨਾਲ ਮੁਕਤ ਵਪਾਰ ਸਮਝੌਤੇ (ਐਫਟੀਏ) ਬਾਰੇ ਗੱਲਬਾਤ ਦੀ ਪ੍ਰਗਤੀ ’ਤੇ ਚਰਚਾ ਕੀਤੀ। ਜੈਸ਼ੰਕਰ ਨੇ ਰੇਨੌਲਡਸ ਨਾਲ ਮੀਟਿੰਗ ਮਗਰੋਂ ਕਿਹਾ, ‘‘ਸਾਡੀ ਐੱਫਟੀਏ ਬਾਰੇ ਗੱਲਬਾਤ ਦੀ ਪ੍ਰਗਤੀ ’ਤੇ ਚਰਚਾ ਹੋਈ।’’ ਜੈਸ਼ੰਕਰ ਨੇ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਨੇ ਗ੍ਰਹਿ ਸਕੱਤਰ ਯੁਵੈਟੇ ਕੂਪਰ ਨਾਲ ਦੋਵਾਂ ਮੁਲਕਾਂ ਦੇ ਲੋਕਾਂ ਦੇ ਆਪਸੀ ਸਬੰਧਾਂ, ਭਾਰਤ-ਯੂਕੇ ਦੀਆਂ ਕੱਟੜਵਾਦ ਅਤੇ ਤਸਕਰੀ ਨਾਲ ਨਜਿੱਠਣ ਦੀਆਂ ਸਾਂਝੀਆਂ ਕੋਸ਼ਿਸ਼ਾਂ ਬਾਰੇ ਚਰਚਾ ਕੀਤੀ।
ਦੌਰੇ ਤੋਂ ਪਹਿਲਾਂ ਬਿਆਨ ’ਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੈਸ਼ੰਕਰ ਦੇ ਦੌਰੇ ਕਾਰਨ ਇਨ੍ਹਾਂ ਨਾਲ ਭਾਰਤ ਦੇ ਦੋਸਤਾਨਾ ਸਬੰਧਾਂ ’ਚ ਨਵਾਂਪਣ ਆਵੇਗਾ। ਵਿਦੇਸ਼ ਮੰਤਰਾਲੇ ਮੁਤਾਬਕ, ‘‘ਭਾਰਤ ਤੇ ਬਰਤਾਨੀਆ ਵਿਚਾਲੇ ਵਿਆਪਕ ਰਣਨੀਤਕ ਭਾਈਵਾਲੀ ਹੈ, ਜੋ ਰੱਖਿਆ ਤੇ ਸੁਰੱਖਿਆ, ਵਪਾਰ ਤੇ ਅਰਥਚਾਰੇ, ਸਿਹਤ, ਸਿੱਖਿਆ, ਲੋਕਾਂ ਵਿਚਾਲੇ ਆਪਸੀ ਸਬੰਧਾਂ ਸਣੇ ਵੱਖ ਵੱਖ ਖੇਤਰਾਂ ’ਚ ਮਜ਼ਬੂਤ ਹੋਈ ਹੈ।’’
ਛੇ ਰੋਜ਼ਾ ਦੌਰੇ ਦੌਰਾਨ ਜੈਸ਼ੰਕਰ ਕਈ ਅਹਿਮ ਸ਼ਖ਼ਸੀਅਤਾਂ ਤੇ ਬਰਤਾਨੀਆ ’ਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਮਿਲਣਗੇ। ਉਨ੍ਹਾਂ ਦੀ ਚਰਚਾ ਹਾਲ ਹੀ ’ਚ ਮੁੜ ਸ਼ੁਰੂੁ ਹੋਈ ਭਾਰਤ-ਬਰਤਾਨੀਆ ਮੁਕਤ ਵਪਾਰ ਸਮਝੌਤਾ (ਐੱਫਟੀਏ) ਗੱਲਬਾਤ, ਵਿਦੇਸ਼ ਨੀਤੀ ਤੇ ਸੁਰੱਖਿਆ ਮੁੱਦਿਆਂ ’ਤੇ ਹੋਵੇਗੀ। ਇਸ ਤੋਂ ਇਲਾਵਾ ਰੂਸ-ਯੂਕਰੇਨ ਜੰਗ ’ਚ ‘ਸਥਾਈ ਸ਼ਾਂਤੀ’ ਸਥਾਪਤ ਕਰਨ ਲਈ ਕੂਟਨੀਤਕ ਅਗਵਾਈ ਕਰਨ ਦੀਆਂ ਬਰਤਾਨੀਆਂ ਦੀਆਂ ਕੋਸ਼ਿਸ਼ਾਂ ’ਤੇ ਚਰਚਾ ਕੀਤੀ ਜਾਵੇਗੀ।