ਨਵੀਂ ਦਿੱਲੀ – ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਅਧਿਕਾਰੀਆਂ ਨੇ ਪਾਬੰਦੀਸ਼ੁਦਾ ਸੰਗਠਨ ਜੈਸ਼-ਏ-ਮੁਹੰਮਦ ਦੀਆਂ ਸਰਗਰਮੀਆਂ ਨਾਲ ਸਬੰਧਤ ਇਕ ਮਾਮਲੇ ’ਚ ਰਾਸ਼ਟਰੀ ਰਾਜਧਾਨੀ ਸਮੇਤ 5 ਸੂਬਿਆਂ ’ਚ 22 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ । ਐੱਨ.ਆਈ.ਏ. ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਛਾਪੇਮਾਰੀ ਜੰਮੂ-ਕਸ਼ਮੀਰ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਆਸਾਮ ਤੇ ਦਿੱਲੀ ’ਚ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਲਈ ਐੱਨ. ਆਈ. ਏ. ਦੀਆਂ ਟੀਮਾਂ ਨੂੰ ਸਥਾਨਕ ਅਧਿਕਾਰੀਆਂ ਦੀ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੈਸ਼-ਏ-ਮੁਹੰਮਦ ਦੀ ਸਥਾਪਨਾ ਮੌਲਾਨਾ ਮਸੂਦ ਅਜ਼ਹਰ ਨੇ ਕੀਤੀ ਸੀ, ਉਹ ਉਨ੍ਹਾਂ 3 ਅੱਤਵਾਦੀਆਂ ’ਚੋਂ ਇਕ ਸੀ, ਜਿਨ੍ਹਾਂ ਨੂੰ 1999 ’ਚ ਆਈ. ਸੀ. 814 ਯਾਤਰੀਆਂ ਦੇ ਬਦਲੇ ਰਿਹਾਅ ਕੀਤਾ ਗਿਆ ਸੀ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਦੁਆਰਾ ਜੈਸ਼-ਏ-ਮੁਹੰਮਦ ਨੂੰ ‘ਵਿਦੇਸ਼ੀ ਅੱਤਵਾਦੀ ਸੰਗਠਨ’ ਵਜੋਂ ਸੂਚੀਬੱਧ ਕੀਤਾ ਗਿਆ ਹੈ । ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ 2019 ਵਿੱਚ ‘ਗਲੋਬਲ ਅੱਤਵਾਦੀ’ ਘੋਸ਼ਿਤ ਕੀਤਾ ਸੀ।