ਸ੍ਰੀਨਗਰ – ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਦੀ ਬੈਠਕ ਸ਼ੁੱਕਰਵਾਰ ਨੂੰ ਹੋਈ। ਇਸ ਬੈਠਕ ਦੀ ਜਾਣਕਾਰੀ ਪਾਰਟੀ ਦੇ ਇਕ ਨੇਤਾ ਵਲੋਂ ਦਿੱਤੀ ਗਈ। ਕਾਂਗਰਸ ਨੇ ਇਕ ਆਗੂ ਨੇ ਦੱਸਿਆ ਕਿ ਪਾਰਟੀ ਦੇ 6 ਨਵੇਂ ਚੁਣੇ ਗਏ ਵਿਧਾਇਕਾਂ ਦੀ ਮੀਟਿੰਗ ਇੱਥੇ ਐੱਮਏ ਰੋਡ ’ਤੇ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਸ਼ੁਰੂ ਹੋਈ ਹੈ।
ਉਹਨਾਂ ਨੇ ਕਿਹਾ ਕਿ ਬੈਠਕ ਵਿਚ ਕਾਂਗਰਸ ਵਿਧਾਇਕ ਦਲ ਦੇ ਆਗੂ ਦੀ ਚੋਣ ਕੀਤੀ ਜਾਵੇਗੀ। ਕਾਂਗਰਸ ਦੇ ਨਵੇਂ ਚੁਣੇ ਗਏ ਵਿਧਾਇਕਾਂ ਵਿਚ ਪਾਰਟੀ ਦੇ ਸੂਬਾ ਪ੍ਰਧਾਨ ਤਾਰਿਕ ਹਮੀਦ ਕਾਰਾ, ਜਨਰਲ ਸਕੱਤਰ ਗੁਲਾਮ ਅਹਿਮਦ ਮੀਰ, ਨਿਜ਼ਾਮੂਦੀਨ ਭੱਟ, ਪੀਰਜ਼ਾਦਾ ਮੁਹੰਮਦ ਸਈਦ, ਇਰਫਾਨ ਹਫੀਜ਼ ਲੋਨ ਅਤੇ ਇਫਤਿਖਾਰ ਅਹਿਮਦ ਸ਼ਾਮਲ ਹਨ। ਅਹਿਮਦ ਜੰਮੂ ਖੇਤਰ ਤੋਂ ਜਦਕਿ ਬਾਕੀ ਕਸ਼ਮੀਰ ਘਾਟੀ ਤੋਂ ਵਿਧਾਇਕ ਚੁਣੇ ਗਏ ਹਨ। ਮੀਟਿੰਗ ਤੋਂ ਬਾਅਦ ਕਾਂਗਰਸ ਆਪਣੀ ਸਹਿਯੋਗੀ ਪਾਰਟੀ ਨੈਸ਼ਨਲ ਕਾਨਫਰੰਸ (ਐਨਸੀ) ਨੂੰ ਸਮਰਥਨ ਪੱਤਰ ਸੌਂਪੇਗੀ। ਐੱਨਸੀ ਨੇ ਆਪਣੇ ਉਪ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਹੈ।