ਸ੍ਰੀਨਗਰ – ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨਾਲ ਘੁਸਪੈਠ ਵਿਰੁੱਧ 2 ਵੱਖ-ਵੱਖ ਅਪਰੇਸ਼ਨਾਂ ਵਿਚ ਸੰਭਾਵਿਤ ਤੌਰ ’ਤੇ ਤਿੰਨ ਅੱਤਵਾਦੀ ਮਾਰੇ ਗਏ। ਫ਼ੌਜ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫ਼ੌਜ ਨੇ ਕਿਹਾ ਕਿ ਖੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਬੁੱਧਵਾਰ ਨੂੰ ਮਛਲ ਅਤੇ ਤੰਗਧਾਰ ਇਲਾਕਿਆਂ ’ਚ ਮੁਹਿੰਮ ਸ਼ੁਰੂ ਕੀਤੀ ਗਈ ਸੀ। ਫ਼ੌਜ ਦੀ ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਕ ਪੋਸਟ ’ਚ ਕਿਹਾ,’’ਘੁਸਪੈਠ ਦੀਆਂ ਸੰਭਾਵਿਤ ਕੋਸ਼ਿਸ਼ਾਂ ਦੀ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਿਸ ਨੇ 28 ਅਤੇ 29 ਅਗਸਤ ਦੀ ਮੱਧ ਰਾਤ ਨੂੰ ਕੁਪਵਾੜਾ ਦੇ ਮਛਲ ਖੇਤਰ ’ਚ ਇਕ ਸਾਂਝੀ ਮੁਹਿੰਮ ਚਲਾਈ ਸੀ।’’
ਫ਼ੌਜ ਨੇ ਕਿਹਾ,’’ਖ਼ਰਾਬ ਮੌਸਮ ਦੌਰਾਨ ਸ਼ੱਕੀ ਗਤੀਵਿਧੀਆਂ ਦੇਖੀਆਂ ਗਈਆਂ ਅਤੇ ਫ਼ੌਜੀਆਂ ਨੇ ਗੋਲੀਬਾਰੀ ਕੀਤੀ। 2 ਅੱਤਵਾਦੀ ਮਾਰੇ ਗਏ ਹਨ।
ਫ਼ੌਜ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਤੰਗਧਾਰ ਇਲਾਕੇ ’ਚ ਕੰਟਰੋਲ ਰੇਖਾ ’ਤੇ ਇਕ ਮੁਹਿੰਮ ਦੌਰਾਨ ਇਕ ਹੋਰ ਅੱਤਵਾਦੀ ਮਾਰਿਆ ਗਿਆ ਹੈ। ਉਸ ਨੇ ਕਿਹਾ,’’ਘੁਸਪੈਠ ਦੀ ਸੰਭਾਵਨਾ ਬਾਰੇ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਭਾਰਤੀ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਿਸ ਨੇ 28 ਅਤੇ 29 ਅਗਸਤ ਦੀ ਮੱਧ ਰਾਤ ਨੂੰ ਕੁਪਵਾੜਾ ਦੇ ਤੰਗਧਾਰ ਖੇਤਰ ’ਚ ਘੁਸਪੈਠ ਵਿਰੋਧੀ ਸੰਯੁਕਤ ਮੁਹਿੰਮ ਸ਼ੁਰੂ ਕੀਤੀ ਸੀ।’’ ਫ਼ੌਜ ਨੇ ਕਿਹਾ,’’ਇਕ ਅੱਤਵਾਦੀ ਦੇ ਮਾਰੇ ਜਾਣ ਦੀ ਸੰਭਾਵਨਾ ਹੈ।’’ ਅੰਤਿਮ ਰਿਪੋਰਟ ਮਿਲਣ ਤੱਕ ਦੋਵੇਂ ਮੁਹਿੰਮ ਜਾਰੀ ਸਨ।