ਸ੍ਰੀਨਗਰ – ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਜੰਗਲਾਂ ਵਿਚ ਐਤਵਾਰ ਵੱਡੇ ਤੜਕੇ ਮੁਕਾਬਲਾ ਹੋਣ ਦੀਆਂ ਰਿਪੋਰਟਾਂ ਹਨ। ਜਾਣਕਾਰੀ ਅਨੁਸਾਰ ਫੌਜ ਤੇ ਨੀਮ ਫੌਜੀ ਬਲਾਂ ਨੇ ਦਹਿਸ਼ਤਗਰਦਾਂ ਦੀ ਮੂਵਮੈਂਟ ਬਾਰੇ ਜਾਣਕਾਰੀ ਮਿਲਣ ’ਤੇ ਪੁਲੀਸ ਦੀ ਮਦਦ ਨਾਲ ਨੌਨਾਟਾ, ਨਾਗੇਨੀ ਪਿਆਸ ਤੇ ਨਾਲ ਲੱਗਦੇ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਵਿੱਢੀ ਸੀ। ਇਸ ਦੌਰਾਨ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਾਲੇ ਮੁਕਾਬਲਾ ਹੋ ਗਿਆ। ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਮੌਕੇ ’ਤੇ ਹੋਰ ਸੁਰੱਖਿਆ ਬਲ ਭੇੇਜੇ ਗਏ ਹਨ।
ਉਧਰ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਦਹਿਸ਼ਤਗਰਦਾਂ ਖਿਲਾਫ਼ ਲੰਘੀ ਰਾਤ ਤੋਂ ਜਾਰੀ ਅਪਰੇਸ਼ਨ ਵਿਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਦਹਿਸ਼ਤਗਰਦਾਂ ਨਾਲ ਮੁਕਾਬਲੇ ਵਿਚ ਦੋ ਫੌਜੀ ਜਵਾਨ ਸ਼ਹੀਦ ਅਤੇ ਚਾਰ ਜਵਾਨਾਂ ਦੇ ਨਾਲ ਦੋ ਆਮ ਨਾਗਰਿਕ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਵਿਚੋਂ ਇਕ ਸਿਵਲੀਅਨ ਅਬਦੁਲ ਰਾਸ਼ਿਦ ਡਾਰ ਨੇ ਐਤਵਾਰ ਵੱਡੇ ਤੜਕੇ ਹਸਪਤਾਲ ਵਿਚ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਅਨੰਤਨਾਗ ਜ਼ਿਲ੍ਹੇ ਦੇ ਅਹਿਲਨ ਗਾਗਰਮੰਡੂ ਦੇ ਜੰਗਲੀ ਇਲਾਕੇ ਵਿਚ ਦਹਿਸ਼ਤਗਰਦਾਂ ਨਾਲ ਹੋਏ ਮੁਕਾਬਲੇ ਵਿਚ ਦੋ ਫੌਜੀ ਜਵਾਨ ਸ਼ਹੀਦ ਹੋ ਗਏ ਸਨ ਜਿਨ੍ਹਾਂ ਦੀ ਪਛਾਣ ਹਵਲਦਾਰ ਦੀਪਕ ਕੁਮਾਰ ਯਾਦਵ ਤੇ ਲਾਂਸ ਨਾਇਕ ਪ੍ਰਵੀਨ ਸ਼ਰਮਾ ਵਜੋਂ ਦੱਸੀ ਗਈ ਹੈ। ਆਖਰੀ ਖ਼ਬਰਾਂ ਤੱਕ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਵਿੱਢਿਆ ਅਪਰੇਸ਼ਨ ਜਾਰੀ ਸੀ।