ਸ੍ਰੀਨਗਰ – ਜੰਮੂ ਕਸ਼ਮੀਰ ਵਿੱਚ ਸ੍ਰੀਨਗਰ ਸ਼ਹਿਰ ਦੇ ਇਕ ਭੀੜ ਵਾਲੇ ਬਾਜ਼ਾਰ ਵਿੱਚ ਅੱਜ ਅਤਿਵਾਦੀਆਂ ਵੱਲੋਂ ਇਕ ਗ੍ਰਨੇਡ ਸੁੱਟੇ ਜਾਣ ਦੀ ਘਟਨਾ ਵਿੱਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ੍ਰੀਨਗਰ ਦੇ ਖਾਨਿਆਰ ਇਲਾਕੇ ਵਿੱਚ ਸੁਰੱਖਿਆ ਬਲਾਂ ਵੱਲੋਂ ਲਸ਼ਕਰ-ਏ-ਤਇਬਾ ਦੇ ਇਕ ਸਿਖ਼ਰਲੇ ਪਾਕਿਸਤਾਨੀ ਕਮਾਂਡਰ ਨੂੰ ਮਾਰੇ ਜਾਣ ਤੋਂ ਇਕ ਦਿਨ ਬਾਅਦ, ਵਿਆਪਕ ਸੁਰੱਖਿਆ ਵਾਲੇ ਸੈਲਾਨੀ ਸਵਾਗਤ ਕੇਂਦਰ (ਟੀਆਰਸੀ) ਨੇੜੇ ਇਹ ਹਮਲਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਅਤੇ ਅਤਿਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਵਾਸਤੇ ਪੁਲੀਸ ਤੇ ਨੀਮ ਫੌਜੀ ਬਲਾਂ ਨੂੰ ਘਟਨਾ ਸਥਾਨ ’ਤੇ ਭੇਜਿਆ ਗਿਆ ਹੈ। ਧਮਾਕੇ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਦੁਕਾਨਦਾਰਾਂ ਨੂੰ ਛੁਪਾਉਣ ਲਈ ਇੱਧਰ-ਉੱਧਰ ਭੱਜਣਾ ਪਿਆ।