India

ਜੱਜ ਦੇ ਸਾਹਮਣੇ ਮੁਲਜ਼ਮ ਨਿਹੰਗਾਂ ਦਾ ਕਬੂਲਨਾਮਾ, ‘ਹਾਂ ਅਸੀਂ ਹੀ ਮਾਰਿਆ ਲਖਬੀਰ ਨੂੰ’

ਸੋਨੀਪਤ – ਕੁੰਡਲੀ ਬਾਰਡਰ ’ਤੇ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਦੇ ਮੁਲਜ਼ਮ ਤਿੰਨ ਨਿਹੰਗਾਂ ਨੂੰ ਐਤਵਾਰ ਦੁਪਹਿਰ ਅਦਾਲਤ ’ਚ ਪੇਸ਼ ਕੀਤਾ ਗਿਆ। ਮੁਲਜ਼ਮਾਂ ਨੇ ਅਦਾਲਤ ਸਾਹਮਣੇ ਆਪਣਾ ਗੁਨਾਹ ਕਬੂਲ ਕਰਦਿਆਂ ਕਿਹਾ ਕਿ ਇਸ ਘਟਨਾ ’ਚ ਉਹ ਚਾਰੇ ਹੀ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਪਣੇ ਧਰਮ ਦੀ ਰੱਖਿਆ ਦਾ ਅਧਿਕਾਰ ਹੈ। ਧਾਰਮਿਕ ਗ੍ਰੰਥ ਦੀ ਬੇਅਦਬੀ ਹੋਵੇਗੀ ਤਾਂ ਅਸੀਂ ਸ਼ਾਂਤ ਨਹੀਂ ਬੈਠਾਂਗੇ। ਪੁਲਿਸ ਨੇ ਤਿੰਨੋਂ ਮੁਲਜ਼ਮਾਂ ਦਾ 14 ਦਿਨ ਦਾ ਰਿਮਾਂਡ ਮੰਗਿਆ ਸੀ। ਅਦਾਲਤ ਨੇ ਇਨ੍ਹਾਂ ਨੂੰ ਛੇ ਦਿਨ ਦੇ ਰਿਮਾਂਡ ’ਤੇ ਪੁਲਿਸ ਨੂੰ ਸੌਂਪ ਦਿੱਤਾ ਹੈ। ਸ਼ਨਿਚਰਵਾਰ ਨੂੰ ਪੇਸ਼ੀ ਦੌਰਾਨ ਮੁਲਜ਼ਮ ਸਰਬਜੀਤ ਨੇ ਹੱਤਿਆ ’ਚ ਅੱਠ ਜਣਿਆਂ ਦੇ ਸ਼ਾਮਲ ਹੋਣ ਦੀ ਗੱਲ ਕਹੀ ਸੀ। ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਦੋਸ਼ ’ਚ ਕੁੰਡਲੀ ਬਾਰਡਰ ’ਤੇ ਵੀਰਵਾਰ ਰਾਤ ਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਖੁਰਦ ਦੇ ਰਹਿਣ ਵਾਲੇ ਲਖਬੀਰ ਸਿੰਘ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਉਸ ਨੂੰ ਬੜੀ ਬੇਰਹਿਮੀ ਨਾਲ ਤੜਫਾ- ਤੜਫਾ ਕੇ ਮਾਰਿਆ ਗਿਆ ਸੀ। ਹੱਤਿਆ ਦੀ ਜ਼ਿੰਮੇਵਾਰੀ ਨਿਹੰਗਾਂ ਨੇ ਲਈ ਸੀ। ਉਨ੍ਹਾਂ ਨੇ ਹੱਤਿਆ ਦੀਆਂ ਤਸਵੀਰਾਂ ਤੇ ਵੀਡੀਓ ਬਣਾ ਕੇ ਵਾਇਰਲ ਕੀਤੇ ਸਨ। ਇਸ ਮਾਮਲੇ ’ਚ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਸ਼ਨਿਚਰਵਾਰ ਨੂੰ ਦੋ ਨਿਹੰਗਾਂ ਭਗਵੰਤ ਸਿੰਘ ਤੇ ਗੋਵਿੰਦ ਪ੍ਰੀਤ ਨੇ ਕੁੰਡਲੀ ਥਾਣੇ ’ਚ ਆਤਮ ਸਮਰਪਣ ਕੀਤਾ ਸੀ। ਇਕ ਨਿਹੰਗ ਨਾਰਾਇਣ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਤਿੰਨਾਂ ਨੂੰ ਛੇ ਦਿਨ ਦੇ ਰਿਮਾਂਡ ’ਤੇ ਪੁਲਿਸ ਨੂੰ ਸੌਂਪ ਦਿੱਤਾ।ਨਿਹੰਗ ਨਾਰਾਇਣ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਲਖਬੀਰ ਸਿੰਘ ਦੀ ਹੱਤਿਆ ’ਚ ਉਹ ਚਾਰ ਜਣੇ ਸ਼ਾਮਿਲ ਸਨ। ਸਰਬਜੀਤ ਨੇ ਉਸ ਦਾ ਹੱਥ ਵੱਢਿਆ ਸੀ ਤੇ ਉਸ ਨੇ ਪੈਰ। ਭਗਵੰਤ ਸਿੰਘ ਤੇ ਗੋਵਿੰਦ ਪ੍ਰੀਤ ਨੇ ਉਸ ਨੂੰ ਰੱਸੀਆਂ ਨਾਲ ਬੰਨ੍ਹ ਕੇ ਲਟਕਾਇਆ ਸੀ। ਸ਼ਨਿਚਰਵਾਰ ਨੂੰ ਸਰਬਜੀਤ ਨੇ ਅਦਾਲਤ ਸਾਹਮਣੇ ਕਿਹਾ ਸੀ ਕਿ ਹੱਤਿਆ ’ਚ ਉਹ ਅੱਠ ਜਣੇ ਸ਼ਾਮਿਲ ਸਨ, ਜਿਨ੍ਹਾਂ ’ਚੋਂ ਉਹ ਤਿੰਨ ਦੇ ਨਾਂ ਜਾਣਦਾ ਹੈ ਜਦਕਿ ਬਾਕੀਆਂ ਨੂੰ ਚਿਹਰੇ ਤੋਂ ਪਛਾਣਦਾ ਹੈ। ਡੀਐੱਸਪੀ ਵਰਿੰਦਰ ਸਿੰਘ ਨੇ ਦੱਸਿਆ ਕਿ ਅਦਾਲਤ ਅੱਗੇ ਮੁਲਜ਼ਮਾਂ ਨੇ ਹੱਤਿਆ ਕਬੂਲ ਕਰ ਲਈ ਹੈ।

Related posts

IML: ਸਚਿਨ ਤੇਂਦੁਲਕਰ ਨੇ ਯੁਵਰਾਜ ਸਿੰਘ ਨਾਲ ਹੋਲੀ ਖੇਡੀ !

admin

ਪੰਜਾਬ ਦੇ ਸਾਰੇ ਸ਼ਹਿਰਾਂ ਨੂੰ ਚੰਡੀਗੜ੍ਹ ਨਾਲ ਜੋੜਨ ਲਈ ਰੇਲਵੇ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ: ਰਵਨੀਤ ਬਿੱਟੂ

admin

ਅਮਰੀਕਾ ਵਿੱਚ ਗੈਰ-ਕਾਨੂੰਨੀ ਰਹਿੰਦੇ ਹੋਰ ਕਿੰਨੇ ਭਾਰਤੀ ਡਿਪੋਰਟ ਕੀਤੇ ਜਾਣਗੇ ?

admin