Punjab

‘ਟੈਕਸਲਾ ਟੀਵੀ’ ਦੇ ਨਿਰਮਾਤਾ, ਉੱਘੇ ਕਾਰੋਬਾਰੀ ਅਤੇ ਉੱਘੇ ਸਮਾਜ-ਸੇਵੀ ਰਾਜਾ ਸਿੰਘ ਨੂੰ ਸ਼ਰਧਾਂਜਲੀਆਂ

ਉੱਘੇ ਕਾਰੋਬਾਰੀ ਅਤੇ ਉੱਘੇ ਸਮਾਜ-ਸੇਵੀ ਰਾਜਾ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਕਾਲ ਤਖਤ ਸਾਹਿਬ ਦੇ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ।

ਲੁਧਿਆਣਾ – ‘ਟੈਕਸਲਾ ਟੀਵੀ’ ਦੇ ਨਿਰਮਾਤਾ, ਉੱਘੇ ਕਾਰੋਬਾਰੀ ਅਤੇ ਉੱਘੇ ਸਮਾਜ-ਸੇਵੀ ਸਰਦਾਰ ਰਾਜਾ ਸਿੰਘ ਦੀ ਅੰਤਿਮ ਅਰਦਾਸ ਅੱਜ ਗੁਰੂ ਰਾਮ ਦਾਸ ਅਕੈਡਮੀ, ਲੁਧਿਆਣਾ ਵਿਖੇ ਹੋਈ। 28 ਫਰਵਰੀ ਨੂੰ 90 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਰਾਜਾ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਲਈ ਉਦਯੋਗਿਕ, ਸਮਾਜਿਕ ਅਤੇ ਧਾਰਮਿਕ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਏ।

ਸਰਬ ਸਾਂਝੀ ਗੁਰਬਾਣੀ ਕੰਪਨੀ ਰਾਹੀਂ ਸਿੱਖ ਪੰਥ ਝੋਲੀ ਵਿੱਚ ਨਾਮਵਰ ਰਾਗੀ, ਢਾਡੀ, ਕਵੀਸ਼ਰ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਵੱਡਾ ਯੋਗਦਾਨ ਪਾਉਣ ਵਾਲੇ ਸ੍ਰੀ ਗੁਰੂ ਰਾਮਦਾਸ ਅਕੈਡਮੀ ਅਤੇ ਟੈਕਸਲਾ ਦੇ ਸੰਸਥਾਪਕ ਉੱਘੇ ਕਾਰੋਬਾਰੀ ਸ. ਰਾਜਾ ਸਿੰਘ ਦੀ ਅੰਤਿਮ ਅਰਦਾਸ ਮੌਕੇ ਸ੍ਰੀ ਗੁਰੂ ਰਾਮਦਾਸ ਅਕੈਡਮੀ, ਲੁਧਿਆਣਾ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਾਜ਼ਰੀ ਭਰੀ। ਉਹਨਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਸੰਗਤ ਨਾਲ ਗੁਰਮਤਿ ਅਤੇ ਇਤਿਹਾਸਕ ਵਿਚਾਰਾਂ ਦੀ ਸਾਂਝ ਪਾਈ। ਸਰਦਾਰ ਰਾਜਾ ਸਿੰਘ ਜੀ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਉਹਨਾਂ ਕਿਹਾ ਕਿ, “ਸ. ਰਾਜਾ ਸਿੰਘ ਨੇ ਆਪਣਾ ਸਮੁੱਚਾ ਜੀਵਨ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੇ ਸਿਧਾਂਤ ਮੁਤਾਬਕ ਬਤੀਤ ਕੀਤਾ ਅਤੇ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ। ਸਾਨੂੰ ਵੀ ਗੁਰੂ ਸਾਹਿਬ ਵਲੋਂ ਬਖ਼ਸ਼ੇ ਸਿਧਾਂਤਾਂ ਮੁਤਾਬਕ ਵੀ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸ. ਰਾਜਾ ਸਿੰਘ ਜੀ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਵੀ ਵੱਡੀ ਭੂਮਿਕਾ ਨਿਭਾਅ ਕੇ ਗਏ ਹਨ। ਸੱਚੇ ਪਾਤਸ਼ਾਹ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।”

1936 ਵਿੱਚ ਮੀਰਪੁਰ (ਪਾਕਿਸਤਾਨ) ਵਿੱਚ ਜਨਮੇ ਰਾਜਾ ਸਿੰਘ ਵੰਡ ਦਾ ਦਰਦ ਹੰਢਾ ਕੇ ਮਹਿਜ਼ 11 ਸਾਲ ਦੀ ਉਮਰ ਵਿੱਚ ਦਿੱਲੀ ਪਹੁੰਚ ਕੇ ਸਬਜ਼ੀ ਦੀ ਦੁਕਾਨ ‘ਤੇ ਕੰਮ ਕਰਕੇ ਜੀਵਨ ਦੀ ਸ਼ੁਰੂਆਤ ਕੀਤੀ। ਬਿਨਾਂ ਕਿਸੇ ਰਸਮੀ ਸਿੱਖਿਆ ਦੇ, ਉਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਅਤੇ ਦੂਰਅੰਦੇਸ਼ੀ ਨਾਲ ਉਹ ਮੁਕਾਮ ਹਾਸਲ ਕੀਤਾ। ਉਨ੍ਹਾਂ ਨੇ 1961 ਵਿੱਚ ‘ਜੂਪੀਟਰ ਰੇਡੀਓਜ਼’ ਨਾਲ ਉਦਯੋਗਿਕ ਸਫ਼ਰ ਸ਼ੁਰੂ ਕੀਤਾ ਅਤੇ 1972 ਵਿੱਚ ‘ਟੈਕਸਲਾ’ ਬ੍ਰਾਂਡ ਰਾਹੀਂ ਟੈਲੀਵਿਜ਼ਨ ਨਿਰਮਾਣ ਵਿੱਚ ਕ੍ਰਾਂਤੀ ਲਿਆਂਦੀ। 1980 ਦੇ ਦਹਾਕੇ ਦੇ ਅੰਤ ਤੱਕ, ਉਹ ਸਾਲਾਨਾ 3 ਲੱਖ ਤੋਂ ਵੱਧ ਟੀਵੀ ਸੈੱਟਾਂ ਦਾ ਉਤਪਾਦਨ ਕਰ ਰਹੇ ਸਨ। 1989 ਵਿੱਚ ਉਨ੍ਹਾਂ ਨੂੰ ਉਪਭੋਗਤਾ ਇਲੈਕਟ੍ਰਾਨਿਕਸ ਦੇ ਖੇਤਰ ਵਿੱਚ ‘ਰਾਸ਼ਟਰੀ ਉਤਪਾਦਕਤਾ ਪੁਰਸਕਾਰ’ ਨਾਲ ਨਿਵਾਜਿਆ ਗਿਆ। ਜੂਪੀਟਰ, ਟੈਕਸਲਾ, ਬੈਲਟੈਕ, ਵੈਸਟਾਵਿਜ਼ਨ ਅਤੇ ਨਿਰਵਾਣਾ ਲਗਜ਼ਰੀ ਹੋਟਲ ਵਰਗੇ ਅਦਾਰੇ ਉਨ੍ਹਾਂ ਦੀ ਸਫਲਤਾ ਦੀ ਗਵਾਹੀ ਭਰਦੇ ਹਨ। ਰਾਜਾ ਸਿੰਘ ਕੇਵਲ ਮੁਨਾਫਾ ਕਮਾਉਣ ਵਾਲੇ ਕਾਰੋਬਾਰੀ ਨਹੀਂ ਸਨ, ਸਗੋਂ ਇੱਕ ਦਰਿਆਦਿਲ ਸਨ। 1984 ਦੇ ਦੰਗਾ ਪੀੜਤਾਂ ਨੂੰ ਰੁਜ਼ਗਾਰ ਦੇ ਕੇ ਪੈਰਾਂ ਸਿਰ ਖੜ੍ਹਾ ਕਰਨਾ ਉਨ੍ਹਾਂ ਦੀ ਇਨਸਾਨੀਅਤ ਦੀ ਜਿਉਂਦੀ-ਜਾਗਦੀ ਮਿਸਾਲ ਸੀ। ਆਪਣੀ ਸਿੱਖਿਆ ਅਧੂਰੀ ਰਹਿਣ ਦਾ ਮਲਾਲ ਉਨ੍ਹਾਂ ਨੇ ਹਜ਼ਾਰਾਂ ਬੱਚਿਆਂ ਨੂੰ ਸਿੱਖਿਅਤ ਕਰਕੇ ਦੂਰ ਕੀਤਾ। ਲੁਧਿਆਣਾ ਅਤੇ ਦੇਹਰਾਦੂਨ ਵਿੱਚ ਸਥਾਪਿਤ ‘ਜੀ.ਆਰ.ਡੀ. ਅਕੈਡਮੀਆਂ’ ਅੱਜ ਉੱਚ-ਮਿਆਰੀ ਸਿੱਖਿਆ ਦੇ ਕੇਂਦਰ ਹਨ।

Related posts

ਖਾੜੀ ‘ਚੋਂ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਪ੍ਰਕ੍ਰਿਆ ਦੇ ਤਾਲਮੇਲ ਲਈ ਨਿਯੁਕਤੀਆਂ

admin

ਸਿੱਖ ਇਸ ਗੱਲ ਦਾ ਤਹੱਈਆ ਕਰਨ ਕਿ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ – ਜਥੇਦਾਰ ਕੁਲਦੀਪ ਸਿੰਘ ਗੜਗੱਜ

admin

ਅਰਬ ਦੇਸ਼ਾਂ ‘ਚ ਫਸੇ ਪੰਜਾਬੀਆਂ ਦੀ ਸਹਾਇਤਾ ਲਈ ਹੌਟ-ਲਾਈਨ ਸਥਾਪਿਤ

admin