ਬਠਿੰਡਾ – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਅੱਜ ਟੋਲ ਪਲਾਜ਼ਾ ਲਹਿਰਾ ਬੇਗਾ ਤੇ ਜੀਦਾ ਵਿਖੇ ਜੇਤੂ ਜਸ਼ਨ ਤੇ ਸਵਾਗਤੀ ਰੈਲੀ ਕੀਤੀ ਗਈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ, ਮਜ਼ਦੂਰਾਂ, ਅੌਰਤਾਂ ਤੇ ਕਿਰਤੀ ਵਰਗ ਦੇ ਲੋਕਾਂ ਨੇ ਪਹੁੰਚ ਕੇ ਜਸ਼ਨ ਮਨਾਏ। ਇਸ ਮੌਕੇ ਸਟੇਜ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਮੋਰਚੇ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦੇਣ ਤੋਂ ਬਾਅਦ ਪੰਡਾਲ ਵਿਚ ਹਾਜ਼ਰ ਲੋਕਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਪੰਡਾਲ ਵਿਚ ਸ਼ਾਮਲ ਕਿਰਤੀ ਲੋਕਾਂ ਨੂੰ ਜਿੱਤ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਹਿਲਾਂ ਪੰਜਾਬ ਤੇ ਫਿਰ ਦਿੱਲੀ ਮੋਰਚਾ ਲਾਉਣ ਲਈ ਹਰਿਆਣਾ ਸਰਕਾਰ ਵੱਲੋਂ ਕੀਤੀਆਂ ਗਈਆਂ ਵੱਡੀਆਂ ਰੋਕਾਂ ਨੂੰ ਤੋੜਦੇ ਹੋਏ ਇਕ ਸਾਲ ਪੰਦਰਾਂ ਦਿਨ ਸਰਕਾਰ ਦੀਆਂ ਮੋਰਚੇ ਵਿਰੋਧੀ ਚਾਲਾਂ, ਕੁਦਰਤ ਵੱਲੋਂ ਮੀਂਹ, ਤੂਫਾਨ, ਠੰਢ, ਗਰਮੀ ਦਾ ਸਾਹਮਣਾ ਕਰਦੇ ਹੋਏ ਇਤਿਹਾਸਕ ਜਿੱਤ ਪ੍ਰਰਾਪਤ ਕੀਤੀ ਹੈ। ਉਨਾਂ੍ਹ ਇਸ ਘੋਲ ਦੇ ਸਬਕਾਂ ਤੋਂ ਪੇ੍ਰਰਨਾ ਲੈਂਦੇ ਹੋਏ ਇਸ ਨੂੰ ਹੋਰ ਮਘਦਾ ਰੱਖਣ ਦਾ ਸੱਦਾ ਦਿੱਤਾ। ਉਨਾਂ੍ਹ ਸਮੂਹ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਮੰਗਾਂ ਮਸਲਿਆਂ ਨੂੰ ਵੋਟ ਪਾਰਟੀਆਂ ਤੋਂ ਝਾਕ ਛੱਡ ਕੇ ਆਪਣੇ ਏਕੇ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹੋਏ ਸੰਘਰਸ਼ ‘ਤੇ ਟੇਕ ਰੱਖਣ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਅਤੇ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਭਾਵੇਂ ਖੇਤੀ ਕਾਨੂੰਨ ਵਾਪਸ ਲੈ ਲਏ ਹਨ ਪਰ ਹਾਲੇ ਵੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਪੁਲਿਸ ਕੇਸਾਂ ਦੀ ਵਾਪਸੀ, ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ, ਬਿਜਲੀ ਸੋਧ ਕਾਨੂੰਨ ਪਹਿਲਾਂ ਰੱਦ ਕਰਵਾਉਣਾ, ਸਾਰੀਆਂ ਫ਼ਸਲਾਂ ਦਾ ਐੱਮਐੱਸਪੀ ਤੇ ਸਰਕਾਰੀ ਖਰੀਦ ਦੀ ਗਰੰਟੀ ਕਰਨਾ ਅਤੇ ਜਨਤਕ ਵੰਡ ਪ੍ਰਣਾਲੀ ਰਾਹੀਂ ਸਾਰੇ ਦੇਸ਼ ਦੇ ਗਰੀਬ ਲੋਕਾਂ ਨੂੰ ਅਨਾਜ ਤੇ ਲੋੜੀਂਦੀਆਂ ਵਸਤਾਂ ਦੇਣ ਦੀ ਗਰੰਟੀ ਕਰਨਾ ਆਦਿ ਪੂਰੀਆਂ ਕਰਵਾਉਣੀਆਂ ਬਾਕੀ ਹਨ। ਅੌਰਤ ਜੱਥੇਬੰਦੀ ਦੀ ਆਗੂ ਪਰਮਜੀਤ ਕੌਰ ਪਿੱਥੋ ਨੇ ਅੌਰਤਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਇਤਿਹਾਸਕ ਘੋਲ ਦੀ ਜਿੱਤ ਵਿਚ ਅੌਰਤਾਂ ਦਾ ਅਹਿਮ ਯੋਗਦਾਨ ਰਿਹਾ ਹੈ। ਉਨਾਂ੍ਹ ਅੌਰਤਾਂ ਨੂੰ ਕਿਸਾਨਾਂ, ਮਜ਼ਦੂਰਾਂ ਤੇ ਅੌਰਤਾਂ ਦੀ ਜ਼ਿੰਦਗੀ ਖੁਸ਼ਹਾਲ ਬਣਾਉਣ ਲਈ ਸੰਘਰਸ਼ ਦੇ ਮੈਦਾਨ ਵਿਚ ਡਟੇ ਰਹਿਣ ਦਾ ਸੱਦਾ ਦਿੱਤਾ। ਜ਼ਿਲ੍ਹਾ ਜਨਰਲ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਅੱਜ ਜ਼ਿਲ੍ਹੇ ‘ਚੋਂ ਬੈਸਟ ਪ੍ਰਰਾਈਜ਼ ਭੁਚੋ ਮੰਡੀ, ਰਿਲਾਇੰਸ ਮਾਲ ਬਠਿੰਡਾ ਤੇ ਰਿਲਾਇੰਸ ਪੰਪ ਰਾਮਪੁਰਾ ਤੋਂ ਮੋਰਚੇ ਸਮਾਪਤ ਕਰ ਦਿੱਤੇ ਹਨ, ਜਿੰਨਾ ਚਿਰ ਟੋਲ ਪਲਾਜ਼ਿਆਂ ਵੱਲੋਂ ਪੁਰਾਣੇ ਰੇਟ ‘ਤੇ ਟੋਲ ਬਹਾਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਮੋਰਚੇ ਜਾਰੀ ਰਹਿਣਗੇ। ਉਨਾਂ੍ਹ ਕਿਹਾ ਕਿ ਹੋਰਨਾਂ ਮੰਗਾਂ ਦੇ ਮਸਲੇ ‘ਤੇ 17 ਦਸੰਬਰ ਨੂੰ ਸੂਬਾ ਕਮੇਟੀ ਵੱਲੋਂ ਮੀਟਿੰਗ ਕਰਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਬੁਲਾਰਿਆਂ ਨੇ ਮਾਨਸਾ ਵਿਚ ਬੇਰੁਜ਼ਗਾਰ ਅਧਿਆਪਕਾਂ ‘ਤੇ ਅੰਨ੍ਹੇਵਾਹ ਲਾਠੀਚਾਰਜ ਕਰਨ ਵਾਲੇ ਡੀਐੱਸਪੀ ਨੂੰ ਬਰਖਾਸਤ ਕਰਕੇ ਉਸ ਖ਼ਿਲਾਫ਼ ਪਰਚਾ ਦਰਜ ਕਰਕੇ ਜੇਲ੍ਹ ਭੇਜਣ ਦੀ ਮੰਗ ਕੀਤੀ। ਜੇਕਰ ਸਰਕਾਰ ਇਸ ਡੀਐੱਸਪੀ ਖ਼ਿਲਾਫ਼ ਇਕ ਹਫ਼ਤੇ ਦੇ ਵਿਚ ਕਾਰਵਾਈ ਨਹੀਂ ਕਰਦੀ, ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਬੁਲਾਰਿਆਂ ਵੱਲੋਂ ਟੋਲ ਪਲਾਜ਼ਾ ਅਤੇ ਬੈਸਟ ਪ੍ਰਰਾਈਸ ਦੇ ਮੁਲਾਜ਼ਮਾਂ, ਪੀਆਰਟੀਸੀ ਅਤੇ ਹੋਰ ਸਾਰੇ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਦੇ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਵੀ ਕੀਤਾ। ਅੱਜ ਦੇ ਇਕੱਠ ਵਿਚ ਕਹਾਣੀਕਾਰ ਅਤਰਜੀਤ, ਪੀਐੱਸਯੂ (ਸ਼ਹੀਦ ਰੰਧਾਵਾ) ਦੇ ਆਗੂ ਅਮਿਤੋਜ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਵਰਿੰਦਰ ਸਿੰਘ, ਬੀਕੇਯੂ ਏਕਤਾ ਉਗਰਾਹਾਂ ਹਰਿਆਣਾ ਤੋਂ ਬਲਜੀਤ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਨੇ ਰੈਲੀ ਵਿਚ ਪਹੁੰਚੇ ਲੋਕਾਂ ਨੂੰ ਮੁਬਾਰਕਬਾਦ ਦਿੰਦਿਆਂ ਅੱਗੇ ਤੋਂ ਸਾਂਝੇ ਘੋਲ ਭਖਾਉਣ ਦਾ ਸੱਦਾ ਦਿੱਤਾ। ਅਖੀਰ ਵਿਚ ਕਿਸਾਨ ਘੋਲ ਨਾਲ ਸਬੰਧਤ ਗੀਤਾਂ ਨਾਲ ਪੰਡਾਲ ਵਿਚ ਭੰਗੜੇ ਤੇ ਗਿੱਧੇ ਪਾ ਕੇ ਜਸ਼ਨ ਮਨਾਏ ਗਏ। ਅੱਜ ਦੀ ਰੈਲੀ ਵਿਚ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ ਕਰਮਜੀਤ ਕੌਰ ਲਹਿਰਾਖਾਨਾ, ਹਰਪ੍ਰਰੀਤ ਕੌਰ ਜੇਠੂਕੇ, ਪਰਮਜੀਤ ਕੌਰ ਕੌਟੜਾ, ਮਾਲਣ ਕੌਰ ਸਮੇਤ ਜ਼ਿਲ੍ਹੇ ਅਤੇ ਬਲਾਕਾਂ ਦੇ ਆਗੂ ਮੌਜੂਦ ਸਨ।