ਅੰਮ੍ਰਿਤਸਰ – ਖਾਲਸਾ ਕਾਲਜ ਵੈਟਰਨਰੀ ਹਸਪਤਾਲ ਵਿਖੇ ਡਾਇਗਨੋਸਟਿਕਸ ਸਹੂਲਤਾਂ ਨੂੰ ਵਧਾਉਣ ਦੇ ਮਕਸਦ ਤਹਿਤ ਇਕ ਨਵੀਂ ਅਲਟਰਾਸਾਊਂਡ ਮਸ਼ੀਨ ਸਥਾਪਿਤ ਕੀਤੀ ਗਈ। ਉਕਤ ਮਸ਼ੀਨ ‘ਸੀਡੀ ਏਲੀਟ ਵੈਟਰਨਰੀ ਅਲਟਰਾਸਾਊਂਡ’ ਕ੍ਰਿਸਟਲ ਕਲੀਅਰ ਇਮੇਜਿੰਗ, ਤੇਜ਼ ਅਤੇ ਸਹੀ ਨਿਦਾਨ ਲਈ ਤਿੰਨ ਪ੍ਰੋਬਾਂ ਨਾਲ ਲੈਸ ਹੈ।
ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮਸ਼ੀਨ ਪਸ਼ੂਆਂ, ਮੱਝਾਂ, ਘੋੜਿਆਂ, ਕੁੱਤਿਆਂ ਅਤੇ ਬਿੱਲੀਆਂ ’ਚ ਪ੍ਰਜਨਨ ਸਿਹਤ, ਗਰਭ ਅਵਸਥਾ ਨਿਦਾਨ, ਜਿਗਰ ਅਤੇ ਗੁਰਦੇ ਦੀ ਇਮੇਜਿੰਗ, ਡਾਇਆਫ੍ਰੈਗਮੈਟਿਕ ਹਰਨੀਆ, ਟ੍ਰੌਮੈਟਿਕ ਰੈਟੀਕੁਲੋ-ਪੈਰੀਟੋਨਾਈਟਿਸ, ਆਂਦਰਾਂ ਦੀ ਰੁਕਾਵਟ, ਇੰਟਸਸੈਪਸ਼ਨ ਅਤੇ ਹੋਰਾਂ ਸਮੇਤ ਵੱਖ-ਵੱਖ ਆਮ ਸਰੀਰਿਕ ਮਾਪਦੰਡਾਂ ਅਤੇ ਬਿਮਾਰੀ ਵਾਲੀਆਂ ਸਥਿਤੀਆਂ ਦੀ ਜਾਂਚ ਕਰਨ ਸਬੰਧੀ ਲੈਸ ਹੈ।
ਇਸ ਮੌਕੇ ਡਾ. ਵਰਮਾ ਨੇ ਕਲੀਨਿਕਲ ਵਿਭਾਗਾਂ ਦੇ ਮੁਖੀਆਂ ਅਤੇ ਫੈਕਲਟੀ ਦੀ ਮੌਜੂਦਗੀ ’ਚ ਨਵੀਂ ਸਹੂਲਤ ਦਾ ਉਦਘਾਟਨ ਕਰਨ ਉਪਰੰਤ ਕਿਹਾ ਕਿ ਇਹ ਡਾਇਗਨੋਸਟਿਕਸ ਸਹੂਲਤ ਪਸ਼ੂ ਮਾਲਕਾਂ ਅਤੇ ਪਾਲਤੂ ਜਾਨਵਰਾਂ ਦੇ ਪ੍ਰੇਮੀਆਂ ਲਈ ਵੱਖ-ਵੱਖ ਸਿਹਤ ਮੁੱਦਿਆਂ ਦੇ ਜਾਨਵਰਾਂ ’ਚ ਤੁਰੰਤ ਅਤੇ ਸਟੀਕ ਨਿਦਾਨ ਲਈ ਇਕ ਵਰਦਾਨ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਉਕਤ ਸਹੂਲਤ ਖਾਸ ਤੌਰ ’ਤੇ ਡੇਅਰੀ ਜਾਨਵਰਾਂ ਅਤੇ ਘੋੜਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ, ਕਿਉਂਕਿ ਹਸਪਤਾਲ ਪਹਿਲਾਂ ਹੀ ਪਾਲਤੂ ਜਾਨਵਰਾਂ ਲਈ ਇਕ ਹੋਰ ਅਲਟਰਾਸਾਊਂਡ ਮਸ਼ੀਨ ਨਾਲ ਲੈਸ ਹੈ। ਡਾ. ਵਰਮਾ ਨੇ ਕਿਹਾ ਕਿ ਵੈਟਰਨਰੀ ਹਸਪਤਾਲ 24 ਘੰਟੇ ਖੁੱਲ੍ਹਾ ਰਹਿੰਦਾ ਹੈ ਅਤੇ ਇਹ ਮੱਝ, ਘੋੜਾ, ਸੂਰ, ਭੇਡ, ਬੱਕਰੀ, ਕੁੱਤੇ, ਬਿੱਲੀਆਂ ਅਤੇ ਇੱਥੋਂ ਤੱਕ ਕਿ ਜੰਗਲੀ ਜਾਨਵਰਾਂ ਦੇ ਨਾਲ-ਨਾਲ ਪ੍ਰਯੋਗਸ਼ਾਲਾ ਆਦਿ ਸਮੇਤ ਸਮੂਹ ਵਾਲੇ ਜਾਨਵਰਾਂ ਦਾ ਇਲਾਜ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ’ਚ ਖੂਨ, ਪਿਸ਼ਾਬ, ਮਲ, ਬਲਗਮ, ਥੁੱਕ, ਚਮੜੀ ਦੇ ਸਕ੍ਰੈਪਿੰਗ, ਵੱਡੇ ਅਤੇ ਛੋਟੇ ਜਾਨਵਰਾਂ ਦੇ ਅਲਟਰਾਸਾਊਂਡ ਰਾਹੀਂ ਬਿਮਾਰੀਆਂ ਦੀ ਜਾਂਚ ਲਈ ਸ਼ਾਨਦਾਰ ਸਹੂਲਤ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਲਈ ਸਵੇਰੇ 8:00 ਤੋਂ ਰਾਤ 8:00 ਵਜੇ ਤੱਕ ਹਸਪਤਾਲ ਦੇ ਲੈਂਡਲਾਈਨ ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।