ਅੰਮ੍ਰਿਤਸਰ – ਹੈਰੀਟੇਜ ਸਟਰੀਟ ਵਿੱਚ ਸਥਾਪਿਤ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੀਤੇ ਕੱਲ੍ਹ ਭੰਨ-ਤੋੜ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ ਸੀ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਨ ਅਤੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਆਕਾਸ਼ ਸਿੰਘ ਵਾਸੀ ਧਰਮਕੋਟ ਜ਼ਿਲ੍ਹਾ ਮੋਗਾ ਵਜੋਂ ਹੋਈ ਜੋ ਕਿ ਖੁਦ ਵੀ ਐੱਸਸੀ ਭਾਈਚਾਰੇ ਨਾਲ ਸਬੰਧਿਤ ਹੈ।
ਜ਼ਿਕਰਯੋਗ ਹੈ ਕਿ ਇਹ ਘਟਨਾ ਬੀਤੇ ਕੱਲ੍ਹ ਬਾਅਦ ਦੁਪਹਿਰ ਵਾਪਰੀ ਸੀ ਜਦੋਂ ਇੱਕ ਨੌਜਵਾਨ ਨੇ ਇੱਥੇ ਲੱਗੀ ਪੌੜੀ ਦੀ ਮਦਦ ਨਾਲ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ’ਤੇ ਚੜ੍ਹ ਕੇ ਇਸ ਨੂੰ ਹਥੌੜੇ ਨਾਲ ਤੋੜਨ ਦਾ ਯਤਨ ਕੀਤਾ। ਉਸ ਨੇ ਸੰਵਿਧਾਨ ਦੀ ਕਿਤਾਬ ਨੂੰ ਸਾੜਨ ਦਾ ਵੀ ਯਤਨ ਕੀਤਾ। ਇਸ ਦੌਰਾਨ ਇੱਥੇ ਨਿੱਜੀ ਸੁਰੱਖਿਆ ਕਰਮਚਾਰੀ ਅਤੇ ਕੁਝ ਹੋਰ ਵਿਅਕਤੀਆਂ ਨੇ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ। ਬਾਅਦ ਵਿੱਚ ਉਸ ਨੂੰ ਪੁਲੀਸ ਨੂੰ ਸੌਂਪ ਦਿੱਤਾ ਗਿਆ। ਪੁਲੀਸ ਨੇ ਮੁਲਜ਼ਮ ਦਾ ਚਾਰ ਦਿਨ ਦਾ ਪੁਲੀਸ ਰਿਮਾਂਡ ਲੈ ਲਿਆ ਹੈ।
ਇਸ ਮਾਮਲੇ ਨੂੰ ਲੈ ਕੇ ਦਲਿਤ ਭਾਈਚਾਰੇ ਨਾਲ ਸਬੰਧਿਤ ਜਥੇਬੰਦੀਆਂ ਵੱਲੋਂ ਅੱਜ ਸ਼ਹਿਰ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਤਹਿਤ ਹਾਲਗੇਟ, ਹਾਲ ਬਾਜ਼ਾਰ, ਰਾਮਬਾਗ ,ਲਾਰੈਂਸ ਰੋਡ, ਕੁਈਨਜ਼ ਰੋਡ, ਰੇਲਵੇ ਰੋਡ, ਰੇਲਵੇ ਲਿੰਕ ਰੋਡ ਤੇ ਕੁਝ ਹੋਰ ਥਾਵਾਂ ’ਤੇ ਦੁਕਾਨਾਂ ਬੰਦ ਰਹੀਆਂ। ਭਾਈਚਾਰੇ ਨਾਲ ਸਬੰਧਿਤ ਲੋਕਾਂ ਵੱਲੋਂ ਜਬਰੀ ਦੁਕਾਨਾਂ ਬੰਦ ਵੀ ਕਰਵਾਈਆਂ ਗਈਆਂ। ਭੰਡਾਰੀ ਪੁਲ ’ਤੇ ਦਿੱਤੇ ਗਏ ਧਰਨੇ ਅਤੇ ਆਵਾਜਾਈ ਰੋਕੇ ਜਾਣ ਕਾਰਨ ਸਾਰੇ ਸ਼ਹਿਰ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਬਾਅਦ ਦੁਪਹਿਰ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਧਰਨਾਕਾਰੀਆਂ ਨੂੰ ਮੰਗਾਂ ਪੂਰਾ ਕਰਨ ਦਾ ਭਰੋਸਾ ਦਿੱਤੇ ਜਾਣ ਮਗਰੋਂ ਧਰਨਾ ਖਤਮ ਕੀਤਾ ਗਿਆ ਅਤੇ ਲਗਪਗ 3 ਵਜੇ ਆਵਾਜਾਈ ਖੋਲ੍ਹੀ ਗਈ। ਇਸ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਸਾਬਕਾ ਵਿਧਾਇਕ ਰਾਜਕੁਮਾਰ ਤੇ ਹੋਰ ਕਾਂਗਰਸੀਆਂ ਨੇ ਅੱਜ ਇੱਥੇ ਬੁੱਤ ਨੂੰ ਦੁੱਧ ਨਾਲ ਧੋਤਾ ਅਤੇ ਸਾਫ ਸਫਾਈ ਕਰਕੇ ਇਸ ਦਾ ਸਨਮਾਨ ਬਹਾਲ ਕਰਨ ਦਾ ਯਤਨ ਕੀਤਾ। ਸੰਸਦ ਮੈਂਬਰ ਨੇ ਇਸ ਮਾਮਲੇ ਦੀ ਜਾਂਚ ਕਿਸੇ ਜੱਜ ਦੀ ਨਿਗਰਾਨੀ ਹੇਠ ਕੀਤੇ ਜਾਣ ਦੀ ਮੰਗ ਕੀਤੀ। ਬੀਤੇ ਕੱਲ੍ਹ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸ਼੍ੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠਾ, ਭਾਜਪਾ ਦੇ ਆਗੂ ਵਿਜੈ ਸਾਂਪਲਾ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਸੀ।