ਮੋਗਾ – ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਨਸ਼ਾ ਛੁਡਾਉਣ ਦੀਆਂ ਗੋਲੀਆਂ ਦੀ ਦੁਰਵਰਤੋਂ ਦੇ ਮਾਮਲੇ ’ਚ ਗ੍ਰਿਫ਼ਤਾਰ ਨਸ਼ਾ ਛੁਡਾਊ ਕੇਂਦਰਾਂ ਦੇ ਮਾਲਕ ਡਾ. ਅਮਿਤ ਬਾਂਸਲ ਦੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ 22 ਨਸ਼ਾ ਛੁਡਾਊ ਕੇਂਦਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਕੇਂਦਰ ਮੋਗਾ ਜ਼ਿਲ੍ਹੇ ਵਿੱਚ ਹਨ। ਡਿਪਟੀ ਮੈਡੀਕਲ ਕਮਿਸ਼ਨਰ (ਡੀਐੱਮਸੀ) ਡਾ. ਰਾਜੇਸ਼ ਮਿੱਤਲ ਨੇ ਮੋਗਾ ਵਿੱਚ ਦੋ ਅਤੇ ਇੱਕ ਨਿਹਾਲ ਸਿੰਘ ਵਾਲਾ ਸਥਿਤ ਕੇਂਦਰ ਸੀਲ ਕਰਨ ਦੀ ਪੁਸ਼ਟੀ ਕੀਤੀ ਹੈ। ਮੁੱਖ ਡਾਇਰੈਕਟਰ ਵਿਜੀਲੈਂਸ-ਕਮ-ਸਪੈਸ਼ਲ ਡੀਜੀਪੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਡਾ. ਅਮਿਤ ਬਾਂਸਲ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਇਨ੍ਹਾਂ ਕੇਂਦਰਾਂ ਦਾ ਮੁਕੰਮਲ ਰਿਕਾਰਡ ਤੇ ਦਵਾਈਆਂ ਨੂੰ ਵੀ ਜ਼ਬਤ ਕੀਤਾ ਜਾਵੇ। ਦੂਜੇ ਪਾਸੇ, ਨਸ਼ਾ ਛੁਡਾਊ ਕੇਂਦਰ ਬੰਦ ਹੋਣ ਕਾਰਨ ਮਰੀਜ਼ ਨਿਰਾਸ਼ ਹਨ। ਇੱਥੇ ਸਿਹਤ ਅਧਿਕਾਰੀ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਵਿੱਚ ਸਰਕਾਰੀ 18 ਓਟ ਕੇਂਦਰਾਂ ’ਚ 20 ਹਜ਼ਾਰ ਤੋਂ ਵਧ ਮਰੀਜ਼ ਰਜਿਸਟਰਡ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਮਰੀਜ਼ ਇਨ੍ਹਾਂ ਕੇਂਦਰਾਂ ’ਚ ਨਾਮ ਰਜਿਸਟਰਡ ਕਰਵਾ ਕੇ ਮੁਫ਼ਤ ਦਵਾਈ ਲੈ ਸਕਦਾ ਹੈ, ਜਦੋਂਕਿ ਸੀਲ ਕੀਤੇ ਕੇਂਦਰਾਂ ’ਚੋਂ ਦਵਾਈ ਮੁੱਲ ਖ਼ਰੀਦਣੀ ਪੈਂਦੀ ਸੀ। ਸਥਾਨਕ ਸਿਵਲ ਹਸਪਤਾਲ ਵਿੱਚ ਕੇਂਦਰੀ ਯੋਜਨਾ ਅਧੀਨ ਚੱਲ ਰਹੇ ਕੇਂਦਰ ’ਚ ਕਰੀਬ 600 ਮਰੀਜ਼ ਰਜਿਸਟਰਡ ਹਨ।