“ਜ਼ਨਾਜੇ ਪਰ ਲਿਖ ਦੇਨਾ ਯਾਰੋ, ਮੁਹੱਬਤ ਕਰਨੇ ਵਾਲਾ ਜਾ ਰਹਾ ਹੈ”
ਹਿੰਦੋਸਤਾਨ ਦੇ ਮਸ਼ਹੂਰ ਸ਼ਾਇਰ ਡਾ. ਰਾਹਤ ਇੰਦੋਰੀ ਹੁਣ ਸਾਡੇ ਵਿਚਕਾਰ ਨਹੀਂ ਰਹੇ। ਮੰਗਲਵਾਰ 13 ਅਗਸਤ ਨੂੰ ਉਨ੍ਹਾਂ ਇੰਦੋਰ ਦੇ ਇੱਕ ਨਿੱਜੀ ਹਸਪਤਾਲ ‘ਚ ਆਖਰੀ ਸਾਹ ਲਿਆ। ਹਪਸਤਾਲ ਦੇ ਡਾਕਟਰਾਂ ਨੇ ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਹੈ। ਕੁਝ ਦਿਨ ਪਹਿਲਾ ਉਨ੍ਹਾਂ ਨੂੰ ਨੀਮੋਨੀਆ ਦੀ ਸ਼ਿਕਾਇਤ ਹੋਣ ਕਰਕੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਲਾਜ ਦੌਰਾਨ ਡਾਕਟਰਾਂ ਨੇ ਉਨ੍ਹਾਂ ਦਾ ਕਰੋਨਾ ਟੈਸਟ ਕੀਤਾ ਤੇ ਟੈਸਟ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਉਨ੍ਹਾਂ ਨੇ ਖ਼ੁਦ ਇਹ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ‘ਤੇ ਆਪਣੇ ਲੱਖਾਂ ਚਹੇਤਿਆਂ ਨਾਲ਼ ਸਾਂਝੀ ਕੀਤੀ। ਉਰਦੂ ਵਿਸ਼ੇ ਦੇ ਪ੍ਰੋਫੈਸਰ ਵਜੋਂ ਸੇਵਾ ਨਿਭਾਅ ਰਹੇ ਡਾ.ਰਾਹਤ ਇਨ੍ਹੀਂ ਦਿਨ 70 ਵਰ੍ਹਿਆਂ ਦੇ ਸਨ।
ਡਾ. ਇੰਦੋਰੀ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਰਹੇ ਪ੍ਰੰਤੂ ਉਹ ਆਪਣੀ ਬੇਬਾਕ ਸ਼ਾਇਰੀ ਨਾਲ਼ ਹਮੇਸ਼ਾ ਸਾਡੇ ਅੰਦਰ ਇਕ ਸੋਚ ਬਣ ਕੇ ਜ਼ਿੰਦਾ ਰਹਿਣਗੇ। ਡਾ. ਸਾਹਿਬ ਦਾ ਜਨਮ 1 ਜਨਵਰੀ 1950 ਵਿਚ ਪਿਤਾ ਰੱਫ਼ਤੁਲ੍ਹਾ ਕੁਰੈਸ਼ੀ, ਮਾਤਾ ਨਿਸ਼ਾ ਬੇਗ਼ਮ ਦੇ ਘਰ ਹੋਇਆ। ਪਰਿਵਾਰ ਵਿਚ ਉਹ ਚੌਥੇ ਨੰਬਰ ‘ਤੇ ਸਨ। ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਭੈਣਾਂ ਤਹਿਜੀਬ ਤੇ ਤਕਰੀਬ, ਵੱਡਾ ਭਰਾ ਅਕੀਲ ਤੇ ਛੋਟੇ ਭਰਾ ਆਦਿਲ ਰਹੇ। ਪਿਤਾ ਇਕ ਕੱਪੜਾ ਫੈਕਟਰੀ ਵਿਚ ਕਰਮਚਾਰੀ ਸਨ ਤੇ ਪਰਿਵਾਰ ਆਰਥਿਕ ਪੱਖੋਂ ਬਹੁਤਾ ਮਜ਼ਬੂਤ ਨਹੀਂ ਸੀ।
ਘੱਟ ਵਸੀਲਿਆਂ ਨਾਲ ਉਨ੍ਹਾਂ ਆਪਣੀ ਜ਼ਿੰਦਗੀ ਦੀਆਂ ਰਾਹਾਂ ਦਾ ਸਫ਼ਰ ਤੈਅ ਕਰਨਾ ਸ਼ੁਰੂ ਕੀਤਾ ਤੇ ਕਰੀਬ ਦਸ ਸਾਲ ਦੀ ਉਮਰ ‘ਚ ਹੀ ਉਨ੍ਹਾਂ ਪਰਿਵਾਰ ਦੀ ਗਰੀਬੀ ਨੂੰ ਵੇਖਦਿਆਂ ਇੰਦੋਰ ਸ਼ਹਿਰ ‘ਚ ਸਾਇਨ ਚਿੱਤਰਕਾਰ ਕੰਮ ਕਰਨ ਲੱਗੇ। ਇਸ ਦੌਰਾਨ ਉਨ੍ਹਾਂ ਨੂੰ ਬਹੁਤ ਜਲਦੀ ਹੀ ਆਪਣੀ ਪਛਾਣ ਮਿਲੀ । 19 ਸਾਲ ਦੀ ਉਮਰ ਵਿਚ ਕਾਲਜ ਦੀ ਪੜ੍ਹਾਈ ਦੌਰਾਨ ਹੀ ਉਨ੍ਹਾਂ ਸ਼ਾਇਰੀ ਦੀ ਸ਼ੁਰੂਆਤ ਕੀਤੀ ਜਿਸ ਨੂੰ ਉਨ੍ਹਾਂ ਮਰਦੇ ਦਮ ਤੱਕ ਜਾਰੀ ਰੱਖਿਆ।
ਡਾ. ਇੰਦੋਰੀ ਨੇ ਆਪਣੀ ਮੁੱਢਲੀ ਵਿੱਦਿਆ ਨੁਤਨ ਸਕੂਲ ਇੰਦੌਰ ਤੋਂ ਪ੍ਰਾਪਤ ਕੀਤੀ। ਮਗਰੋਂ ਇਸਲਾਮਿਆ ਕਰੀਮਿਆ ਕਾਲਜ ਇੰਦੋਰ ਤੋਂ 1975 ਵਿਚ ਗਰੈਜੂਏਸ਼ਨ ਪੂਰੀ ਕਰਕੇ 1978 ਬਰਤੁਲਾ ਵਿਸ਼ਵ ਵਿਦਿਆਲਿਆ ਭੁਪਾਲ ਤੋਂ ਐਮਏ ਉਰਦੂ ਸਾਹਿਤ ਦੀ ਮਾਸਟਰ ਡਿਗਰੀ ਹਾਸਲ ਕੀਤੀ। 1985 ਵਿਚ ਭੋਜਮੁਕਤ ਵਿਸ਼ਵਵਿਦਿਆਲਿਆ ਮੱਧ ਪ੍ਰਦੇਸ਼ ਤੋਂ ਉਨ੍ਹਾਂ ਉਰਦੂ ਵਿਸ਼ੇ ‘ਚ ਪੀਐਚਡੀ ਕਰਨ ਉਪਰੰਤ ਇੰਦਰ ਕੁਮਾਰ ਕਾਲਜ ਇੰਦੋਰ ‘ਚ ਬਤੌਰ ਅਧਿਆਪਕ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਭਰਪੂਰ ਜਵਾਨੀ ਵਿਚ ਉਨ੍ਹਾਂ ਅੰਦਰ ਖੇਡਾਂ ਪ੍ਰਤੀ ਦਿਲਚਸਪੀ ਸੀ ਤੇ ਉਹ ਕਾਲਜ ਪੱਧਰ ‘ਤੇ ਫੁੱਟਬਾਲ ਤੇ ਹਾਕੀ ਟੀਮ ਦੇ ਕੈਪਟਨ ਵੀ ਰਹੇ।
ਰੋਮਾਂਟਿਕ ਤੇ ਇਨਕਲਾਬੀ ਸ਼ਾਇਰੀ ਨਾਲ ਉਹ ਸਰੋਤਿਆਂ ਨੂੰ ਕੀਲ ਦਿੰਦੇ। ਆਪਣੀ ਜੀਵਨ ਵਿਚ ਵੀ ਉਹ ਜ਼ਿੰਦਾ ਦਿਲ ਇਨਸਾਨ ਸਨ ਤੇ ਹਰ ਵੇਲੇ ਹਾਜ਼ਰ ਜਵਾਬ ਰਹਿੰਦੇ ਸਨ। ਇਕ ਮੁਸ਼ਾਹਰੇ ਦੌਰਾਨ ਉਨ੍ਹਾਂ ਦਰਸ਼ਕਾਂ ਨੂੰ ਦੱਸਿਆ ਸੀ ਕਿ ਦੇਸ ਵਿਚ ਐਮਰਜੈਂਸੀ ਦੌਰਾਨ ਉਨ੍ਹਾਂ ਇਕ ਵਾਰ ਸਰਕਾਰ ਨੂੰ ‘ਚੋਰ’ ਕਹਿ ਦਿੱਤਾ ਸੀ। ਅਗਲੇ ਦਿਨ ਉਨ੍ਹਾਂ ਨੂੰ ਇਕ ਅਫਸਰ ਨੇ ਸੱਦਿਆ ਤੇ ਪੁੱਛਣ ਤੇ ਡਾ. ਇੰਦੋਰੀ ਨੇ ਹਾਜ਼ਰ ਜਵਾਬ ਦਿੰਦਿਆਂ ਗੱਲ ਇਹ ਕਹਿ ਕੇ ਟਾਲ ਦਿੱਤਾ ਕਿ ‘ਮੈਂ ਭਾਰਤ ਸਰਕਾਰ ਨੂੰ ਚੋਰ ਨਹੀਂ ਕਿਹਾ, ਮੈਂ ਤਾਂ ਸਰਕਾਰ ਨੂੰ ਚੋਰ ਕਿਹਾ ਐ…। ‘ ਇਹ ਜਵਾਬ ਸੁਣ ਕੇ ਅਫਸਰ ਮੁਸਕੁਰਾ ਪਿਆ।
ਡਾ. ਇੰਦੋਰੀ ਦੀ ਸ਼ਾਇਰੀ ਦੀ ਪੇਸ਼ਕਾਰੀ ਦਾ ਢੰਗ ਹੀ ਬਹੁਤ ਵੱਖਰਾ ਸੀ। ਉਹ ਆਪਣੀ ਗੱਲ ਮੁਹੋਬਤ ਭਰੇ ਲਫ਼ਜਾਂ ਨਾਲ ਕਹਿ ਦਿੰਦੇ ਸਨ। ਉਹ ਆਪਣੇ ਇਕ ਸ਼ੇਅਰ ਵਿਚ ਅਰਜ਼ ਕਰਦੇ
ਹਨ:-
‘ਮੇਰੀ ਖ਼ਆਇਸ਼ ਹੈ ਕਿ ਆਂਗਣ ਮੇ ਨ ਦੀਵਾਰ ਉਠੇ,
ਮੇਰੇ ਭਾਈ ਮੇਰੇ ਹਿੱਸੇ ਦੀ ਜ਼ਮੀ ਤੂੰ ਰੱਖ ਲੇ।
ਜਾਤੀ-ਵਾਦ, ਧਾਰਮਿਕ ਵਿਵਾਦਾਂ ਕਾਰਨ ਭਾਰਤ ਪਿਛਲੇ ਲੰਮੇਂ ਤੋਂ ਭਰਾਵਾਂ-ਭਰਾਵਾਂ ਦੇ ਝਗੜਿਆਂ ਕਰਕੇ ਨੁਕਸਾਨ ਝੱਲ ਰਿਹਾ ਹੈ। ਹਾਕਮਾਂ ਵੱਲੋਂ ਆਪਣੀ ਪ੍ਰਭੂ ਸੱਤਾ ਕਾਇਮ ਰੱਖਣ ਕਰਕੇ ਸੌੜ੍ਹੀ ਸਿਆਸਤ ਕਰਕੇ ਇਨ੍ਹਾਂ ਮਸਲਿਆਂ ਨੂੰ ਤੁਲ ਦਿੱਤਾ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਕੇਂਦਰ ਸਰਕਾਰ ਵੱਲੋਂ ਕੌਮੀ ਨਾਗਰਿਕਾ ਬਿੱਲ ਲਾਗੂ ਕਰਨ ਤੋਂ ਦੇਸ਼ ਦੇ ਕਈ ਹਿੱਸਿਆਂ ਵਿਚ ਸੰਘਰਸ਼ ਹੋਏ। ਇਸ ਬਿੱਲ ਦਾ ਵਿਰੋਧ ਕਰਨ ਵਾਲਿਆਂ ਨੇ ਕਰੀਬ ਚਾਰ ਮਹੀਨੇ ਤੱਕ ਦਿੱਲੀ ਸ਼ਾਇਨਬਾਗ ਵਿਚ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਦਿੱਤਾ। ਲੋਕ ਇਸ ਬਿੱਲ ਨੂੰ ਲਾਗੂ ਨਾ ਹੋਣ ਦੀ ਮੰਗ ‘ਤੇ ਅੜੇ ਸਨ ਪਰ ਕੇਂਦਰ ਇਸ ਨੂੰ ਲਾਗੂ ਕਰਨਾ ਚਾਹੁੰਦੀ ਸੀ। ਇਸ ਮਾਹੌਲ ਵਿਚ ਡਾਕਟਰ ਸਾਹਿਬ ਦਾ ਹਥਲਾ ਸ਼ੇਅਰ ਇਨ੍ਹਾਂ ਹਾਲਾਤਾਂ ‘ਤੇ ਢੁਕਦਾ ਹੈ:-
‘ਅਗਰ ਖ਼ਿਲਾਫ਼ ਹੈ, ਹੋਣੇ ਦੋ, ਜਾਨ ਥੋੜੀ ਹੈ,
ਯੇ ਸਭ ਧੂੰਆਂ ਹੈ, ਕੋਈ ਆਸਮਾਨ ਥੋੜੀ ਹੈ।
ਲਗੇਗੀ ਆਗ ਤੋਂ ਆਏਂਗੇ ਘਰ ਕਈ ਜ਼ਦ ਮੇਂ,
ਯਹਾਂ ਪੇ ਸਿਰਫ ਹਮਾਰਾ ਮਕਾਨ ਥੋੜੀ ਹੈ।
ਮੈਂ ਜਾਨਤਾ ਹੂੰ ਕਿ ਦੁਸ਼ਮਣ ਭੀ ਕਮ ਨਹੀਂ ਲੇਕਿਨ,
ਹਮਾਰੀ ਤਰ੍ਹਾਂ ਹਥੇਲੀ ਪੇ ਜਾਨ ਥੋੜੀ ਹੈ।
ਹਮਾਰੇ ਮੂੰਹ ਸੇ ਜੋ ਨਿਕਲੇ ਵਹੀ ਸਦਾਕਤ ਹੈ,
ਹਮਾਰੇ ਮੂੰਹ ਮੇਂ ਤੁਮਾਰੀ ਜ਼ੁਬਾਨ ਥੋੜੀ ਹੈ।
ਜੋ ਆਜ ਸਾਹਿਬੇ-ਇ-ਮਸਨਦ ਹੈਂ ਕਲ ਨਹੀਂ ਹੋਂਗੇ,
ਕਿਰਾਏਦਾਰ ਹੈਂ ਜਾਤੀ ਮਕਾਨ ਥੋੜੀ ਹੈ।
ਸਭੀ ਕਾ ਖੂਨ ਹੈ ਸ਼ਾਮਿਲ ਯਹਾ ਕੀ ਮਿੱਟੀ ਮੇਂ,
ਕਿਸੀ ਕੇ ਬਾਪ ਲਾ ਹਿੰਦੋਸਤਾਨ ਥੋੜੀ ਹੈ।
ਇਹ ਸ਼ੇਅਰ ਹਰ ਪ੍ਰਦਰਸ਼ਨਕਾਰੀ ਦੀ ਜ਼ੁਬਾਨ ‘ਤੇ ਰਿਹਾ। ਡਾ. ਇੰਦੋਰੀ ਨੇ ਆਪਣੇ ਜੀਵਨ ਕਾਲ ਵਿਚ ਕਈ ਕਾਵਿ-ਸੰਗ੍ਰਿਹ ਲਿਖੇ ਜਿਨ੍ਹਾਂ ਵਿਚ ‘ਦੋ ਕਦਮ ਔਰ ਸਹੀ’, ‘ਨਾਰਾਜ਼’, ‘ਮੌਜੂਦ’, ‘ਧੂੱਪ ਬਹੁਤ ਹੇ’, ‘ਚਾਂਦ ਪਾਗਲ ਹੈ’, ਪ੍ਰਚਿੱਲਤ ਹਨ। ਇਸ ਤੋਂ ਇਲਾਵਾ ‘ਮੁੰਨਾ ਭਾਈ ਐਮਬੀਬੀਐਸ’, ‘ਘਾਤਕ’, ‘ਮਿਸ਼ਨ ਕਸ਼ਮੀਰ’ ਸਮੇਤ ਦੋ ਦਰਜਨ ਵਾਲੀਵੁੱਡ ਫ਼ਿਲਮਾਂ ਵਿਚ ਉਨ੍ਹਾਂ ਦੁਆਰਾ ਲਿਖੇ ਗਾਣਿਆਂ ਨੂੰ ਦਰਸ਼ਕਾਂ ਨੇ ਸੁਣਿਆ ਹੈ। ਅੱਜ ਪੂਰਾ ਦੇਸ਼ ਇਸ ਮਹਾਨ ਕਾਵਿ ਦੀ ਕਮੀ ਮਹਿਸੂਸ ਕਰਦਾ ਹੈ ਤੇ ਡਾ. ਸਾਹਿਬ ਦੇ ਲੱਖਾਂ ਪ੍ਰਸ਼ੰਸਕ ਉਨ੍ਹਾਂ ਨੂੰ ਆਪਣੇ ਵੱਲੋਂ ਸ਼ਰਧਾਂਜਲੀ ਭੇਟ ਕਰਦੇ ਹਨ।