ਨਿਊਯਾਰਕ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੇ ਦੋ ਬਾਲਿਗ ਬੱਚਿਆਂ ਯਾਨੀ ਇਵਾਂਕਾ ਤੇ ਡੋਨਾਲਡ ਜੂਨੀਅਰ ਟਰੰਪ ਨੂੰ ਵਪਾਰਕ ਮਾਮਲਿਆਂ ’ਚ ਗ਼ਲਤ ਤੌਰ ਤਰੀਕਿਆਂ ਦੇ ਸਬੰਧ ’ਚ ਹੋ ਰਹੀ ਸਿਵਲ ਜਾਂਚ ’ਚ ਪੁੱਛਗਿੱਛ ਦਾ ਸਾਹਮਣਾ ਕਰਨਾ ਪਵੇਗਾ। ਨਿਊਯਾਰਕ ਦੇ ਇਕ ਜੱਜ ਦੇ ਫ਼ੈਸਲੇ ਮੁਤਾਬਕ, ਨਿਊਯਾਰਕ ਦੇ ਅਟਾਰਨੀ ਜਨਰਲ ਦੇ ਸਾਹਮਣੇ ਇਨ੍ਹਾਂ ਤਿੰਨਾਂ ਨੂੰ 21 ਦਿਨਾਂ ਦੇ ਅੰਦਰ ਹੀ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਜੱਜ ਆਰਥਰ ਐਂਗੋਰਾਨ ਨੇ ਦੋ ਘੰਟਿਆਂ ਦੀ ਸੁਣਵਾਈ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਦੀ ਅਪੀਲ ਨੂੰ ਦਰਕਿਨਾਰ ਕਰਦੇ ਹੋਏ ਆਪਣੇ ਆਦੇਸ਼ ’ਚ ਕਿਹਾ ਕਿ ਟਰੰਪ ਪਰਿਵਾਰ ਨੂੰ ਅਟਾਰਨੀ ਜਨਰਲ ਲੈਟੀਟੀਆ ਜੇਮਜ਼ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ। ਹਾਲਾਂਕਿ ਟਰੰਪ ਪਰਿਵਾਰ ਦੇ ਵਕੀਲਾਂ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਡੈਮੋਕ੍ਰੇਟ ਅਟਾਰਨੀ ਜਨਰਲ ਜੇਮਜ਼ ਟਰੰਪ ਤੋਂ ਬਿਲਕੁਲ ਪੁੱਛਗਿੱਛ ਨਹੀਂ ਕਰ ਸਕੇ ਪਰ ਉਹ ਆਪਣੀਆਂ ਕੋਸ਼ਿਸ਼ਾਂ ’ਚ ਨਾਕਾਮਯਾਬ ਰਹੀਆਂ। ਟਰੰਪ, ਜੂਨੀਅਰ ਟਰੰਪ ਤੇ ਇਵਾਂਕਾ ਟਰੰਪ ਦਾ ਦੋਸ਼ ਹੈ ਕਿ ਜੇਮਜ਼ ਇਕ ਡੈਮੋਕ੍ਰੇਟ ਹੈ ਤੇ ਇਸ ਲਈ ਡੋਨਾਲਡ ਟਰੰਪ ਪ੍ਰਤੀ ਸਿਆਸੀ ਰੂਪ ਨਾਲ ਪੱਖਪਾਤ ਤੋਂ ਪ੍ਰਭਾਵਿਤ ਹਨ। ਨਾਲ ਹੀ ਉਹ ਆਪਣੀ ਸਿਵਲ ਜਾਂਚ ਦੇ ਜ਼ਰੀਏ ਅਪਰਾਧਕ ਜਾਂਚ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਇਨ੍ਹਾਂ ਦੋਸ਼ਾਂ ਦੇ ਬਾਵਜੂਦ ਜੱਜ ਆਰਥਰ ਐੱਫਏ ਗੋਰਾਨ ਨੇ ਸਰਕਾਰੀ ਵਕੀਲ ਲੇਟੀਟੀਆ ਜੇਮਜ਼ ਦਾ ਪੱਖ ਲੈਂਦੇ ਹੋਏ ਕਿਹਾ ਕਿ ਸਾਬਕਾ ਰਾਸ਼ਟਰਪਤੀ ਤੇ ਉਨ੍ਹਾਂ ਦੀਆਂ ਦੋ ਸੰਤਾਨਾਂ ਤੋਂ ਪੁੱਛਗਿੱਛ ਅਗਲੇ ਮਹੀਨੇ ਤਕ ਹੋ ਜਾਣੀ ਚਾਹੀਦੀ ਹੈ।