ਫੀਨਿਕਸ – ਅਮਰੀਕਾ ਦੇ 2020 ’ਚ ਹੋਈਆਂ ਰਾਸ਼ਟਰਪਤੀ ਚੋਣਾਂ ’ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਰੀਜ਼ੋਨਾ ’ਚ ਵਿਆਪਕ ਪੱਧਰ ’ਤੇ ਹੇਰਾਫੇਰੀ ਕਰਨ ਦਾ ਦੋਸ਼ ਲਗਾਇਆ ਸੀ। ਇਸ ਖੇਤਰ ’ਚ ਪਾਈਆਂ ਗਈਆਂ ਵੋਟਾਂ ਦੀ ਸਮੀਖਿਆ ਨਾਲ ਹੁਣ ਟਰੰਪ ਨੂੰ ਵੱਡਾ ਝਟਕਾ ਲੱਗਾ ਹੈ। ਰਿਪਬਲਿਕਨ ਪਾਰਟੀ ਦੇ ਖ਼ਰਚੇ ’ਤੇ ਕਰਵਾਈ ਗਈ ਸਮੀਖਿਆ ’ਚ ਕੋਈ ਵੀ ਅਜਿਹਾ ਸਬੂਤ ਨਹੀਂ ਮਿਲਿਆ, ਜਿਸ ਨਾਲ ਇਹ ਸਿੱਧ ਹੋ ਸਕੇ ਕਿ ਟਰੰਪ ਨੂੰ ਹਰਾਉਣ ਲਈ ਡੈਮੋਕ੍ਰੇਟ ਪਾਰਟੀ ਨੇ ਕੋਈ ਸਾਜ਼ਿਸ਼ ਕੀਤੀ ਸੀ।ਸਮੀਖਿਆ ਕਰਨ ਵਾਲੀ ਕੰਪਨੀ ਸਾਈਬਰ ਨਿੰਜਾਸ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਟਰੰਪ ਦੇ ਦੋਸ਼ਾਂ ਦੇ ਉਲਟ ਸਥਿਤੀ ਮਿਲੀ ਹੈ। ਸਮੀਖਿਆ ’ਚ ਬਾਇਡਨ ਦੀਆਂ 99 ਵੋਟਾਂ ਵਧ ਗਈਆਂ ਹਨ, ਜਦਕਿ ਡੋਨਾਲਡ ਟਰੰਪ ਦੀਆਂ 261 ਵੋਟਾਂ ਘੱਟ ਹੋ ਗਈਆਂ। ਵੋਟਾਂ ਦੀ ਸਮੀਖਿਆ ਕਰਨ ਵਾਲੇ ਰਿਪਬਲਿਕਨ ਸੈਨੇਟ ਦੇ ਮੁਖੀ ਕਰੇਨ ਫੈਨ ਨੇ ਸ਼ੁੱਕਰਵਾਰ ਨੂੰ ਸਟੇਟ ਸੈਨੇਟ ’ਚ ਇਸ ਦੀ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਰਿਪੋਰਟ ’ਤੇ ਕਿਹਾ ਕਿ ਸੱਚ ਹਮੇਸ਼ਾ ਸੱਚ ਹੀ ਹੁੰਦਾ ਹੈ ਤੇ ਗਿਣਤੀ ਹਮੇਸ਼ਾ ਗਿਣਤੀ ਹੀ ਰਹਿੰਦੀ ਹੈ। ਬਾਇਡਨ ਦੀ ਐਰੀਜ਼ੋਨਾ ’ਚ 10500 ਵੋਟਾਂ ਨਾਲ ਜਿੱਤ ਹੋਈ ਸੀ। ਉਨ੍ਹਾਂ ਨੂੰ ਮੈਰੀਕੋਪਾ ਕਾਊਂਟੀ ਤੋਂ ਹੀ ਰਿਕਾਰਡ 45 ਹਜ਼ਾਰ ਵੋਟਾਂ ਨਾਲ ਜਿੱਤ ਮਿਲੀ ਸੀ। ਉਸ ਵੇਲੇ ਰਿਪਬਲਿਕਨ ਬਹੁਮਤ ਵਾਲੀ ਸੂਬਾ ਸਰਕਾਰ ਦੀ ਸੈਨੇਟ ਨੇ ਵੋਟਾਂ ਦੀ ਸਮੀਖਿਆ ਦੇ ਨਿਰਦੇਸ਼ ਦਿੱਤੇ ਸਨ। ਸਮੀਖਿਆ ਕਰਨ ਵਾਲਿਆਂ ਨੇ ਹੁਣ ਮੰਨਿਆ ਹੈ ਕਿ ਐਰੀਜ਼ੋਨਾ ’ਚ ਵੋਟਾਂ ਦੀ ਗਿਣਤੀ ’ਚ ਕੋਈ ਵੀ ਗੜਬੜੀ ਨਹੀਂ ਕੀਤੀ ਗਈ ਹੈ। ਸਮੀਖਿਆ ਕਰਨ ਵਾਲਿਆਂ ਨੇ ਕਿਹਾ ਹੈ ਕਿ ਮੇਲ ਬੈਲੇਟ ਪੇਪਰਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ। ਇਨ੍ਹਾਂ ਬੈਲੇਟ ਪੇਪਰਾਂ ਦੇ ਹਸਤਾਖ਼ਰ ਸ਼ੱਕੀ ਮਿਲੇ ਹਨ। ਉਨ੍ਹਾਂ ਦੇ ਗ਼ਲਤ ਪਤੇ ਤੋਂ ਆਉਣ ਦੀ ਸੰਭਾਵਨਾ ਹੈ।
previous post