ਨਵੀਂ ਦਿੱਲੀ – ਰਾਸ਼ਟਰੀ ਅੰਡਰ-23 ਚੈਂਪੀਅਨਸ਼ਿਪ 2021 ਵਿਚ ਭਾਰਤ ਦੀ ਸਭ ਤੋਂ ਤੇਜ਼ ਮਹਿਲਾ ਅਥਲੀਟ ਤਰਨਜੀਤ ਕੌਰ ਡੋਪਿੰਗ ਮਾਮਲੇ ਵਿਚ ਫਸ ਸਕਦੀ ਹੈ। ਸੂਤਰ ਨੇ ਸ਼ਨਿਚਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਦਿੱਲੀ ਦੀ ਇਸ ਸਪਿ੍ਰੰਟਰ ਨੇ ਪਿਛਲੇ ਸਾਲ ਸਤੰਬਰ ਵਿਚ 100 ਮੀਟਰ ਤੇ 200 ਮੀਟਰ ਸਪ੍ਰਿੰਟ ਡਬਲਜ਼ ਜਿੱਤਿਆ ਸੀ ਤੇ ਉਹ 2021 ਦੀ ਦੇਸ਼ ਦੀ ਸਰਬੋਤਮ ਪ੍ਰਦਰਸ਼ਨ ਕਰਨ ਵਾਲੀ ਨੌਜਵਾਨ ਖਿਡਾਰਨ ਸੀ। ਇਕ ਸੂਤਰ ਨੇ ਦੱਸਿਆ ਕਿ ਤਰਨਜੀਤ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਵੱਲੋਂ ਕਰਵਾਏ ਗਏ ਡੋਪ ਟੈਸਟ ਵਿਚ ਨਾਕਾਮ ਰਹੀ ਹੈ।
ਹਾਲਾਂਕਿ ਪਾਬੰਦੀਸ਼ੁਦਾ ਡਰੱਗਜ਼ ਦਾ ਨਾਂ ਤੇ ਕਿਸ ਟੂਰਨਾਮੈਂਟ ਦੇ ਦੌਰਾਨ ਨਮੂਨਾ ਲਿਆ ਗਿਆ ਇਹ ਨਹੀਂ ਦੱਸਿਆ ਗਿਆ। 20 ਸਾਲਾ ਅਥਲੀਟ ਤੇਲੰਗਾਨਾ ਵਿਚ ਰਾਸ਼ਟਰੀ ਓਪਨ ਅਥਲੈਟਿਕਸ ਵਿਚ 100 ਮੀਟਰ ਮੁਕਾਬਲਾ ਵੀ ਜਿੱਤੀ ਹੈ। ਤਰਨਜੀਤ ਦਾ ਇਹ ਪਹਿਲਾ ਡੋਪਿੰਗ ਅਪਰਾਧ ਹੈ ਤੇ ਜੇ ਉਹ ਦੋਸ਼ੀ ਸਾਬਤ ਹੁੰਦੀ ਹੈ ਤਾਂ ਉਨ੍ਹਾਂ ‘ਤੇ ਟੂਰਨਾਮੈਂਟਾਂ ਵਿਚ ਹਿੱਸਾ ਲੈਣ ‘ਤੇ ਪਾਬੰਦੀ ਲਾਈ ਜਾ ਸਕਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਤਰਨਜੀਤ ਲਈ ਇਹ ਵੱਡਾ ਝਟਕਾ ਸਾਬਤ ਹੋਵੇਗਾ ਕਿਉਂਕਿ ਉਨ੍ਹਾਂ ਦੀਆਂ ਨਜ਼ਰਾਂ 2022 ਵਿਚ ਮਹਿਲਾ 100 ਮੀਟਰ ਦਾ 11.17 ਸਕਿੰਟ ਦਾ ਰਾਸ਼ਟਰੀ ਰਿਕਾਰਡ ਤੋੜਨ ‘ਤੇ ਹਨ। ਤਰਨਜੀਤ ਨੂੰ ਨਾਡਾ ਦੇ ਅਨੁਸ਼ਾਸਨੀ ਪੈਨਲ ਦੇ ਸਾਹਮਣੇ ਆਪਣੀ ਬੇਗੁਨਾਹੀ ਸਾਬਤ ਕਰਨ ਦਾ ਮੌਕਾ ਮਿਲੇਗਾ। ਜੇ ਦੋਸ਼ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਵਿਸ਼ਵ ਅਥਲੈਟਿਕਸ ਦੇ ਮੁਕਾਬਲਿਆਂ ਤੋਂ ਚਾਰ ਸਾਲ ਤਕ ਲਈ ਬਾਹਰ ਕੀਤਾ ਜਾ ਸਕਦਾ ਹੈ। ਇਸ ਮਾਮਲੇ ‘ਤੇ ਸੁਣਵਾਈ ਪੈਨਲ ਦੇ ਸਾਹਮਣੇ ਪੈਂਡਿੰਗ ਹੈ।