ਨਵੀਂ ਦਿੱਲੀ -ਜੇ ਤੁਸੀਂ ਪੈਕਟ ਬੰਦ ਖ਼ੁਰਾਕੀ ਸਮੱਗਰੀ ਖ਼ਰੀਦ ਰਹੇ ਹੋ ਤਾਂ ਸਾਵਧਾਨ। ਸਿਰਫ਼ ਉਸ ਦੇ ਲੇਬਲ ’ਤੇ ਨਾ ਜਾਇਓ ਜਨਾਬ, ਇਹ ਭਰਮਾਊ ਵੀ ਹੋ ਸਕਦਾ ਹੈ। ਦੂਜੇ ਸ਼ਬਦਾਂ ’ਚ ਕਿਹਾ ਜਾਵੇ ਤਾਂ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ ਹੋ ਸਕਦੇ ਹਨ। ਸ਼ੂਗਰ-ਫ੍ਰੀ ਹੋਣ ਦਾ ਦਾਅਵਾ ਕਰਨ ਵਾਲੇ ਖ਼ੁਰਾਕੀ ਪਦਾਰਥਾਂ ’ਚ ਚਰਬੀ ਦੀ ਮਾਤਰਾ ਜ਼ਿਆਦਾ ਹੋ ਸਕਦੀ ਹੈ ਜਦਕਿ ਡੱਬਾਬੰਦ ਫਲਾਂ ਦੇ ਰਸ ’ਚ ਫਲਾਂ ਦਾ ਸਿਰਫ਼ 10 ਫ਼ੀਸਦੀ ਤੱਤ ਹੀ ਹੋ ਸਕਦਾ ਹੈ। ਸਿਖਰਲੀ ਸਿਹਤ ਖੋਜ ਬਾਡੀ ਭਾਰਤੀ ਚਿਕਿਤਸਾ ਖੋਜ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਨੇ ਇਸ ਸਬੰਧੀ ਚੌਕਸ ਕੀਤਾ ਹੈ ਅਤੇ ਕਿਹਾ ਹੈ ਕਿ ਖਪਤਕਾਰਾਂ ਨੂੰ ਸਮੱਗਰੀ ਖ਼ਰੀਦਦੇ ਸਮੇਂ ਜਾਣਕਾਰੀ ਭਰਪੂਰ ਤੇ ਸਹੀ ਬਦਲ ਲਈ ਉਸ ’ਤੇ ਲਿਖੀ ਜਾਣਕਾਰੀ ਨੂੰ ਵੀ ਸਾਵਧਾਨੀ ਨਾਲ ਪੜ੍ਹਨਾ ਚਾਹੀਦਾ ਹੈ। ਹਾਲ ਹੀ ’ਚ ਜਾਰੀ ਕੀਤੇ ਗਏ ਭੋਜਨ ਸਬੰਧੀ ਦਿਸ਼ਾ-ਨਿਰਦੇਸ਼ਾਂ ’ਚ ਆਈ.ਸੀ.ਐੱਮ.ਆਰ. ਨੇ ਕਿਹਾ ਕਿ ਪੈਕਟ ਵਾਲੇ ਖ਼ੁਰਾਕੀ ਪਦਾਰਥ ’ਤੇ ਸਿਹਤ ਸਬੰਧੀ ਦਾਅਵੇ ਖਪਤਕਾਰਾਂ ਦਾ ਧਿਆਨ ਖਿੱਚਣ ਲਈ ਅਤੇ ਉਨ੍ਹਾਂ ਨੂੰ ਇਸ ਗੱਲ ’ਤੇ ਰਾਜ਼ੀ ਕਰਨ ਲਈ ਕੀਤੇ ਜਾ ਸਕਦੇ ਹਨ ਕਿ ਇਹ ਉਤਪਾਦ ਸਿਹਤ ਪੱਖੋਂ ਬਹੁਤ ਵਧੀਆ ਹੈ। ਆਈ.ਸੀ.ਐੱਮ.ਆਰ. ਤਹਿਤ ਕੰਮ ਕਰਨ ਵਾਲੇ ਹੈਦਰਾਬਾਦ ਸਥਿਤ ਰਾਸ਼ਟਰੀ ਪੋਸ਼ਣ ਸੰਸਥਾਨ (ਐੱਨ.ਆਈ.ਐੱਨ.) ਵੱਲੋਂ ਭਾਰਤੀਆਂ ਲਈ ਜਾਰੀ ਭੋਜਨ ਸਬੰਧੀ ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਭਾਰਤੀ ਖ਼ੁਰਾਕ ਸੰਭਾਲ ਤੇ ਮਾਪਦੰਡ ਅਥਾਰਟੀ (ਐੱਫ.ਐੱਸ.ਐੱਸ.ਏ.ਆਈ.) ਦੇ ਸਖ਼ਤ ਨਿਯਮ ਹਨ ਪਰ ਲੇਬਲ ’ਤੇ ਲਿਖੀ ਸੂਚਨਾ ਭਰਮਾਊ ਹੋ ਸਕਦੀ ਹੈ। ਐੱਨ.ਆਈ.ਐੱਨ. ਨੇ ਕੁਝ ਉਦਾਹਰਨਾਂ ਦਿੰਦਿਆਂ ਕਿਹਾ ਕਿ ਕਿਸੇ ਖ਼ੁਰਾਕੀ ਉਤਪਾਦ ਨੂੰ ਉਦੋਂ ਹੀ ਕੁਦਰਤੀ ਕਿਹਾ ਜਾ ਸਕਦਾ ਹੈ ਜਦੋਂ ਉਸ ’ਚ ਕੋਈ ਰੰਗ ਤੇ ਸੁਆਦ (ਫਲੇਵਰ) ਜਾਂ ਬਨਾਉਟੀ ਪਦਾਰਥ ਨਾ ਮਿਲਾਇਆ ਗਿਆ ਹੋਵੇ ਤੇ ਉਹ ਘੱਟੋ-ਘੱਟ ਪ੍ਰੋਸੈਸਿੰਗ ’ਚੋਂ ਲੰਘਿਆ ਹੋਵੇ। ਇਸ ’ਚ ਕਿਹਾ ਗਿਆ ਹੈ ਕਿ ਕੁਦਰਤੀ ਸ਼ਬਦ ਦੀ ਵਰਤੋਂ ਆਮ ਤੌਰ ’ਤੇ ਧੜੱਲੇ ਨਾਲ ਕੀਤੀ ਜਾਂਦੀ ਹੈ। ਇਹ ਕਿਸੇ ਮਿਸ਼ਰਣ ’ਚ ਇਕ ਜਾਂ ਦੋ ਕੁਦਰਤੀ ਸਮੱਗਰੀਆਂ ਦੀ ਪਛਾਣ ਲਈ ਮੈਨੂਫੈਕਚਰਰਜ਼ ਵੱਲੋਂ ਅਕਸਰ ਵਰਤਿਆ ਜਾਂਦਾ ਹੈ ਤੇ ਇਹ ਭਰਮਾਊ ਹੋ ਸਕਦਾ ਹੈ। ਐੱਨ.ਆਈ.ਐੱਨ. ਨੇ ਲੋਕਾਂ ਨੂੰ ਲੇਬਲ ਖ਼ਾਸ ਤੌਰ ’ਤੇ ਸਮੱਗਰੀ ਤੇ ਹੋਰ ਜਾਣਕਾਰੀ ਬਾਰੇ ਸਾਵਧਾਨੀ ਨਾਲ ਪੜ੍ਹਨ ਦੀ ਅਪੀਲ ਕੀਤੀ ਹੈ। ਇਸੇ ਤਰ੍ਹਾਂ ‘ਮੇਡ ਵਿਦ ਹੋਲ ਗ੍ਰੇਨ’ ਲਈ ਇਸ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਸ਼ਬਦਾਂ ਦੀ ਵੀ ਗ਼ਲਤ ਵਿਆਖਿਆ ਕੀਤੀ ਜਾ ਸਕਦੀ ਹੈ। ਐੱਨ.ਆਈ.ਐੱਨ. ਨੇ ਕਿਹਾ, ‘ਸ਼ੂਗਰ-ਫ੍ਰੀ ਖ਼ੁਰਾਕੀ ਪਦਾਰਥਾਂ ’ਚ ਚਰਬੀ, ਰਿਫਾਈਨਡ ਅਨਾਜ (ਸਫੈਦ ਆਟਾ, ਸਟਾਰਚ) ਮਿਲਿਆ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਭਾਰਤੀਆਂ ਲਈ ਭੋਜਨ ਸਬੰਧੀ ਦਿਸ਼ਾ-ਨਿਰਦੇਸ਼ ਆਈ.ਸੀ.ਐੱਮ.ਆਰ.-ਐੱਨ.ਆਈ.ਐੱਨ. ਦੀ ਡਾਇਰੈਕਟਰ ਡਾ. ਹੇਮਲਤਾ ਆਰ ਦੀ ਅਗਵਾਈ ਵਾਲੀ ਮਾਹਰਾਂ ਦੀ ਕਮੇਟੀ ਵੱਲੋਂ ਤਿਆਰ ਕੀਤੇ ਗਏ ਹਨ। ਇਸ ’ਚ ਸਰੀਰਕ ਗਠਨ ਲਈ ਵਰਤੇ ਜਾਣ ਵਾਲੇ ਪ੍ਰੋਟੀਨ ਸਪਲੀਮੈਂਟਾਂ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਆਈ.ਸੀ.ਐੱਮ.ਆਰ. ਦਾ ਕਹਿਣਾ ਹੈ ਕਿ ਇਕ ਅਨੁਮਾਨ ਮੁਤਾਬਕ, ਦੇਸ਼ ’ਚ 56.4 ਫ਼ੀਸਦੀ ਬਿਮਾਰੀਆਂ ਗ਼ਲਤ ਖਾਣ-ਪੀਣ ਕਾਰਨ ਹੁੰਦੀਆਂ ਹਨ। ਅਸਲੀ ਫਲ ਜਾਂ ਫਲਾਂ ਦੇ ਰਸ ਦੇ ਦਾਅਵੇ ਬਾਰੇ ਐੱਨ.ਆਈ.ਐੱਨ. ਨੇ ਕਿਹਾ ਕਿ ਐੱਫ.ਐੱਸ.ਐੱਸ.ਏ.ਆਈ. ਦੇ ਨਿਯਮ ਮੁਤਾਬਕ, ਕੋਈ ਵੀ ਖ਼ੁਰਾਕੀ ਪਦਾਰਥ ਭਾਵੇਂ ਉਹ ਬਹੁਤ ਘੱਟ ਮਾਤਰਾ ’ਚ ਹੋਵੇ, ਉਦਾਹਰਨ ਲਈ ਸਿਰਫ਼ 10 ਫ਼ੀਸਦੀ ਜਾਂ ਉਸ ਤੋਂ ਘੱਟ ਫਲ ਤੱਤ ਵਾਲੇ ਉਤਪਾਦ ਨੂੰ ਇਹ ਲਿਖਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਕਿ ਉਹ ਫਲਾਂ ਦੇ ਗੁੱਦੇ ਜਾਂ ਰਸ ਤੋਂ ਬਣਿਆ ਹੈ। ‘ਰੀਅਲ ਫਰੂਟ’ ਹੋਣ ਦਾ ਦਾਅਵਾ ਕਰਨ ਵਾਲੇ ਉਤਪਾਦ ’ਚ ਖੰਡ ਤੇ ਹੋਰ ਤੱਤ ਮਿਲੇ ਹੋ ਸਕਦੇ ਹਨ ਤੇ ਉਸ ’ਚ ਅਸਲੀ ਫਲ ਦਾ ਸਿਰਫ਼ 10 ਫ਼ੀਸਦੀ ਤੱਤ ਹੋ ਸਕਦਾ ਹੈ।