ਬ੍ਰਿਸਬੇਨ ਹਵਾਈ ਅੱਡੇ ‘ਤੇ ਸੁਰੱਖਿਆ ਵਿੱਚ ਇੱਕ ਤਕਨੀਕੀ ਨੁਕਸ ਦੇ ਕਾਰਣ ਹਜ਼ਾਰਾਂ ਲੋਕਾਂ ਦੀ ਦੁਬਾਰਾ ਜਾਂਚ ਦੇ ਕਾਰਣ ਯਾਤਰੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸ੍ਹਾਮਣਾ ਕਰਨਾ ਪਿਆ ਹੈ।
ਘਰੇਲੂ ਟਰਮੀਨਲ ‘ਤੇ ਸੋਮਵਾਰ ਨੂੰ ਇੱਕ ਮੈਟਲ ਡਿਟੈਕਟਰ ਵਿੱਚ ਨੁਕਸ ਪਾਇਆ ਗਿਆ, ਜਿਸ ਕਾਰਣ ਉੱਥੋਂ ਰਵਾਨਾ ਹੋਣ ਵਾਲੀਆਂ ਲਗਭਗ 10 ਉਡਾਣਾਂ ਵਿੱਚ ਇੱਕ ਘੰਟਾ ਜਾਂ ਇਸ ਤੋਂ ਵੱਧ ਦੀ ਦੇਰੀ ਹੋਈ। ਜਿਸ ਕਾਰਣ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸ੍ਹਾਮਣਾ ਕਰਨਾ ਪਿਆ। ਇਸ ਨਾਲ ਅੰਤਰਰਾਸ਼ਟਰੀ ਟਰਮੀਨਲ ‘ਤੇ ਉਡਾਣਾਂ ਪ੍ਰਭਾਵਿਤ ਨਹੀਂ ਹੋਈਆਂ ਹਨ।
ਬ੍ਰਿਸਬੇਨ ਹਵਾਈ ਅੱਡੇ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ, ‘ਟਰਮੀਨਲ ਦੇ ਅੰਦਰ ਹਰ ਕਿਸੇ ਦੀ ਦੁਬਾਰਾ ਜਾਂਚ ਕਰਨੀ ਪਈ। ਨੁਕਸ ਜਲਦੀ ਪਛਾਣ ਲਿਆ ਗਿਆ ਅਤੇ ਸੁਰੱਖਿਆ ਲਈ ਕੋਈ ਖ਼ਤਰਾ ਨਹੀਂ ਹੈ। ਹਾਲਾਂਕਿ, ਸਾਰੇ ਯਾਤਰੀਆਂ ਅਤੇ ਸਟਾਫ ਦੀ ਦੁਬਾਰਾ ਜਾਂਚ ਕਰਨ ਵਿੱਚ ਕੁਝ ਸਮਾਂ ਲੱਗੇਗਾ, ਜਿਸ ਕਾਰਣ ਉਡਾਣਾਂ ਵਿੱਚ ਦੇਰੀ ਹੋ ਸਕਦੀ ਹੈ। ਅਸੀਂ ਅਸੁਵਿਧਾ ਲਈ ਮੁਆਫ਼ੀ ਚਾਹੁੰਦੇ ਹਾਂ ਅਤੇ ਯਾਤਰੀਆਂ ਦੇ ਸਬਰ ਅਤੇ ਸਮਝ ਲਈ ਧੰਨਵਾਦ ਕਰਦੇ ਹਾਂ। ਸਾਡੀ ਦੇਖਭਾਲ ਟੀਮ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਅਤੇ ਉਹ ਯਾਤਰੀਆਂ ਦੀ ਸਹਾਇਤਾ ਲਈ ਮੌਜੂਦ ਹੈ।”