ਨਾਂਦੇੜ- ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਹਰ ਸਾਲ ਦੀ ਤਰ੍ਹਾਂ ਬੰਦੀਛੋੜ ਦਿਵਸ ਦੀਪਮਾਲਾ ਤਿਉਹਾਰ ਬੜੇ ਉਤਸ਼ਾਹ, ਸ਼ਰਧਾ ਭਾਵਨਾ ਤੇ ਚੜ੍ਹਦੀ ਕਲਾ ਨਾਲ ਮਨਾਇਆ ਗਿਆ। ਗੁਰਦੁਆਰਾ ਸੱਚਖੰਡ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਨੇ ਦੱਸਿਆ ਕਿ ਬੰਦੀਛੋੜ ਦਿਵਸ ਸਮੇਂ ਦੁਨੀਆਂ ਭਰ ਤੋਂ ਪੁੱਜੇ ਸ਼ਰਧਾਲੂਆਂ ਨੇ ਤਖ਼ਤ ਸਾਹਿਬ ਵਿਖੇ ਦੀਵੇ ਬਾਲ ਕੇ ਗੁਰੂ ਮਹਾਰਾਜ ਪ੍ਰਤੀ ਆਪਣੀ ਸ਼ਰਧਾ ਅਤੇ ਪਿਆਰ ਦਾ ਪ੍ਰਗਟਾਵਾ ਕੀਤਾ। ਪੁਰਾਤਨ ਚਲੀ ਆ ਰਹੀ ਮਰਿਯਾਦਾ ਅਨੁਸਾਰ ਮਿਤੀ 2 ਨਵੰਬਰ 2024 ਨੂੰ ਮਹੱਲੇ ਦੇ ਸਨਮਾਨ ਵਿੱਚ ਤੋਪ ਦੇ ਫਾਇਰ ਕੀਤੇ ਗਏ। ਮਾਨਯੋਗ ਜੱਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ, ਸਮੂੰਹ ਪੰਜ ਪਿਆਰੇ ਸਾਹਿਬਾਨ ਦੀ ਰਾਹਨੁਮਾਈ ਹੇਠ ਪੁਰਾਤਨ ਚਲੀ ਆ ਰਹੀ ਮਰਯਾਦਾ ਅਨੁਸਾਰ ਤਖ਼ਤ ਸਾਹਿਬ ਤੋਂ ਬਾਅਦ ਦੁਪਹਿਰ ਚਾਰ ਵਜੇ ਤਖ਼ਤ ਸਾਹਿਬ ਜੀ ਦੇ ਮੀਤ ਜਥੇਦਾਰ ਸਿੰਘ ਸਾਹਿਬ ਭਾਈ ਜੋਤਿੰਦਰ ਸਿੰਘ ਜੀ ਨੇ ਮਹੱਲੇ ਦੀ ਆਰੰਭਤਾ ਅਰਦਾਸ ਕੀਤੀ ਜਿਸ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਦੀਪਮਾਲਾ ਮਹੱਲਾ ਪੂਰੀ ਸੱਜ ਧੱਜ ਤੇ ਸ਼ਾਨੋ ਸ਼ੌਕਤ ਨਾਲ ਕੱਢਿਆ ਗਿਆ । ਜਿਸ ਵਿੱਚ ਨਿਸ਼ਾਨਚੀ ਸਿੰਘ, ਗੁਰੂ ਮਹਾਰਾਜ ਦੇ ਤਬੇਲੇ ਵਿਚੋਂ ਸੋਨਾ ਚਾਂਦੀ ਜੜਤ ਕਾਠੀ ਵਾਲੇ ਘੋੜੇ, ਨਗਾਰਚੀ ਸਿੰਘ, ਗੁਰੂ ਕੀਆਂ ਲਾਡਲੀਆਂ ਫੌਜ਼ਾਂ, ਹਜੂਰੀ ਖਾਲਸਾ, ਸ਼ਬਦ ਕੀਰਤਨੀ ਮੰਡਲੀਆਂ, ਗਤਕਾ, ਬੈਂਡ ਪਾਰਟੀਆਂ ਅਤੇ ਦੇਸ਼ ਭਰ ਤੋਂ ਸ਼ਰਧਾਲੂ ਸ਼ਾਮਿਲ ਹੋਏ । ”ਖ਼ਾਲਸਾ ਹੱਲਾ ਬੋਲ ਚੌਕ” ਵਿੱਚ ਪੁਰਾਤਨ ਚਲੀ ਆ ਰਹੀ ਮਰਿਯਾਦਾ ਅਨੁਸਾਰ “ਹੱਲੇ ਦੀ ਅਰਦਾਸ ਹੋਈ । ਹੱਲੇ ਦੀ ਇਹ ਵਿਲੱਖਣ ਮਰਿਯਾਦਾ ਪੁਰਾਤਨ ਸਮੇਂ ਗੁਰੂ ਕੇ ਖਾਲਸੇ ਵਲੋਂ ਲੜੇ ਗਏ ਯੁੱਧਾਂ ਦੀ ਯਾਦ ਨੂੰ ਤਾਜ਼ਾ ਕਰਵਾਉਂਦੀ ਹੈ। ਇਸ ਤੋਂ ਬਾਅਦ ਦੀਪਮਾਲਾ ਮਹੱਲਾ ਗੁਰਦੁਆਰਾ ਬਉਲੀ ਦਮਦਮਾ ਸਾਹਿਬ, ਬਾਫਨਾ ਚੌਕ, ਸ਼ਹੀਦ ਭਗਤ ਸਿੰਘ ਰੋਡ, ਅਬਿਚਲਨਗਰ ਅਤੇ ਮੋਢਾ ਤੋਂ ਹੁੰਦਾ ਹੋਇਆ ਗੁਰਦੁਆਰਾ ਨਗੀਨਾਘਾਟ ਸਾਹਿਬ ਵਿਖੇ ਪੁੱਜਿਆ। ਏਥੇ ਥੋੜੇ ਵਿਸ਼ਰਾਮ ਉਪਰੰਤ ਤਕਰੀਬਨ ਰਾਤ 10.30 ਵਜੇ ਤਖ਼ਤ ਸਾਹਿਬ ਵਿਖੇ ਵਾਪਿਸ ਪਹੁੰਚਿਆ ।
ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਜੀ, ਸ੍ਰ: ਜਸਵੰਤ ਸਿੰਘ ਬੌਬੀ ਨੇ ਬੰਦੀਛੋੜ ਦਿਵਸ ਦੀਪਮਾਲਾ ਮਹੱਲਾ ਵਿੱਚ ਸ਼ਾਮਲ ਹੋਈਆਂ ਸਮੂੰਹ ਪੰਥਕ ਜਥੇਬੰਦੀਆਂ, ਸੰਤ ਮਹਾਂਪੁਰਸ਼ ਤੇ ਹਜੂਰੀ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਵਧਾਈਆਂ ਦਿੱਤੀਆਂ ।