ਮਾਨਸਾ – ਇਸ ਇਲਾਕੇ ਦੇ ਪਿੰਡ ਕਰਮਗੜ੍ਹ ਔਤਾਂਵਾਲੀ ਅਤੇ ਤਲਵੰਡੀ ਅਕਲੀਆ ਦੀ ਹੱਦ ਵਿਚਕਾਰ ਲੱਗਣ ਜਾ ਰਹੀ ਐਸ.ਜੇ.ਐਸ. ਡਬਲਯੂ ਸੀਮੇਂਟ ਫੈਕਟਰੀ ਦੇ ਖਿਲਾਫ ਆਲੇ-ਦੁਆਲੇ ਦੇ ਪਿੰਡਾਂ ਦੀ 21 ਮੈਂਬਰੀ ਸੰਘਰਸ਼ ਕਮੇਟੀ ਤਲਵੰਡੀ ਅਕਲੀਆ (ਮਾਨਸਾ) ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ, ਪਿੰਡ ਕਰਮਗੜ੍ਹ ਔਤਾਂਵਾਲੀ, ਮਾਖਾ, ਤਲਵੰਡੀ ਅਕਲੀਆ, ਦਲੀਏਵਾਲੀ ਦੀਆਂ ਪੰਚਾਇਤਾਂ ਅਤੇ ਗ੍ਰਾਮ ਸਭਾਵਾਂ ਦੇ ਮਤੇ ਲੈ ਕੇ ਪਹੁੰਚੀ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫ਼ਤਰ ਵਿਖੇ ਮੈਂਬਰ ਸਕੱਤਰ ਗੁਰਿੰਦਰ ਸਿੰਘ ਮਜੀਠੀਆ ਅਤੇ ਆਰ.ਕੇ. ਨਾਇਰ ਚੀਫ ਵਾਤਾਵਰਣ ਇੰਜੀਨੀਅਰ ਬਠਿੰਡਾ ਨਾਲ ਸਾਂਝੇ ਰੂਪ ਵਿੱਚ ਸਾਰੇ ਪਿੰਡਾਂ ਦੇ ਵਫਦ ਨੇ ਮੁਲਾਕਾਤ ਕੀਤੀ ਅਤੇ ਤਜਵੀਜਨ ਸੀਮੇਂਟ ਫੈਕਟਰੀ ਖਿਲਾਫ ਪੰਚਾਇਤੀ ਮਤੇ ਸੌਂਪੇ।
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸੀਮੇਂਟ ਫੈਕਟਰੀ ਲੱਗਣ ਨਾਲ ਮਨੁੱਖੀ ਜਨ ਜੀਵਨ ਤੇ ਖਤਰਨਾਕ ਪ੍ਰਭਾਵ ਪੈਣਗੇ, ਕਿਉਂਕਿ ਇਹ ਫੈਕਟਰੀ ਕਰਮਗੜ੍ਹ ਔਂਤਾਂਵਾਲੀ ਅਤੇ ਤਲਵੰਡੀਆ ਅਕਲੀਆਂ ਦੇ ਵਿਚਕਾਰ ਲੱਗਣ ਜਾ ਰਹੀ ਹੈ। ਇੱਥੋਂ ਦੇ ਲੋਕ ਪਹਿਲਾ ਹੀ ਤਲਵੰਡੀ ਸਾਬੋ ਪਾਵਰ ਲਿਮ: ਥਰਮਲ ਪਲਾਂਟ ਵੱਲੋਂ ਕੀਤੇ ਜਾਂਦੇ ਪ੍ਰਦੂਸ਼ਣ ਅਤੇ ਸੁੱਟੀ ਜਾਂਦੀ ਰਾਖ ਕਾਰਨ ਪੀੜਤ ਹਨ। ਲੋਕ ਪਹਿਲਾ ਚਮੜੀ, ਕੈਂਸਰ, ਸਾਹ ਦਮੇ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਇਹ ਸੀਮੇਂਟ ਫੈਕਟਰੀ ਲੱਗਦੀ ਹੈ ਤਾਂ ਇਹਨਾਂ ਪਿੰਡਾਂ ਦਾ ਉਜਾੜਾ ਤੈਅ ਹੈ, ਕਿਉਂਕਿ ਆਲੇ ਦੁਆਲੇ ਹੋਰ ਵੀ ਇੱਕ ਦੋ ਛੋਟੀਆਂ ਵੱਡੀਆਂ ਫੈਕਟਰੀਆਂ ਪਹਿਲਾ ਹੀ ਹਨ। 21 ਮੈਂਬਰੀ ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਦੇ ਸਮੂਹ ਵਾਤਾਵਰਣ ਪ੍ਰੇਮੀਆਂ ਨੂੰ ਅਪੀਲ ਕੀਤੀ ਅਤੇ ਖੁੱਲ੍ਹਾ ਸੱਦਾ ਦਿੱਤਾ ਕਿ ਲੱਗਣ ਜਾ ਰਹੀ ਸੀਮੇਂਟ ਫੈਕਟਰੀ ਖਿਲਾਫ ਪੀੜਤ ਲੋਕਾਂ ਦਾ ਸਾਥ ਦੇਣ। ਸਥਾਨਕ ਪਿੰਡਾਂ ਦੇ ਲੋਕਾਂ ਨੇ ਸੰਯੁਕਤ ਕਿਸਾਨ ਮੋਰਚਾ, ਪੰਜਾਬ ਅਤੇ ਸੰਯੁਕਤ ਕਿਸਾਨ ਮੋਰਚਾ,(ਗੈਰ ਰਾਜਨੀਤਿਕ) ਦੇ ਸਟੇਟ ਪੱਧਰੀ ਆਗੂਆਂ ਨੂੰ ਇਸ ਦਾ ਨੋਟਿਸ ਲੈਣ ਲਈ ਬੇਨਤੀ ਕੀਤੀ ਤਾਂ ਲੋਕਾਂ ਦਾ ਉਜਾੜਾ ਰੋਕਿਆ ਜਾ ਸਕੇ। 21 ਮੈਂਬਰੀ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ, ਮੀਤ ਪ੍ਰਧਾਨ ਗੁਰਮੇਲ ਸਿੰਘ, ਸੈਕਟਰੀ ਮਨਪ੍ਰੀਤ ਸਿੰਘ, ਮੀਡੀਆ ਇੰਚਾਰਜ ਖੁਸ਼ਵੀਰ ਸਿੰਘ, ਐਡਵੋਕੇਟ ਰਾਜਦੀਪ ਸਿੰਘ ਕਰਮਗੜ੍ਹ ਔਤਾਂਵਾਲੀ, ਕਾਕਾ ਪ੍ਰਧਾਨ ਤਲਵੰਡੀ ਅਕਲੀਆ ਨੇ ਕਿਹਾ ਕਿ ਆਉਂਣ ਵਾਲੇ ਸਮੇਂ ਵਿੱਚ ਉਹ ਆਪਣੀ ਗੁਹਾਰ ਗਰੀਨ ਟ੍ਰਿਬਿਊਨਲ ਤੱਕ ਵੀ ਲਗਾਉਂਣਗੇ। ਕਮੇਟੀ ਮੈਂਬਰਾਂ ਨੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਮਤੇ ਪਾ ਕੇ ਪੀੜਤ ਲੋਕਾਂ ਦਾ ਸਾਥ ਦਿੱਤਾ ਹੈ। ਆਉਂਣ ਵਾਲੇ ਸਮੇਂ ਵਿੱਚ ਹਾਈਕੋਰਟ ਜਾਂ ਸੁਪਰੀਮ ਕੋਰਟ ਵਿੱਚ ਜਨ ਹਿੱਤ ਅਗਾਊ ਪਟੀਸ਼ਨ ਪਾਉਂਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸੀਮੇਂਟ ਫੈਕਟਰੀ ਕਿਸੇ ਵੀ ਕੀਮਤ ‘ਤੇ ਲੱਗਣ ਨਹੀਂ ਦਿੱਤੀ ਜਾਵੇਗੀ।