ਤਰਨਤਾਰਨ – ਬੁੱਧਵਾਰ ਨੂੰ ਤਮਿਲਨਾਡੂ ’ਚ ਹੈਲੀਕਾਪਟਰ ਹਾਦਸੇ ’ਚ ਜਾਨ ਗੁਆਉਣ ਵਾਲੇ ਭਾਰਤੀ ਫ਼ੌਜ ਦੇ ਨਾਇਕ ਗੁਰਸੇਵਕ ਸਿੰਘ ਦਾ ਮ੍ਰਿਤਕ ਸਰੀਰ ਪਿੰਡ ਦੋਦੇ ਸੋਢੀਆ ’ਚ ਪਹੁੰਚ ਗਿਆ ਹੈ। ਇਲਾਕੇ ਦੇ ਲੋਕਾਂ ਨੂੰ ਨਾਇਕ ਦੇ ਅੰਤਿਮ ਦਰਸ਼ਨ ਕਰਵਾਏ ਜਾਣਗੇ ਅਤੇ ਸੈਨਿਕ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਹੋਣਗੀਆਂ। ਸੀਡੀਐੱਸ ਜਨਰਲ ਬਿਪਿਨ ਰਾਵਤ ਦੇ ਨਾਲ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਏ ਨਾਇਕ ਗੁਰਸੇਵਕ ਸਿੰਘ ਨੇ ਸਾਲ 2004 ’ਚ ਫ਼ੌਜ ਜੁਆਇਨ ਕੀਤੀ ਸੀ। ਦੋ ਬੇਟੀਆਂ ਅਤੇ ਇਕ ਮਾਸੂਮ ਬੇਟੇ ਦੇ ਬਾਪ ਗੁਰਸੇਵਕ ਸਿੰਘ ਦੀ 8 ਦਸੰਬਰ ਨੂੰ ਤਮਿਲਨਾਡੂ ਹਾਦਸੇ ’ਚ ਜਾਨ ਚਲੀ ਗਈ ਸੀ ਅਤੇ ਬਾਅਦ ’ਚ ਮ੍ਰਿਤਕ ਸਰੀਰ ਦੀ ਪਛਾਣ ਲਈ ਫ਼ੌਜ ਨੇ ਉਸਦੇ ਪਿਤਾ ਕਾਬਲ ਸਿੰਘ ਦਾ ਡੀਐੱਨਏ ਟੈਸਟ ਸੈਂਪਲ ਲਿਆ ਸੀ। ਪੰਜ ਦਿਨ ਦੇ ਇੰਤਜ਼ਾਰ ਤੋਂ ਬਾਅਦ ਉਨ੍ਹਾਂ ਦੀ ਪਤਨੀ ਜਸਪ੍ਰੀਤ ਕੌਰ ਸਿਪਾਹੀ ਨਾਇਕ ਗੁਰਸੇਵਕ ਸਿੰਘ ਦੀ ਦੇਹ ਦੇ ਅੰਤਿਮ ਦਰਸ਼ਨ ਕਰ ਸਕੇਗੀ। ਪਿੰਡ ਵਾਸੀਆਂ ਵੀ ਪੰਜ ਭਰਾਵਾਂ ਅਤੇ ਦੋ ਭੈਣਾਂ ਦੇ ਭਰਾ ਗੁਰਸੇਵਕ ਸਿੰਘ ਦੀ ਦੇਹ ਦੇ ਅੰਤਿਮ ਦਰਸ਼ਨ ਕਰਨਗੇ। ਖੇਮਕਰਨ ਦੇ ਪਿੰਡ ਦੋਦੇ ਸੋਢੀਆ ਵਾਸੀ ਗੁਰਸੇਵਕ ਸਿੰਘ ਦੇ ਭਰਾ ਗੁਰਬਖਸ਼ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਫੌਜ ਤੋਂ ਸੂਚਨਾ ਮਿਲੀ ਸੀ ਕਿ ਗੁਰਸੇਵਕ ਸਿੰਘ ਸਮੇਤ ਪੰਜ ਜਵਾਨਾਂ ਦਾ ਡੀਐਨਏ ਟੈਸਟ ਕਰਵਾਉਣ ਤੋਂ ਬਾਅਦ ਲਾਸ਼ ਦੀ ਸ਼ਨਾਖਤ ਦਾ ਕੰਮ ਸ਼ੁਰੂ ਪੂਰਾ ਕੀਤਾ ਗਿਆ ਹੈ। ਫੌਜੀ ਕਾਰਵਾਈ ਤੋਂ ਬਾਅਦ ਗੁਰਸੇਵਕ ਸਿੰਘ ਦੀ ਦੇਹ ਨੂੰ ਦਿੱਲੀ ਤੋਂ ਤਰਨਤਾਰਨ ਲਿਆਂਦਾ ਜਾਵੇਗਾ। ਤਰਨਤਾਰਨ ਦੇ ਡੀਸੀ ਕੁਲਵੰਤ ਸਿੰਘ, ਐਸਐਸਪੀ ਹਰਵਿੰਦਰ ਸਿੰਘ ਵਿਰਕ, ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਤੋਂ ਇਲਾਵਾ ਫੌਜ ਦੇ ਅਧਿਕਾਰੀ ਗੁਰਸੇਵਕ ਸਿੰਘ ਨੂੰ ਅੰਤਿਮ ਸ਼ਰਧਾਂਜਲੀ ਦੇਣਗੇ।ਧੀਆਂ ਸਿਮਰਤ ਕੌਰ, ਗੁਰਲੀਨ ਕੌਰ ਅਤੇ ਬੇਟੇ ਗੁਰਫਤਿਹ ਸਿੰਘ ਨੂੰ ਗੋਦੀ ਵਿੱਚ ਲੈ ਕੇ ਜਸਪ੍ਰੀਤ ਕੌਰ ਰਾਤ ਭਰ ਗੁਰਸੇਵਕ ਸਿੰਘ ਦੀਆਂ ਤਸਵੀਰਾਂ ਦੇਖਦੀ ਰਹੀ। ਕਈ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੇ ਰੋਟੀ ਨਹੀਂ ਚੁੱਕੀ। ਜਸਪ੍ਰੀਤ ਵਾਰ-ਵਾਰ ਇੱਕੋ ਗੱਲ ਆਖਦੀ ਰਹੀ ਕਿ ਮੇਰਾ ਸੇਵਕ ਆਵੇਗਾ, ਮੈਂ ਬਹੁਤ ਗੱਲਾਂ ਕਰਨੀਆਂ ਨੇ, ਉਹਨਾਂ ਨੇ ਮੇਰੇ ਮੁੰਡੇ ਲਈ ਫੌਜ ਦੀ ਵਰਦੀ ਵੀ ਲੈ ਕੇ ਆਉਣੀ ਐ।